ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਤੇ ਕਪਤਾਨ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਇਸ ਸਮੇਂ ਇੰਗਲੈਂਡ ਦੀ ਟੀਮ ਦੇ ਬੱਲੇਬਾਜ਼ ਟੀਮ ਇੰਡੀਆ ਦੇ ਮੌਜੂਦਾ ਗੇਂਦਬਾਜ਼ੀ ਹਮਲੇ ਤੋਂ ਕਾਫੀ ਹੈਰਾਨ ਹਨ ਤੇ ਸਿਰਫ਼ ਕਪਤਾਨ ਜੋ ਰੂਟ ਹੀ ਭਾਰਤ ਖ਼ਿਲਾਫ਼ ਸੈਂਕੜਾ ਲਾਉਣ ਦੇ ਯੋਗ ਦਿਖਾਈ ਦੇ ਰਹੇ ਹਨ। ਪੀਟੀਆਈ ਨੂੰ ਦਿੱਤੀ ਇਕ ਇੰਟਰਵਿਊ ਵਿਚ ਸਚਿਨ ਨੇ ਭਾਰਤੀ ਟੀਮ ਦੀ ਲਾਰਡਜ਼ ਵਿਚ ਜਿੱਤ ਨੂੰ ਲੈ ਕੇ ਕਈ ਪਹਿਲੂਆਂ ’ਤੇ ਗੱਲ ਕੀਤੀ। ਤੇਂਦੁਲਕਰ ਨੇ ਕਿਹਾ ਕਿ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਟਾਸ ਜਿੱਤਣ ਤੋਂ ਬਾਅਦ ਜਦ ਭਾਰਤ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ ਤਾਂ ਉਨ੍ਹਾਂ ਨੇ ਹੈਰਾਨ ਹੋਣ ਦੇ ਨਾਲ ਇਹ ਵੀ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਟੀਮ ਭਾਰਤ ਦੇ ਤੇਜ਼ ਗੇਂਦਬਾਜ਼ੀ ਹਮਲੇ ਤੋਂ ਘਬਰਾ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਹੈਰਾਨ ਸੀ ਤੇ ਮੈਨੂੰ ਲੱਗਾ ਕਿ ਇਹ ਆਪਣੇ ਆਪ ਵਿਚ ਇਕ ਸੰਕੇਤ ਸੀ ਕਿ ਇੰਗਲੈਂਡ ਸਾਡੇ ਤੇਜ਼ ਗੇਂਦਬਾਜ਼ਾਂ ਨੂੰ ਲੈ ਕੇ ਚਿੰਤਤ ਸੀ। ਸੱਚ ਕਹਾਂ ਤਾਂ ਮੈਂ ਸ਼ੁੱਕਰਵਾਰ ਸਵੇਰੇ ਲਗਭਗ ਅੱਠ ਵਜੇ ਇਕ ਦੋਸਤ ਨੂੰ ਦੱਸਿਆ ਸੀ ਕਿ ਜੇ ਮੌਸਮ ਨੇ ਸਾਥ ਦਿੱਤਾ ਤਾਂ ਅਸੀਂ ਇਹ ਟੈਸਟ ਮੈਚ ਜਿੱਤਾਂਗੇ। ਸਾਡੇ ਸਲਾਮੀ ਬੱਲੇਬਾਜ਼ਾਂ ਨੂੰ ਵੀ ਮਾਣ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਪਹਿਲੀ ਪਾਰੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੰਗਲੈਂਡ ਦੀ ਬੱਲੇਬਾਜ਼ੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਇਸ ਬੱਲੇਬਾਜ਼ੀ ਇਕਾਈ ਵਿਚ ਜੋ ਰੂਟ ਨੂੰ ਛੱਡ ਕੇ ਮੈਂ ਕਿਸੇ ਨੂੰ ਰੈਗੂਲਰ ਤੌਰ ’ਤੇ ਵੱਡੀ ਸੈਂਕੜੇ ਵਾਲੀ ਪਾਰੀ ਖੇਡਦੇ ਹੋਏ ਨਹੀਂ ਦੇਖ ਰਿਹਾ ਹਾਂ। ਸ਼ਾਇਦ ਉਹ ਕਿਸੇ ਮੈਚ ਵਿਚ ਵੱਡਾ ਸਕੋਰ ਬਣਾ ਦੇਣ ਪਰ ਮੈਂ ਰੈਗੂਲਰ ਤੌਰ ’ਤੇ ਅਜਿਹੀ ਪਾਰੀ ਦੀ ਗੱਲ ਕਰ ਰਿਹਾ ਹਾਂ। ਪਹਿਲਾਂ ਦੀਆਂ ਟੀਮਾਂ ਵਿਚ ਏਲਿਸਟੇਅਰ ਕੁਕ, ਮਾਈਕਲ ਵਾਨ, ਕੇਵਿਨ ਪੀਟਰਸਨ, ਇਆਨ ਬੈੱਲ, ਜੋਨਾਥਨ ਟ੍ਰਾਟ, ਐਂਡਰਿਊ ਸਟ੍ਰਾਸ ਵਰਗੇ ਕਈ ਖਿਡਾਰੀ ਸਨ ਜੋ ਲਗਾਤਾਰ ਚੰਗਾ ਖੇਡਦੇ ਸਨ। ਮੈਨੂੰ ਲਗਦਾ ਹੈ ਕਿ ਕਮਜ਼ੋਰ ਬੱਲੇਬਾਜ਼ੀ ਕਾਰਨ ਰੂਟ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਟੈਸਟ ਵਿਚ ਇੰਗਲੈਂਡ ਨੂੰ 151 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ।