ਬੀਜਿੰਗ – ਅੱਜ ਦੇ ਸਮੇਂ ’ਚ ਸੱਚਾ ਪਿਆਰ ਮਿਲਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਇਸ ਯੁੱਗ ’ਚ ਜਿੰਨੀ ਤੇਜ਼ੀ ਨਾਲ ਲੜਕਾ-ਲੜਕੀ ਪਿਆਰ ’ਚ ਪੈ ਜਾਂਦੇ ਹਨ, ਓਨੀ ਹੀ ਤੇਜ਼ੀ ਨਾਲ ਉਨ੍ਹਾਂ ਦਾ ਰਿਸ਼ਤਾ ਵੀ ਟੁੱਟ ਜਾਂਦਾ ਹੈ, ਪਰ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੇ ਸਾਥੀ ਨੂੰ ਸੱਚਮੁੱਚ ਪਿਆਰ ਕਰਦੇ ਹਨ ਅਤੇ ਉਨ੍ਹਾਂ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਅਜਿਹੀ ਹੀ ਇੱਕ ਸੱਚੀ ਲਵ ਸਟੋਰੀ ਇਨ੍ਹੀਂ ਦਿਨੀਂ ਵਾਇਰਲ ਹੋ ਰਹੀ ਹੈ, ਜਿਸ ਨੇ ਲੋਕਾਂ ਨੂੰ ਭਾਵੁਕ ਕਰ ਦਿੱਤਾ ਹੈ। ਦਰਅਸਲ, ਇੱਕ ਬਜ਼ੁਰਗ ਔਰਤ ਹਰ ਰੋਜ਼ ਆਪਣੇ ਮਰ ਚੁੱਕੇ ਪਤੀ ਨਾਲ ਖਾਣਾ ਖਾਂਦੀ ਹੈ। ਮਾਮਲਾ ਚੀਨ ਦਾ ਹੈ।
ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਲੋਕ ਜਿਸ ਦੇ ਨਾਲ ਆਪਣੀ ਜ਼ਿੰਦਗੀ ਦਾ ਅੱਧਾ ਸਮਾਂ ਗੁਜ਼ਾਰਦੇ ਦਿੰਦੇ ਹਨ, ਜਦੋਂ ਉਹ ਅਚਾਨਕ ਉਨ੍ਹਾਂ ਨੂੰ ਛੱਡ ਕੇ ਚਲਾ ਜਾਵੇ ਤਾਂ ਬਹੁਤ ਦੁੱਖ ਹੁੰਦਾ ਹੈ। ਅਜਿਹੇ ’ਚ ਲੋਕ ਇਕੱਲੇ ਅਤੇ ਅਧੂਰੇ ਮਹਿਸੂਸ ਕਰਨ ਲੱਗਦੇ ਹਨ ਤੇ ਹਮੇਸ਼ਾ ਆਪਣੇ ਖ਼ਿਆਲਾਂ ’ਚ ਗੁਆਚੇ ਰਹਿੰਦੇ ਹਨ। ਇਹ ਵੀ ਕੁਦਰਤੀ ਹੈ। ਅਜਿਹਾ ਹੀ ਕੁਝ ਚੌਂਗਕਿੰਗ ਦੀ ਰਹਿਣ ਵਾਲੀ 82 ਸਾਲਾ ਔਰਤ ਨਾਲ ਹੋਇਆ। ਸਾਊਥ ਚਾਈਨਾ ਮੌਰਨਿੰਗ ਪੋਸਟ ਦੀ ਇੱਕ ਰਿਪੋਰਟ ਮੁਤਾਬਿਕ ਔਰਤ ਦੇ ਪਤੀ ਦੀ 23 ਸਾਲ ਪਹਿਲਾਂ ਮੌਤ ਹੋ ਗਈ ਸੀ, ਪਰ ਉਹ ਅਜੇ ਤਕ ਇਸ ਸਦਮੇ ਤੋਂ ਉਭਰ ਨਹੀਂ ਸਕੀ। ਉਹ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ, ਇਸ ਲਈ ਅੱਜ ਵੀ ਉਹ ਉਸ ਲਈ ਖਾਣਾ ਬਣਾਉਂਦੀ ਤੇ ਪਰੋਸਦੀ ਹੈ।
ਦਿਲ ਨੂੰ ਝੰਜੋੜ ਦੇਣ ਵਾਲੀ ਇਸ ਘਟਨਾ ਦਾ ਵੀਡੀਓ ਚੀਨੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਖ਼ਬਰਾਂ ਮੁਤਾਬਿਕ ਔਰਤ ਦੀ ਪੋਤੀ ਨੇ ਦੱਸਿਆ ਕਿ ਉਹ ਪਿਛਲੇ 23 ਸਾਲਾਂ ਤੋਂ ਅਜਿਹਾ ਹੀ ਕਰ ਰਹੀ ਹੈ। ਉਹ ਆਪਣੇ ਪਤੀ ਦੀ ਫ਼ੋਟੋ ਆਪਣੇ ਸਾਹਮਣੇ ਰਖਦੀ ਹੈ ਅਤੇ ਇਸ ਨਾਲ ਖਾਣਾ ਖਾਂਦੀ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ।