ਮੈਲਬੌਰਨ – ਵਿਕਟੋਰੀਆ ਦੇ ਵਿੱਚ ਅੱਜ ਕੋਵਿਡ-19 ਦੇ 176 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਹਨ। ਅੱਜ ਨਵੇਂ ਆਏ ਕੇਸਾਂ ਦੇ ਵਿੱਚੋਂ 83 ਪਹਿਲਾਂ ਤੋਂ ਹੀ ਮਿਲੇ ਫੈਲਾਅ ਦੇ ਨਾਲ ਸਬੰਧਤ ਹਨ ਜਦਕਿ 93 ਨਵੇਂ ਕੇਸ ਕਮਿਊਨਿਟੀ ਦੇ ਵਿੱਚ ਪਾਏ ਗਏੇ ਹਨ ਅਤੇ ਸੰਪਰਕ ਟਰੇਸਰ ਅਜੇ ਵੀ 93 ਨਵੇਂ ਕੇਸਾਂ ਦੇ ਸਰੋਤ ਦੀ ਜਾਂਚ ਕਰ ਰਹੇ ਹਨ। ਇਸ ਵੇਲੇ ਸੂਬੇ ਦੇ ਵਿੱਚ ਕੋਵਿਡ-19 ਤੋਂ ਪੀੜਤ 58 ਮਰੀਜ਼ ਹਸਪਤਾਲਾਂ ਦੇ ਵਿੱਚ ਦਾਖਲ ਹਨ ਅਤੇ ਇਹਨਾਂ ਵਿੱਚੋਂ 21 ਆਈ ਸੀ ਯੂ ਦੇ ਵਿੱਚ ਭਰਤੀ ਹਨ। ਸੂਬੇ ਦੇ ਵਿੱਚ ਕੋਵਿਡ-19 ਦੇ ਨਾਲ ਹੁਣ ਤੱਕ 822 ਮੌਤਾਂ ਹੋ ਚੁੱਕੀਆਂ ਹਨ। ਵਿਕਟੋਰੀਆਂ ਦੇ ਵਿੱਚ ਕੱਲ੍ਹ ਬੁੱਧਵਾਰ ਨੂੰ 48,372 ਟੈਸਟ ਕੀਤੇ ਗਏ। ਸੂਬੇ ਦੇ ਵਿੱਚ ਕੱਲ੍ਹ 33,720 ਵੈਕਸੀਨ ਲੋਕਾਂ ਨੂੰ ਦਿੱਤੇ ਗਏ ਜਦਕਿ 31 ਅਗਸਤ ਤੱਕ 5 ਮਿਲੀਅਨ 39 ਹਜ਼ਾਰ 494 ਵਿਕਟੋਰੀਅਨ ਲੋਕਾਂ ਨੂੰ ਵੈਕਸੀਨ ਦਿੱਤੇ ਜਾ ਚੁੱਕੇ ਹਨ।
ਇਸੇ ਦੌਰਾਨ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕੱਲ੍ਹ ਕਿਹਾ ਸੀ ਕਿ ਵਿਕਟੋਰੀਅਨ ਹੁਣ ਡੈਲਟਾ ਦੇ ਪ੍ਰਕੋਪ ਨੂੰ ਖਤਮ ਕਰਨ ਦੀ “ਉਮੀਦ ਨੂੰ ਬਰਕਰਾਰ” ਨਹੀਂ ਰੱਖ ਸਕਦੇ ਅਤੇ ਵੈਕਸੀਨ ਲਗਵਾਉਣ ਦੇ ਨਾਲ ਹੀ ਕੇਸਾਂ ਦੇ ਵਾਧੇ ਨੂੰ ਸੀਮਤ ਕੀਤਾ ਜਾ ਸਕਦਾ ਹੈ।
ਇਸੇ ਦੌਰਾਨ ਬਰਨੇਟ ਇੰਸਟੀਚਿਟ ਦੇ ਡਿਪਟੀ ਡਾਇਰੈਕਟਰ ਨੇ ਵਿਕਟੋਰੀਆ ਵਿੱਚ ਮੌਜੂਦਾ ਪਾਬੰਦੀਆਂ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਇਸ ਨੇ ਰਾਜ ਭਰ ਵਿੱਚ ਬਹੁਤ ਜ਼ਿਆਦਾ ਭਿਆਨਕ ਪ੍ਰਕੋਪ ਨੂੰ ਰੋਕਿਆ ਹੈ। ਇਸ ਹਫਤੇ ਦੇ ਸ਼ੁਰੂ ਵਿੱਚ ਪ੍ਰੀਮੀਅਰ ਨੇ ਕਿਹਾ ਸੀ ਕਿ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਵਿਕਟੋਰੀਆ ਵਿੱਚ ਪਾਬੰਦੀਆਂ ਨੇ ਮੌਜੂਦਾ ਡੈਲਟਾ ਪ੍ਰਕੋਪ ਵਿੱਚ 6,000 ਕੇਸਾਂ ਅਤੇ 600 ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਲ ਹੋਣ ਤੋਂ ਬਚਾਅ ਕੀਤਾ ਹੈ।
ਇਥੇ ਇਹ ਵੀ ਜਿ਼ਕਰਯੋਗ ਹੈ ਕਿ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਇਸ ਹਫਤੇ 60-69 ਸਾਲ ਦੀ ਉਮਰ ਦੇ 5 ਲੱਖ ਤੋਂ ਵੱਧ ਆਸਟ੍ਰੇਲੀਅਨ ਲੋਕਾਂ ਨੂੰ ਇੱਕ ਪੱਤਰ ਭੇਜਣਗੇ ਜਿਨ੍ਹਾਂ ਨੇ ਹੁਣ ਤੱਕ ਪਹਿਲੀ ਖੁਰਾਕ ਦਾ ਟੀਕਾਕਰਨ ਨਹੀਂ ਕਰਵਾਇਆ ਹੈ। ਇਸ ਉਮਰ ਵਰਗ ਦੇ ਤਕਰੀਬਨ 1 ਲੱਖ 38 ਹਜ਼ਾਰ 745 ਵਿਕਟੋਰੀਅਨ ਲੋਕਾਂ ਨੇ ਹਾਲੇ ਤੱਕ ਪਹਿਲੀ ਵੈਕਸੀਨ ਨਹੀਂ ਲਈ ਹੈ।
ਪ੍ਰੀਮੀਅਰ ਡੈਨੀਅਲ ਐਂਡਰਿਸਜ਼ ਨੇ ਇਹ ਪੁਸ਼ਟੀ ਵੀ ਕੀਤੀ ਹੈ ਕਿ ਮੈਡੀਕਲ ਮਾਹਰਾਂ ਦੀ ਇੱਕ ਕਮੇਟੀ ਇਸ ਗੱਲ ਦੀ ਪੜਚੋਲ ਕਰ ਰਹੀ ਸੀ ਕਿ ਕੀ ਵਿਕਟੋਰੀਆ ਵਾਸੀਆਂ ਲਈ ਐਸਟਰਾਜ਼ੇਨੇਕਾ ਟੀਕੇ ਦੀਆਂ ਖੁਰਾਕਾਂ ਦੇ ਵਿਚਕਾਰ ਅੰਤਰਾਲ ਦੀ ਮਿਆਦ ਨੂੰ ਘਟਾਇਆ ਜਾ ਸਕਦਾ ਹੈ ਜਾਂ ਨਹੀਂ। ਏਟੀਏਜੀਆਈ ਨੇ 13 ਜੁਲਾਈ ਨੂੰ ਐਸਟ੍ਰਾਜ਼ੇਨੇਕਾ ਟੀਕੇ ਲਈ ਚਾਰ ਤੋਂ ਅੱਠ ਹਫਤਿਆਂ ਦੇ ਛੋਟੇ ਅੰਤਰਾਲ ਦੀ ਸਿਫਾਰਸ਼ ਜਾਰੀ ਕੀਤੀ ਸੀ।ਦੂਜੇ ਪਾਸੇ ਨਿਊ ਸਾਊਥ ਵੇਲਜ਼ ਦੇ ਵਸਨੀਕ ਆਪਣੀ ਐਸਟਰਾਜ਼ੇਨੇਕਾ ਦੀ ਦੂਜੀ ਖੁਰਾਕ ਚਾਰ ਹਫਤਿਆਂ ਬਾਅਦ ਪ੍ਰਾਪਤ ਕਰਨ ਦੇ ਯੋਗ ਹਨ।
ਵਨਣਯੋਗ ਹੈ ਕਿ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕੱਲ੍ਹ ਐਲਾਨ ਕੀਤਾ ਕਿ ਵਿਕਟੋਰੀਆ ਦੇ ਚੀਫ਼ ਮੈਡੀਕਲ ਅਫ਼ਸਰ ਦੀ ਸਲਾਹ ਅਨੁਸਾਰ ਜਦੋਂ ਤੱਕ ਵਿਕਟੋਰੀਆ ਦੇ ਵਿੱਚ 70 ਫੀਸਦੀ ਲੋਕ ਪਹਿਲੀ ਵੈਕਸੀਨ ਨਹੀਂ ਲਗਵਾ ਲੈਂਦੇ ਉਦੋਂ ਤੱਕ ਸੂਬੇ ਦੇ ਵਿੱਚ ਲਗਾਈਆਂ ਗਈਆਂ ਤਕਰੀਬਨ-ਤਕਰੀਬਨ ਮੌਜੂਦਾ ਸਾਰੀਆਂ ਪਾਬੰਦੀ ਲਗਾਤਾਰ ਜਾਰੀ ਰਹਿਣਗੀਆਂ ਅਤੇ ਵੈਕਸੀਨ ਦੇ ਟੀਚੇ ਨੂੰ 23 ਸਤੰਬਰ ਤੱਕ ਪੂਰਾ ਕਰ ਲਏ ਜਾਣ ਦੀ ਉਮੀਦ ਹੈ।
ਵਿਕਟੋਰੀਆ ਦੇ ਵਿੱਚ ਅੱਜ 2 ਸਤੰਬਰ ਨੂੰ ਰਾਤ 11:59 ਵਜੇ ਤੋਂ ਸੂਬੇ ਦੇ ਵਿੱਚ ਨਵੇਂ ਦਿਸ਼ਾ ਨਿਰਦੇਸ਼ ਲਾਗੂ ਹੋ ਜਾਣਗੇ ਜਿਸਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ:
• ਪਲੇਅ ਗਰਾਉਂਡ 12 ਸਾਲ ਤੋਂ ਘੱਟ ਉਪਰ ਵਾਲਿਆਂ ਲਈ ਖੁੱਲ੍ਹ ਜਾਣਗੇ ਪਰ ਉਹਨਾਂ ਨਾਲ ਮਾਪਿਆਂ ਤੇ ਕੇਅਰਰ ਦੇ ਵਿੱਚੋਂ ਸਿਰਫ਼ ਇੱਕ ਦਾ ਹੀ ਹੋਣਾ ਲਾਜ਼ਮੀ।
• ਪਲੇਅ ਗਰਾਉਂਡ ਦੇ ਵਿੱਚ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਖਾਣ-ਪੀਣ ਦੇ ਲਈ ਮਾਸਕ ਨਹੀਂ ਲਾਹ ਸਕਦੇ।
• ਪਲੇਅ ਗਰਾਉਂਡ ਦੇ ਉਪਰ ਕਿਊ-ਆਰ ਸਿਸਟਮ ਦਾ ਹੋਣਾ ਜਰੂਰੀ।
• ਜੇਕਰ ਦੋੋਨੋਂ ਮਾਪੇ ਕੰਮ ‘ਤੇ ਜਾਂਦੇ ਹਨ ਤਾਂ ਘਰਾਂ ਦੇ ਵਿੱਚ ਬੇਬੀ ਸਿਿਟੰਗ ਲਈ ਦੇ ਸਕੂਲ ਵਾਲੇ ਬੱਚਿਆਂ ਨੂੰ ਵੀ ਰੱਖਿਆ ਜਾ ਸਕੇਗਾ।
• ਕਸਰਤ ਦਾ ਸਮਾਂ ਹੁਣ ਇੱਕ ਦਿਨ ਦੇ ਵਿੱਚ 3 ਵਾਰ 1-1 ਘੰਟਾ।
• ਗਰੋਸਰੀ ਜਾਂ ਜਰੂਰੀ ਸਮਾਨ ਖ੍ਰੀਦਣ ਦੇ ਲਈ ਘਰ ਤੋਂ 5 ਦੀ ਥਾਂ 10 ਕਿਲੋਮੀਟਰ ਤੱਕ ਜਾਇਆ ਜਾ ਸਕੇਗਾ।
• ਬਿਲਡਿੰਗ ਇੰਡਸਟਰੀ ਦੇ ਵਿੱਚ ਜਦੋਂ 90 ਫੀਸਦੀ ਵਰਕਰ ਪਹਿਲੀ ਵੈਕਸੀਨ ਲੈ ਲੈਂਦੇ ਹਨ ਤਾਂ ਉਹਨਾਂ ਦੇ 50 ਫੀਸਦੀ ਤੱਕ ਵਰਕਰ ਕੰਮ ਕਰ ਸਕਦੇ ਹਨ।
• 12ਵੀਂ ਕਲਾਸ ਦੇ ਵਿਿਦਆਰਥੀਆਂ ਤੇ ਅਧਿਆਪਕਾਂ ਨੂੰ 6 ਸਤੰਬਰ ਤੋਂ ਪਹਿਲ ਦੇ ਆਧਾਰ ‘ਤੇ ਵੈਕਸੀਨ ਦਿੱਤੇ ਜਾਣਗੇ।