ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ’ਚ ਸਥਾਈ ਇਨਵਾਈਟੀ ਮੈਂਬਰ ਨਿਯੁਕਤ ਕੀਤਾ ਹੈ। ਉਨ੍ਹਾਂ ਵੱਲੋਂ 37 ਇਨਵਾਈਟੀ ਮੈਂਬਰ ਨਿਯੁਕਤ ਕੀਤੇ ਹਨ। ਟਾਈਟਲਰ ਦੇ ਨਾਲ ਦਿੱਲੀ ਦੇ ਸਾਬਕਾ ਕਾਂਗਰਸ ਪ੍ਰਧਾਨ ਜੇਪੀ ਅਗਰਵਾਲ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਨਾਰਦਨ ਦਿਵੇਦੀ ਤੇ ਸਾਬਕਾ ਮੰਤਰੀ ਕਪਿਲ ਸਿੱਬਲ, ਅਜੇ ਮਾਕਨ ਤੇ ਕ੍ਰਿਸ਼ਨ ਤੀਰਥ ਨੂੰ ਵੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਦੇ ਆਦੇਸ਼ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵਲੋਂ ਜਾਰੀ ਕੀਤੇ ਗਏ ਹਨ।
ਟਾਈਟਲਰ ਸੱਜਣ ਕੁਮਾਰ ਤੋਂ ਬਾਅਦ ਦੂਜੇ ਸਭ ਤੋਂ ਵੱਡੇ ਕਾਂਗਰਸੀ ਆਗੂ ਹਨ ਜਿਨ੍ਹਾਂ ਦਾ ਨਾਂ 1984 ਦੇ ਸਿੱਖ ਵਿਰੋਧੀ ਦੰਗਿਆਂ ’ਚ ਆਇਆ ਸੀ। ਸੱਜਣ ਕੁਮਾਰ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਜਿੱਥੋਂ ਤਕ ਟਾਈਟਲਰ ਦਾ ਸਬੰਧ ਹੈ, ਸੀਬੀਆਈ ਉਨ੍ਹਾਂ ਖ਼ਿਲਾਫ਼ 2007, 2009 ਤੇ 2014 ’ਚ ਤਿੰਨ ਰਿਪੋਰਟਾਂ ਦਾਖ਼ਲ ਕਰ ਚੁੱਕੀਆਂ ਹਨ।