News Breaking News India Latest News

‘ੳ ਅ’ ਵੀ ਨਾ ਲਿਖ ਸਕਣ ਵਾਲੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਦੀ ਨਾਮਜ਼ਦਗੀ ਰੱਦ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਨਾਮਜ਼ਦ ਮੈਂਬਰ ਬਣਨ ਲੀ ਹੁਣ ਪੰਜ ਉਮੀਦਵਾਰ ਮੈਦਾਨ ’ਚ ਰਹਿ ਗਏ ਹਨ। ਕੁਲ ਛੇ ਲੋਕਾਂ ਨੇ ਨਾਮਜ਼ਦਗੀ ਪੱਤਰ ਭਰਿਆ ਸੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇਕ ਉਮੀਦਵਾਰ ਨੂੰ ਗੁਰਮੁਖੀ ਦਾ ਗਿਆਨ ਨਾ ਹੋਣ ਕਾਰਨ ਨਾਮਜ਼ਦਗੀ ਰੱਦ ਕਰ ਦਿੱਤਾ ਗਿਆ ਹੈ। ਬਾਦਲ ਦਲ ਦੇ ਤਿੰਨ ਉਮੀਦਵਾਰ ਹਾਲੇ ਵੀ ਮੈਦਾਨ ’ਚ ਹਨ।

ਕਮੇਟੀ ’ਚ ਦੋ ਨਾਮਜ਼ਦ ਮੈਂਬਰਾਂ ਦੀ ਚੋਣ ਲਈ ਛੇ ਸਤੰਬਰ ਤਕ ਨਾਮਜ਼ਦਗੀਆਂ ਭਰੀਆਂ ਗਈਆਂ ਸਨ। ਸੋਮਵਾਰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਗਈ। ਜਗ ਆਸਰਾ ਗੁਰੂ ਓਟ (ਜਾਗੋ) ਦੇ ਉਮੀਦਵਾਰ ਪਰਮਿੰਦਰ ਪਾਲ ਸਿੰਘ ਨੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਅਕਾਲੀ ਦਲ ਬਾਦਲ ਦੇ ਉਮੀਦਵਾਰ ਰਵਿੰਦਰ ਸਿੰਘ ਅਹੂਜਾ ਖ਼ਿਲਾਫ਼ ਗੁਰਮੁਖੀ ਦਾ ਗਿਆਨ ਨਾ ਹੋਣ ਦੀ ਲਿਖਤੀ ਸ਼ਿਕਾਇਤ ਕੀਤੀ ਸੀ। ਨਾਮਜ਼ਦਗੀ ਪੱਤਰਾਂ ਦੀ ਜਾਂਚ ਵੇਲੇ ਅਹੂਜਾ ਨੂੰ ਛੱਡ ਕੇ ਹੋਰ ਸਾਰੇ ਪੰਜ ਉਮੀਦਵਾਰ ਮੌਜੂਦ ਸਨ। ਜਾਗੋ ਦੇ ਉਮੀਦਵਾਰ ਨੇ ਮੁੜ ਤੋਂ ਇਹ ਮਾਮਲਾ ਉਠਾਇਆ ਤੇ ਜਿਸ ਤੋਂ ਬਾਅਦ ਨਾਮਜ਼ਦਗੀ ਰੱਦ ਕਰ ਦਿੱਤੀ ਗਈ। ਡੀਐੱਸਜੀਐੱਮਸੀ ਮੈਂਬਰ ਬਣਨ ਲਈ ਗੁਰਮੁਖੀ ਦਾ ਗਿਆਨ ਜ਼ਰੂਰੀ ਹੁੰਦਾ ਹੈ। ਨਾਮਜ਼ਦਗੀ ਵੇਲੇ ਉਮੀਦਵਾਰ ਨੂੰ ਗੁਰਮੁਖੀ ਪੜ੍ਹਨੀ ਤੇ ਲਿਖਣੀ ਪੈਂਦੀ ਹੈ ਜਿਸ ਦੀ ਵੀਡੀਓ ਰਿਕਾਰਡਿੰਗ ਕਰਵਾਈ ਜਾਂਦੀ ਹੈ। ਜਾਗੋ ਦੇ ਉਮੀਦਵਾਰ ਨੇ ਅਕਾਲੀ ਦਲ ਬਾਦਲ ਦੇ ਇਕ ਹੋਰ ਉਮੀਦਵਾਰ ਵਿਕਰਮ ਸਿੰਘ ਰੋਹਿਣੀ ਦੇ ਨਾਮਜ਼ਦਗੀ ਪੱਤਰ ’ਤੇ ਇਤਰਾਜ਼ ਦਰਜ ਕਰਵਾਇਆ ਸੀ ਜਿਸ ਨੂੰ ਖ਼ਾਰਜ ਕਰ ਦਿੱਤਾ ਗਿਆ। ਹੁਣ ਜਾਗੋ ਨੇ ਅਦਾਲਤ ਦਾ ਸਹਾਰਾ ਲੈਣ ਦਾ ਫ਼ੈਸਲਾ ਕੀਤਾ ਹੈ। ਹੁਣ ਅਕਾਲੀ ਦਲ ਬਾਦਲ ਦੇ ਤਿੰਨ, ਅਕਾਲੀ ਦਲ ਦਿੱਲੀ ਦਾ ਇਕ ਤੇ ਜਾਗੋ ਦਾ ਇਕ ਉਮੀਦਵਾਰ ਮੈਦਾਨ ’ਚ ਹਨ। ਅੱਠ ਸਤੰਬਰ ਤਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਨੌਂ ਸਤੰਬਰ ਨੂੰ ਦੋ ਨਾਮਜ਼ਦ ਮੈਂਬਰਾਂ ਦੀ ਚੋਣ ਲਈ ਡੀਐੱਸਜੀਐੱਮਸੀ ਦੇ ਨਵੇਂ ਚੁਣੇ 46 ਮੈਂਬਰਾਂ ਦੀ ਬੈਠਕ ਹੋਵੇਗੀ। ਨਾਮਜ਼ਦ ਮੈਂਬਰ ਬਣਨ ਲਈ ਉਮੀਦਵਾਰ ਨੂੰ 16 ਚੁਣੇ ਹੋਏ ਮੈਂਬਰਾਂ ਦੀ ਹਮਾਇਤ ਜ਼ਰੂਰੀ ਹੈ। ਅਕਾਲੀ ਦਲ ਦਿੱਲੀ (ਸਰਨਾ) ਨੇ ਜਾਗੋ ਦੇ ਤਿੰਨ ਚੁਣੇ ਹੋਏ ਮੈਂਬਰਾਂ ਦੀ ਹਮਾਇਤ ਦਾ ਦਾਅਵਾ ਕੀਤਾ ਸੀ, ਪਰ ਜਾਗੋ ਦੇ ਪਰਮਿੰਦਰ ਪਾਲ ਦੀ ਨਾਮਜ਼ਦਗੀ ਨਾਲ ਮੁਕਾਬਲਾ ਰੋਚਕ ਹੋ ਗਿਆ ਹੈ। ਦੱਸਣਯੋਗ ਹੈ ਕਿ ਸਰਨਾ ਧਿਰ ਜਾਗੋ ਉਮੀਦਵਾਰ ਨੂੰ ਨਾਮਜ਼ਦਗੀ ਵਾਪਸ ਲੈਣ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ’ਚ ਹੈ। ਉਸ ਦੇ 14 ਮੈਂਬਰ ਚੋਣ ਜਿੱਤੇ ਸਨ ਪਰ ਇਕ ਅਦਾਲੀ ਦਲ ਬਾਦਲ ਦੇ ਖੇਮੇ ’ਚ ਚਲਾ ਗਿਆ। ਇਸ ਸਥਿਤੀ ’ਚ ਉਸ ਲਈ ਜਾਗੋ ਦੀ ਹਮਾਇਤ ਜ਼ਰੂਰੀ ਹੈ।

ਇਸੇ ਤਰ੍ਹਾਂ ਨਾਲ ਅਕਾਲੀ ਦਲ ਬਾਦਲ ਦਾ ਵੀ ਇਕ ਉਮੀਦਵਾਰ ਨਾਮਜ਼ਦਗੀ ਵਾਪਸ ਲੈ ਸਕਦਾ ਹੈ। ਉਸ ਦੇ ਦੋ ਉਮੀਦਵਾਰ ਮੈਦਾਨ ’ਚ ਰਹਿਣਗੇ। ਪਰ, ਦੂਜੇ ਉਮੀਦਵਾਰ ਦੀ ਜਿੱਤ ਲਈ ਜਾਗੋ ਦੇ ਨਾਲ ਹੀ ਪੰਥਕ ਅਕਾਲੀ ਲਹਿਰ ਤੇ ਆਜ਼ਾਦ ਦੇ ਇਕ-ਇਕ ਉਮੀਦਵਾਰ ਦੀ ਹਮਾਇਤ ਜ਼ਰੂਰੀ ਹੋਵੇਗੀ। ਦੋਵੇਂ ਵੱਡੀਆਂ ਪਾਰਟੀਆਂ ਇਕ ਦੂੁਜੇ ਦੇ ਖੇਮੇ ’ਚ ਸੰਨ੍ਹ ਲਾਉਣ ਦੀ ਕੋਸ਼ਿਸ਼ ’ਚ ਲੱਗੀਆਂ ਹੋਈਆਂ ਹਨ।

Related posts

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin