ਨਵੀਂ ਦਿੱਲੀ – ਕੇਰਲ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਕਮੀ ਆ ਰਹੀ ਹੈ ਤਾਂ ਪੂਰਬ-ਉੱਤਰ ਦੇ ਸੂਬੇ ਮਿਜ਼ੋਰਮ ਤੇ ਪੁੱਡੂਚੇਰੀ ’ਚ ਮਾਮਲੇ ਵੱਧਣ ਲੱਗੇ ਹਨ। ਮਿਜ਼ੋਰਮ ਦੀ ਸਥਿਤੀ ਹੋਰ ਵੀ ਗੰਭੀਰ ਹੈ, ਕਿਉਂਕਿ ਉੱਥੇ ਵੱਡੀ ਗਿਣਤੀ ’ਚ ਬੱਚੇ ਮਹਾਮਾਰੀ ਦੀ ਲਪੇਟ ’ਚ ਆ ਰਹੇ ਹਨ। ਹਾਲਾਂਕਿ, ਜੇ ਪੂਰੇ ਦੇਸ਼ ਦੀ ਗੱਲ ਕਰੀਏ ਕੇਰਲ ’ਚ ਮਾਮਲੇ ਘੱਟ ਹੋਣ ਨਾਲ ਮਰੀਜ਼ਾਂ ਦਾ ਅੰਕੜਾ ਘੱਟ ਹੋਇਆ ਹੈ ਤੇ ਪਿਛਲੇ 24 ਘੰਟੇ ਦੌਰਾਨ 25 ਹਜ਼ਾਰ ਤੋਂ ਕੁਝ ਜ਼ਿਆਦਾ ਮਾਮਲੇ ਮਿਲੇ ਹਨ ਤੇ 339 ਲੋਕਾਂ ਦੀ ਜਾਨ ਗਈ ਹੈ। ਜਾਣਕਾਰੀ ਮੁਤਾਬਕ ਮਿਜ਼ੋਰਮ ’ਚ 1502 ਨਵੇਂ ਮਰੀਜ਼ ਮਿਲੇ ਹਨ, ਇਨ੍ਹਾਂ ’ਚ ਤਿੰਨ ਸੌ ਬੱਚੇ ਹਨ। ਛੇ ਹੋਰ ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਤੋਂ ਪਹਿਲਾਂ ਸੂਬੇ ’ਚ ਇਕ ਦਿਨ ’ਚ ਇੰਨੇ ਜ਼ਿਆਦਾ ਮਰੀਜ਼ ਨਹੀਂ ਮਿਲੇ ਸਨ। ਪੁੱਡੂਚੇਰੀ ’ਚ ਵੀ 103 ਨਵੇ ਮਾਮਲੇ ਮਿਲੇ ਹਨ। ਇਕ ਦਿਨ ਪਹਿਲਾਂ 61 ਮਰੀਜ਼ ਮਿਲੇ ਸਨ। ਵੈਸੇ ਤਾਂ ਪੁੱਡੂਚੇਰੀ ’ਚ ਇਨਫੈਕਸ਼ਨ ਦਰ ਦੋ ਫ਼ੀਸਦੀ ਤੋਂ ਹੇਠਾਂ ਹੀ ਹੈ ਪਰ ਇਕ ਦਿਨ ’ਚ ਜਿਸ ਤਰ੍ਹਾਂ ਨਾਲ ਮਰੀਜ਼ਾਂ ਦੀ ਗਿਣਤੀ ’ਚ ਤੇਜ਼ੀ ਆਈ ਹੈ, ਉਹ ਚਿੰਤਾ ਦਾ ਕਾਰਨ ਹੈ। ਉਧਰ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਇਕ ਦਿਨ ’ਚ ਸਰਗਰਮ ਮਾਮਲਿਆਂ ’ਚ 12 ਹਜ਼ਾਰ ਤੋਂ ਜ਼ਿਆਦਾ ਦੀ ਕਮੀ ਦਰਜ ਕੀਤੀ ਗਈ ਹੈ ਤੇ ਮੌਜੂਦਾ ਸਮੇਂ ਸਰਗਰਮ ਕੇਸ 362207 ਰਹਿ ਗਏ ਹਨ ਜੋ ਕੁੱਲ ਮਾਮਲਿਆਂ ਦਾ 1.09 ਫ਼ੀਸਦੀ ਹੈ।