ਤੁਮਕੁਰੂ (ਕਰਨਾਟਕ) – ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਅੱਜ ਕਿਹਾ ਕਿ ਸਾਬਕਾ ਮੁੱਖ ਮੰਤਰੀ 81 ਸਾਲਾ ਬੀਐੱਸ ਯੇਡੀਯੁਰੱਪਾ ਖ਼ਿਲਾਫ਼ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਤਹਿਤ ਜਾਂਚ ਕਰ ਰਹੀ ਸੀਆਈਡੀ ਨੇ ਉਸ ਨੂੰ ਪੁੱਛ ਪੜਤਾਲ ਲਈ ਹਾਜ਼ਰ ਹੋਣ ਲਈ ਨੋਟਿਸ ਜਾਰੀ ਕੀਤਾ ਹੈ ਅਤੇ ਜੇ ਲੋੜ ਪਈ ਤਾਂ ਇਸ ਭਾਜਪਾ ਨੇਤਾ ਨੂੰ ਗਿ੍ਰਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਨੋਟਿਸ ਭੇਜ ਦਿੱਤਾ ਗਿਆ ਹੈ ਅਤੇ ਚਾਰਜਸ਼ੀਟ 15 ਜੂਨ ਤੱਕ ਦਾਖ਼ਲ ਕੀਤੀ ਜਾਣੀ ਹੈ।’ ਪੁਲਿਸ ਅਨੁਸਾਰ 17 ਸਾਲਾ ਲੜਕੀ ਦੀ ਮਾਂ ਦੀ ਸ਼ਿਕਾਇਤ ’ਤੇ ਯੇਡੀਯੁਰੱਪਾ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 354ਏ (ਜਿਨਸੀ ਸ਼ੋਸ਼ਣ) ਅਤੇ ਪੋਕਸੋ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ’ਚ ਔਰਤ ਨੇ ਦੋਸ਼ ਲਗਾਇਆ ਹੈ ਕਿ ਇਸ ਸਾਲ 2 ਫਰਵਰੀ ਨੂੰ ਯੇਡੀਯੁਰੱਪਾ ਨੇ ਇੱਥੇ ਡਾਲਰ ਕਲੋਨੀ ਸਥਿਤ ਆਪਣੀ ਰਿਹਾਇਸ਼ ’ਤੇ ਮੁਲਾਕਾਤ ਦੌਰਾਨ ਉਸ ਦੀ ਧੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ। 14 ਮਾਰਚ ਨੂੰ ਸਦਾਸ਼ਿਵਨਗਰ ਥਾਣੇ ਵਿੱਚ ਕੇਸ ਦਰਜ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਕਰਨਾਟਕ ਦੇ ਡੀਜੀਪੀ ਨੇ ਤੁਰੰਤ ਜਾਂਚ ਲਈ ਕੇਸ ਸੀਆਈਡੀ ਨੂੰ ਸੌਂਪਣ ਦੇ ਆਦੇਸ਼ ਜਾਰੀ ਕੀਤੇ ਸਨ। ਯੇਡੀਯੁਰੱਪਾ ’ਤੇ ਦੋਸ਼ ਲਗਾਉਣ ਵਾਲੀ 54 ਸਾਲਾ ਔਰਤ ਦੀ ਪਿਛਲੇ ਮਹੀਨੇ ਇੱਥੇ ਨਿੱਜੀ ਹਸਪਤਾਲ ’ਚ ਫੇਫੜਿਆਂ ਦੇ ਕੈਂਸਰ ਨਾਲ ਮੌਤ ਹੋ ਗਈ ਸੀ। ਯੇਡੀਯੁਰੱਪਾ ਨੇ ਦੋਸ਼ਾਂ ਨੂੰ ਰੱਦ ਕੀਤਾ ਹੈ।ਇਥੋਂ ਦੀ ਅਦਾਲਤ ਨੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਬੀਐੱਸ ਯੇਡੀਯੁਰੱਪਾ ਖ਼ਿਲਾਫ਼ ਪੋਕਸੋ ਮਾਮਲੇ ਵਿਚ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।