ਪੰਚਕੂਲਾ – ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ ਸੀਬੀਆਈ ਅਦਾਲਤ ਨੇ ਡੇਰਾ ਸੱਚਾ ਸੌਦਾ ਦੇ ਪ੍ਰਬੰਧਕ ਰਣਜੀਤ ਸਿੰਘ ਹੱਤਿਆ ਕੇਸ ‘ਚ ਫੈਸਲਾ 26 ਅਗਸਤ ਲਈ ਸੁਰੱਖਿਅਤ ਰੱਖ ਲਿਆ ਹੈ। 19 ਸਾਲ ਬਾਅਦ ਇਸ ਮਾਮਲੇ ‘ਚ ਸੀਬੀਆਈ ਦੇ ਵਿਸ਼ੇਸ਼ ਜੱਜ ਡਾ. ਸੁਸ਼ੀਲ ਕੁਮਾਰ ਗਰਗ ਦੁਆਰਾ ਫੈਸਲਾ ਸੁਣਾਇਆ ਜਾਵੇਗਾ। ਇਸ ਨਾਲ ਰਾਮ ਰਹੀਮ ਦੇ ਖਿਲਾਫ ਚੱਲੇ ਸਾਧਵੀ ਜਿਣਸੀ ਸ਼ੋਸ਼ਣ ਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਕੇਸ ‘ਚ ਤਤਕਾਲੀਨ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਫੈਸਲਾ ਸੁਣਾਇਆ ਸੀ। ਰਾਮ ਰਹੀਮ ਸਾਧਵੀ ਜਿਣਸੀ ਸ਼ੋਸ਼ਣ ਕੇਸ ‘ਚ 20 ਸਾਲ ਤੇ ਹੱਤਿਆ ਕੇਸ ‘ਚ ਉਮਰਕੈਦ ਦੀ ਸਜ਼ਾ ਸੁਨਾਰਿਆ ਜੇਲ੍ਹ ਰੋਹਤਕ ‘ਚ ਕੱਟ ਰਿਹਾ ਹੈ। ਰਣਜੀਤ ਸਿੰਘ ਹੱਤਿਆ ਕੇਸ ‘ਚ ਪਹਿਲਾਂ ਅਦਾਲਤ ਨੇ ਫੈਸਲਾ 24 ਅਗਸਤ ਦੇ ਲਈ ਸੁਰੱਖਿਅਤ ਰੱਖਿਆ ਸੀ ਪਰ ਪੁਲਿਸ ਵੱਲੋਂ ਅਦਾਲਤ ‘ਚ ਦਲੀਲ ਦਿੱਤੀ ਗਈ ਕਿ ਹਰਿਆਣਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਤੇ ਸੁਰੱਖਿਆ ਵਿਵਸਥਾ ਦੇ ਲਈ ਫੋਰਸ ਦੀ ਜ਼ਰੂਰਤ ਹੋਵੇਗੀ, ਇਸ ਲਈ ਫੈਸਲੇ ਦੀ ਤਰੀਕ ਨੂੰ ਅੱਗੇ ਵਧਾਇਆ ਜਾਵੇ, ਜਿਸਦੇ ਬਾਅਦ ਅਦਾਲਤ ਨੇ ਫੈਸਲਾ 26 ਅਗਸਤ ਦੇ ਲਈ ਰੱਖ ਦਿੱਤਾ। ਨਾਲ ਹੀ ਸੀਬੀਆਈ ਨੂੰ ਬਚਾਅ ਪੱਖ ਦੀ ਦਲੀਲਾਂ ‘ਤੇ ਆਪਣਾ ਪੱਖ ਲਿਖਤ ‘ਚ ਦੇਣ ਲਈ 23 ਅਗਸਤ ਨੂੰ ਸਮੇਂ ਦਿੱਤਾ ਹੈ। ਪਹਿਲਾਂ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਸਿੱਧੇ ਤੌਰ ‘ਤੇ ਅਦਾਲਤ ‘ਚ ਪੇਸ਼ ਕਰਨ ਲਈ ਕਿਹਾ ਸੀ ਪਰ ਹੁਣ ਰਾਮ ਰਹੀਮ ਤੇ ਇਕ ਹੋਰ ਮੁਲਜ਼ਮ ਕਿ੍ਸ਼ਨ ਲਾਲ ਨੂੰ ਵੀ ਸੁਨਾਰਿਆ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੀ ਅਦਾਲਤ ‘ਚ ਪੇਸ਼ ਹੋਣ ਲਈ ਛੂਟ ਦੇ ਦਿੱਤੀ ਗਈ ਹੈ।
ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਬਾਬਾ ਗੁਰਮੀਤ ਰਾਮ ਰਹੀਮ, ਜਸਬੀਰ ਸਿੰਘ, ਅਵਤਾਰ ਸਿੰਘ, ਸਬਦਿਲ ਤੇ ਕ੍ਰਿਸ਼ਨ ਲਾਲ ਮੁਲਜ਼ਮ ਹਨ। ਜਦਕਿ ਇਕ ਮੁਲਜ਼ਮ ਇੰਦਰਸੇਨ ਦੀ 8 ਅਕਤੂਬਰ 2020 ਨੂੰ ਮੌਤ ਹੋ ਗਈ ਸੀ।
ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਦੇ ਦੌਰਾਨ ਬਚਾਅ ਪੱਖ ਵੱਲੋਂ ਕੀਤੀ ਗਈ ਬਹਿਸ ‘ਤੇ ਜਵਾਬ ਦੇਣ ਲਈ ਸੀਬੀਆਈ ਦੇ ਵਕੀਲ ਐੱਚਪੀਐੱਸ ਵਰਮਾ ਨੇ 2 ਹਫਤੇ ਦਾ ਸਮੇਂ ਮੰਗਿਆ ਤਾਂ ਕਿ ਬਹਿਸ ‘ਤੇ ਕੁਝ ਦਸਤਾਵੇਜ਼ ਤੇ ਤੱਥ ਪੇਸ਼ ਕੀਤੇ ਜਾ ਸਕਣ। ਪਰ ਅਦਾਲਤ ਨੇ 23 ਅਗਸਤ ਤਕ ਲਿਖਤ ਤਰਕ ਦੇਣ ਲਈ ਕਿਹਾ। ਜਿਸਦੇ ਬਾਅਦ ਅਦਾਲਤ ਨੇ 24 ਅਗਸਤ ਦੇ ਲਈ ਫੈਸਲਾ ਸੁਰੱਖਿਅਤ ਰੱਖ ਦਿੱਤਾ। ਅਦਾਲਤ ਦੁਆਰਾ ਫੈਸਲਾ ਸੁਰੱਖਿਅਤ ਰੱਖਣ ਦੇ ਕੁਝ ਦੇਰ ਬਾਅਦ ਹੀ ਜ਼ਿਲ੍ਹਾ ਅਟਾਰਨੀ ਪੰਚਕੂਲਾ ਪੰਕਜ ਗਰਗ ਦੁਆਰਾ ਇਕ ਪਟੀਸ਼ਨ ਲਗਾਈ ਗਈ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ 11 ਜਨਵਰੀ 2019 ਤੇ 17 ਜਨਵਰੀ 2019 ਨੂੰ ਜਦੋਂ ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਮਾਮਲੇ ‘ਚ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਉਹ ਸੁਨਾਰਿਆ ਜੇਲ੍ਹ ਰੋਹਤਕ ‘ਚ ਸਨ ਤੇ ਉਨ੍ਹਾਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਸੀ। ਇਸ ਲਈ ਰਣਜੀਤ ਹੱਤਿਆ ਮਾਮਲੇ ‘ਚ ਵੀ ਉਨ੍ਹਾਂ ਵੀਡੀਓ ਕਾਨਫਰੰਸਿੰਗ ਦੇ ਜ਼ਰਿਏ ਹੀ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂਕਿ ਸੁਰੱਖਿਆ ਵਿਵਸਥਾ ਨੂੰ ਖਤਰਾ ਨਾ ਹੋਵੇ। ਨਾਲ ਹੀ ਜ਼ਿਲ੍ਹਾ ਅਟਾਰਨੀ ਨੇ ਪਟੀਸ਼ਨ ‘ਚ ਦੱਸਿਆ ਕਿ 7 ਅਗਸਤ 2021 ਨੂੰ ਹਰਿਆਣਾ ਦੇ ਰਾਜਪਾਲ ਵੱਲੋਂ ਵਿਧਾਨ ਸਭਾ ਸੈਸ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਜਿਸ ਦੇ ਚਲਦੇ 20 ਤੋਂ 25 ਅਗਸਤ ਤਕ ਵਿਧਾਨ ਸਭਾ ਸੈਸ਼ਨ ਚਲਣਾ ਹੈ। ਸੈਸ਼ਨ ਦੌਰਾਨ ਪੁਲਿਸ ਫੋਰਸ ਤੇ ਮਸ਼ੀਨਰੀ ਵਿਧਾਨ ਸਭਾ ‘ਚ ਲੱਗੀ ਹੋਵੇਗੀ। ਇਸ ਲਈ ਮਾਮਲੇ ‘ਚ ਫੈਸਲਾ 25 ਅਗਸਤ ਦੇ ਬਾਅਦ ਸੁਣਾਇਆ ਜਾਵੇ। ਜਿਸਦੇ ਬਾਅਦ ਅਦਾਲਤ ਨੇ ਫੈਸਲੇ ਲਈ 26 ਅਗਸਤ ਦੀ ਤਰੀਕ ਨਿਰਧਾਰਿਤ ਕਰ ਦਿੱਤੀ। ਨਾਲ ਹੀ ਗੁਰਮੀਤ ਰਾਮ ਰਹੀਮ ਤੇ ਕਿ੍ਸ਼ਨ ਲਾਲ ਨੂੰ 26 ਅਗਸਤ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਪੇਸ਼ ਕਰਨ ਲਈ ਕਿਹਾ।
10 ਜੁਲਾਈ 2002 ਨੂੰ ਡੇਰੇ ਦੀ ਪ੍ਰਬੰਧਨ ਸਮਿਤੀ ਦੇ ਮੈਂਬਰ ਰਹੇ ਕੁਰੂਸ਼ੇਤਰ ਦੇ ਰਣਜੀਤ ਦਾ ਕਤਲ ਹੋਇਆ ਸੀ। ਡੇਰਾ ਪ੍ਰਬੰਧਨ ਨੂੰ ਸ਼ੱਕ ਸੀ ਕਿ ਰਣਜੀਤ ਨੇ ਸਾਧਵੀ ਜਿਣਸੀ ਸ਼ੋਸ਼ਣ ਦੀ ਗੁਮਨਾਮ ਚਿੱਠੀ ਆਪਣੀ ਭੈਣ ਕੋਲੋਂ ਹੀ ਲਖਵਾਈ ਸੀ। 10 ਜੁਲਾਈ ਨੂੰ ਰਣਜੀਤ ਸਿੰਘ ਆਪਣੇ ਖਾਨਪੁਰ ਕੋਲਿਆਂ ‘ਚ ਆਪਣੇ ਪਿਤਾ ਨੂੰ ਖੇਤਾਂ ‘ਚ ਚਾਹ ਦੇ ਕੇ ਵਾਪਸ ਆ ਰਿਹਾ ਸੀ ਤਾਂ ਬਾਈਕ ਸਵਾਰ 2 ਮੁਲਜ਼ਮਾਂ ਨੇ ਉਸਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਿਸ ਦੇ ਬਾਅਦ ਮੁਲਜ਼ਮ ਸਬਦਿਲ ਤੇ ਜਸਵੀਰ ਦੀ ਪਛਾਣ ਹੋ ਗਈ ਸੀ। ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 ‘ਚ ਹਾਈਕੋਰਟ ‘ਚ ਪਟੀਸ਼ਨ ਦਰਜ ਕਰ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਤਿੰਨ ਗਵਾਹ ਮਹੱਤਵਪੂਰਨ ਸਨ। ਇਨ੍ਹਾਂ ‘ਚ ਸੁਖਦੇਵ ਸਿੰਘ ਤੇ ਜੋਗਿੰਦਰ ਸਿੰਘ ਹਨ ਜਿਨ੍ਹਾਂ ਨੇ ਮੁਲਜ਼ਮਾਂ ਨੂੰ ਰਣਜੀਤ ਸਿੰਘ ‘ਤੇ ਗੋਲੀਆਂ ਚਲਾਉਂਦੇ ਦੇਖਿਆ ਸੀ। ਤੀਜਾ ਗਵਾਹ ਗੁਰਮੀਤ ਦਾ ਡਰਾਈਵਰ ਖਟਾ ਸਿੰਘ ਸੀ ਜਿਸਦੇ ਸਾਹਮਣੇ ਰਣਜੀਤ ਨੂੰ ਮਾਰਨ ਦੇ ਲਈ ਕਿਹਾ ਗਿਆ ਸੀ। ਦੋਸ਼ ਹੈ ਕਿ ਰਣਜੀਤ ਸਿੰਘ ਹੱਤਿਆ ‘ਚ ਡੇਰਾ ਸੱਚਾ ਸੌਦਾ ਦੇ ਪੰਚ ਮੈਂਬਰ ਅਵਤਾਰ, ਇੰਦਰ ਸੈਨੀ, ਕ੍ਰਿਸ਼ਨ ਲਾਲ, ਜਸਬੀਰ ਸਿੰਘ ਤੇ ਸਬਦਿਲ ਸਿੰਘ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕਹਿਣ ‘ਤੇ ਰਣਜੀਤ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਰੱਚੀ ਸੀ। 31 ਜੁਲਾਈ 2007 ਨੂੰ ਸਾਧਵੀ ਜਿਣਸੀ ਸ਼ੋਸ਼ਣ, ਰਣਜੀਤ ਸਿੰਘ ਹੱਤਿਆ ਤੇ ਰਾਮਚੰਦਰ ਛੱਤਰਪਤੀ ਹੱਤਿਆ ਕੇਸ ‘ਚ ਸੀਬੀਆਈ ਕੋਰਟ ‘ਚ ਚਲਾਨ ਪੇਸ਼ ਹੋ ਗਏ ਸੀ।