
ਈਸਟਰ ਲੌਂਗ ਵੀਕਐਂਡ ‘ਤੇ ਅੱਜ 3 ਅਪ੍ਰੈਲ ਤੋਂ 5 ਅਪ੍ਰੈਲ ਤੱਕ ਮੈਲਬੌਰਨ ਸਿਟੀ ਦੇ ਬਹੁਤ ਹੀ ਨੇੜੇ ਸਥਿਤ, ਸਟੇਟ ਸਪੋਰਟਸ ਸੈਂਟਰ ਪਾਰਕਵਿਲ ਵਿੱਚ ਆਸਟ੍ਰੇਲੀਅਨ ਸਿੱਖ ਖੇਡਾਂ ਸ਼ੁਰੂ ਹੋ ਗਈਆਂ ਹਨ। ਦੂਰ-ਦੁਰਾਡੇ ਇਲਾਕਿਆਂ ਈਸਟ, ਵੈਸਟ, ਨੌਰਥ, ਸਾਊਥ ਤੋਂ ਚੱਲ ਕੇ ਮੈਲਬੌਰਨ ਸਿਟੀ ਦੇ ਵੱਡੇ ਸਟੇਸ਼ਨਾ, ਫਲਿੰਡਰਸ ਸਟਰੀਟ, ਸਾਊਦਰਨ ਕਰੌਸ ਸਟੇਸ਼ਨ ‘ਤੇ ਪੁੱਜ ਕੇ ਟਰਾਮ 19 ਜਾਂ 59 ਲੈ ਕੇ ਜਾਂ ਸਿਟੀ ਤੋਂ ਪੈਦਲ ਚੱਲ ਕੇ ਵੀ ਆਸਾਨੀ ਨਾਲ ਖੇਡ ਕੰਪਲੈਕਸ ਵਿਖੇ ਪੁੱਜਿਆ ਜਾ ਸਕਦਾ ਹੈ। ਇਹਨਾਂ ਖੇਡਾਂ ਦੇ ਮੁਕਾਬਲੇ ਪਾਰਕਵਿੱਲ ਤੋਂ ਇਲਾਵਾ ਕਾਰਲਟਨ ਨੌਰਥ, ਐਸਕੋਟਵੇਲ ਅਤੇ ਏਨਜ਼ਬਰੀ ਦੇ ਵੱਖ-ਵੱਖ ਖੇਡ ਮੈਦਾਨਾਂ ਉਪਰ ਹੋਣਗੇ। ਸਟੇਟ ਸਪੋਰਟਸ ਸੈਂਟਰ ਪਾਰਕਵਿਲ ਦੇ ਬਹੁਤ ਹੀ ਨੇੜੇ ਰੌਇਲ ਪਾਰਕ ਸਟੇਸ਼ਨ ਅਤੇ ਪਾਰਕਵਿੱਲ ਸਟੇਸ਼ਨ ਪੈਂਦੇ ਹਨ ਜਿਥੋਂ ਯਾਤਰੀਆਂ ਲਈ ਆਉਣਾ-ਜਾਣਾ ਬਹੁਤ ਆਸਾਨ ਹੈ। ਸਿੱਖ ਖੇਡਾਂ ਦੇ ਦੌਰਾਨ ਖੇਡ ਮੈਦਾਨਾਂ ਦੇ ਦੌਰਾਨ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਲੈਕੇ ਆਉਣ-ਜਾਣ ਦੇ ਲਈ 3-5 ਮਿੰਟ ਸਮੇਂ ਦੇ ਵਿਚਕਾਰ ਸ਼ਟਲ ਬੱਸ ਸੇਵਾ ਚੱਲਦੀ ਰਹੇਗੀ। ਵਿਕਟੋਰੀਆ ਦੀ ਸਰਕਾਰ ਦੇ ਵਲੋਂ ਸੂਬੇ ਅੰਦਰ 31 ਮਾਰਚ ਤੋਂ 30 ਅਪ੍ਰੈਲ ਤੱਕ ਪਬਲਿਕ ਟਰਾਂਸਪੋਰਟ ਵਿੱਚ ਫਰੀ ਯਾਤਰਾ ਦੀ ਸਹੂਲਤ ਮੌਜੁਦ ਹੈ। ਖੇਡ ਕੰਪਲੈਕਸ ਦੇ ਆਲੇ-ਦੁਆਲੇ ਪੇਡ-ਪਾਰਕਿੰਗ ਲੱਭਣੀ ਪਵੇਗੀ ਅਤੇ ਪਾਰਕਿੰਗ ਦੇ ਸਮੇਂ-ਸਥਾਨ ਦੀ ਉਲੰਘਣਾ ਕਰਨ ਕਰਕੇ ਪਾਰਕਿੰਗ ਫਾਈਨ ਮਿਲਣ ‘ਤੇ ਨਿਰਾਸ਼ਾ ਦਾ ਸ੍ਹਾਮਣਾ ਕਰਨਾ ਪੈ ਸਕਦਾ ਹੈ।
ਅੱਜ 3 ਅਪ੍ਰੈਲ ਤੋਂ ਸ਼ੁਰੂ ਹੋ ਗਈਆਂ ‘ਆਸਟ੍ਰੇਲੀਅਨ ਸਿੱਖ ਗੇਮਜ਼’ ਦੀ ਮੇਜ਼ਬਾਨੀ ਕਰਨ ਦਾ ਮਾਣ ਇਸ ਵਾਰ ਮੈਲਬੌਰਨ ਦੇ ਸਿੱਖ ਭਾਈਚਾਰੇ ਨੂੰ ਹਾਸਲ ਹੋਇਆ ਹੈ। ਅੱਜ ਤੋਂ 38 ਸਾਲ ਪਹਿਲਾਂ, ਸਾਊਥ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਸਿੱਖ ਭਾਈਚਾਰੇ ਵਲੋਂ ਮਿਲ-ਬੈਠ ਕੇ ਅਤੇ ਗੰਭੀਰ ਵਿਚਾਰਾਂ ਕਰਕੇ ਦਰਪੇਸ਼ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਸੰਨ 1988 ਵਿੱਚ ਹਾਕੀ ਦੇ ਮੈਚ ਦੁਆਰਾ ‘ਸਿੱਖ ਖੇਡਾਂ’ ਦੀ ਸ਼ੁਰੂਆਤ ਕੀਤੀ ਗਈ ਸੀ। ਹਰ ਸਾਲ ਈਸਟਰ ਲੌਂਗ ਵੀਕਐਂਡ ਵਾਲੇ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ‘ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕਮੇਟੀ’ ਦੀ ਅਗਵਾਈ ਹੇਠ ਪਹਿਲਾਂ ਤੋਂ ਨਿਰਧਾਰਤ, ਆਸਟ੍ਰੇਲੀਆ ਦੇ ਕਿਸੇ ਸ਼ਹਿਰ ਦੀ ਸਿੱਖ ਖੇਡ ਪ੍ਰਬੰਧਕ ਕਮੇਟੀ ਦੁਆਰਾ ਸਿੱਖਂ ਖੇਡਾਂ ਦਾ ਅਯੋਜਨ ਕੀਤਾ ਜਾਂਦਾ ਹੈ। ਇਹਨਾਂ ਖੇਡਾਂ ਦਾ ਘੇਰਾ ਸ਼ੁਰੂਆਤ ਤੋਂ ਲੈ ਕੇ ਦਿਨੋ-ਦਿਨ ਵਿਸ਼ਾਲ ਹੁੰਦਾ ਗਿਆ ਹੈ, ਜਿਸ ਵਿੱਚ ਭਾਰਤ, ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ, ਹੌਂਗਕੌਂਗ, ਕੈਨੇਡਾ ਅਤੇ ਯੂਕੇ ਤੋਂ ਖਿਡਾਰੀ ਅਤੇ ਦਰਸ਼ਕ ਹਿੱਸਾ ਲੈਂਦੇ ਹਨ।
ਇਸ ਵਾਰ ਦੀਆਂ ਖੇਡਾਂ ਦੇ ਵਿੱਚ ਐਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਕ੍ਰਿਕਟ, ਸੌਕਰ (ਜੂਨੀਅਰ, ਮਹਿਲਾ ਅਤੇ ਸੀਨੀਅਰ), ਗੋਲਫ, ਹਾਕੀ (ਮਹਿਲਾ ਅਤੇ ਜੂਨੀਅਰ), ਕਬੱਡੀ, ਖੋ-ਖੋ (ਨਵੀਂ ਸ਼ੁਰੂਆਤ), ਨੈਟਬਾਲ, ਟੈਨਿਸ, ਵਾਲੀਬਾਲ, ਕੁਸ਼ਤੀ, ਪਾਵਰਲਿਫਟਿੰਗ, ਗਤਕਾ (ਹੁਣ ਮੁਕਾਬਲੇ ਵਾਲੀ ਖੇਡ ਵਜੋਂ ਸ਼ਾਮਲ) ਅਤੇ ਰੱਸਾ ਖਿੱਚਣਾ (ਮੁੜ ਸ਼ੁਰੂ ਕੀਤੀ ਗਈ ਖੇਡ) ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ ਦਰਸ਼ਕਾਂ ਲਈ ਵਿਸੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਸਿੱਖ ਖੇਡਾਂ ਸਿਹਤ ਅਤੇ ਤੰਦਰੁਸਤੀ ਦੇ ਨਾਲ-ਨਾਲ ਸਿੱਖ ਧਾਰਮਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਦੀਆਂ ਹਨ। ਇਸ ਮੌਕੇ ‘ਸਿੱਖ ਫੋਰਮ’ ਤੋਂ ਇਲਾਵਾ ਸਿੱਖ ਰੀਤੀ-ਰਿਵਾਜ਼ਾਂ ਸਬੰਧੀ ਕਈ ਤਰ੍ਹਾਂ ਦੀਆਂ ਵਰਕਸ਼ਾਪਾਂ ਅਤੇ ਸਭਿਆਚਾਰਕ ਸਰਗਰਮੀਆਂ ਚੱਲਦੀਆਂ ਰਹਿੰਦੀਆਂ ਹਨ।
ਮੈਲਬੌਰਨ ਸਿੱਖ ਖੇਡਾਂ ਦੀ ਪ੍ਰਬੰਧਕ ਕਮੇਟੀ ਵਲੋਂ ਇਸ ਵਾਰ ਦੀਆਂ ਸਿੱਖ ਖੇਡਾਂ ਮੈਲਬੌਰਨ ਦੇ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਕਰਾਈਆਂ ਜਾ ਰਹੀਆਂ ਕਰਾਈਆਂ ਜਾ ਰਹੀਆਂ ਹਨ। ਇਸ ਵਾਰ ਮੈਲਬੌਰਨ ਸਿੱਖ ਖੇਡਾਂ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਧਾਨ ਜਗਜੀਤ ਸਿੰਘ ਚੁੱਘਾ, ਸੀਨੀਅਰ ਉਪ ਪ੍ਰਧਾਨ ਰੁਪਿੰਦਰ ਬਰਾੜ, ਉਪ ਪ੍ਰਧਾਨ ਅਰਸ਼ਦੀਪ ਸਿੰਘ, ਉਪ ਪ੍ਰਧਾਨ ਕੁਲਵੰਤ ਸਿੰਘ, ਉਪ ਪ੍ਰਧਾਨ ਗੁਰਪ੍ਰੀਤ ਛੋਕਰ, ਉਪ ਪ੍ਰਧਾਨ ਮੁਸਕਾਨ ਸਰੋਆ, ਸਕੱਤਰ ਉਦੇਸ਼ ਵਿਰਦੀ, ਸਹਾਇਕ ਸਕੱਤਰ ਉਂਕਾਰ ਸੇਖੋਂ, ਖਜ਼ਾਨਚੀ ਗੁਰਦੀਪ ਦਿਓਲ, ਖਜ਼ਾਨਚੀ ਮਨਜੋਤ ਸਿੰਘ, ਖੇਡਾਂ/ਆਈਟੀ ਮਨਦੀਪ ਜੌਹਲ, ਮਹਿਲਾ ਸ਼ਮੂਲੀਅਤ ਸੰਦੀਪ ਕੌਰ, ਮਹਿਲਾ ਸ਼ਮੂਲੀਅਤ ਮਾਰਨੀ ਸਿੱਧੂ, ਕਮੇਟੀ ਮੈਂਬਰ ਹਰਜਿੰਦਰ ਅਟਵਾਲ, ਕਮੇਟੀ ਮੈਂਬਰ ਅਮਰਜੀਤ ਭੁੱਲਰ, ਕਮੇਟੀ ਮੈਂਬਰ ਗੁਰਪ੍ਰੀਤ ਔਲਖ, ਕਮੇਟੀ ਮੈਂਬਰ ਹਰਸ਼ਦੀਪ ਸਿੰਘ, ਕਮੇਟੀ ਮੈਂਬਰ ਮੁਖਤਿਆਰ ਬਾਸੀ, ਕਮੇਟੀ ਮੈਂਬਰ ਪਰਮਿੰਦਰ ਸਿੰਘ, ਕਮੇਟੀ ਮੈਂਬਰ ਸਤਵਿੰਦਰ ਸਿੰਘ, ਕਮੇਟੀ ਮੈਂਬਰ ਵਿਕਰਮਦੀਪ ਥਿੰਦ ਅਤੇ ਕਮੇਟੀ ਮੈਂਬਰ ਕਮਲ ਮਾਨ ਸ਼ਾਮਿਲ ਹਨ। ਇਸ ਤੋਂ ਇਲਾਵਾ ਖੇਡ ਕੋਆਰਡੀਨੇਟਰ ਅਤੇ ਵੱਡੀ ਗਿਣਤੀ ਦੇ ਵਿੱਚ ਵਲੰਟੀਅਰਜ਼ ਇਹਨਾਂ ਖੇਡਾਂ ਨੂੰ ਸਫ਼ਲ ਬਨਾਉਣ ਦੇ ਲਈ ਸਖਤ ਮਿਹਨਤ ਕਰ ਰਹੇ ਹਨ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ, ਗੁਰਦੁਆਰਾ ਸਾਹਿਬ ਟਾਰਨੇਟ, ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਆਦਿ ਵਲੋਂ ਵਿੱਤੀ ਅਤੇ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕਈ ਹੋਰ ਨਿਸ਼ਕਾਮ ਜਥੇਬੰਦੀਆਂ ਅਤੇ ਬਹੁਤ ਸਾਰੇ ਹੋਰ ਸੇਵਾਦਾਰਾਂ ਦੇ ਵਲੋਂ ਇਸ ਵਾਰ ਦੀਆਂ ਸਿੱਖ ਖੇਡਾਂ ਨੂੰ ਸਫਲ ਬਨਾਉਣ ਦੇ ਵਿੱਚ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ। ਇਹਨਾਂ ਖੇਡਾਂ ਦਾ ਪ੍ਰਬੰਧ ਫੈਡਰਲ ਅਤੇ ਸਟੇਟ ਸਰਕਾਰਾਂ ਦੁਆਰਾ ਦਿੱਤੇ ਗਏ ਫੰਡਾਂ, ਕਾਰੋਬਾਰੀ ਸਪਾਂਸਰਸਿ਼ਪ ਅਤੇ ਦਾਨੀ ਸੱਜਣਾ ਦੁਆਰਾ ਦਿੱਤੇ ਗਏ ਵਿੱਤੀ ਸਹਿਯੋਗ ਦੁਆਰਾ ਕਰਵਾਇਆ ਜਾ ਰਿਹਾ ਹੈ। ‘ਮੈਲਬੌਰਨ ਸਿੱਖ ਗੇਮਜ਼ 2026’ ਦੇ ਪ੍ਰਬੰਧਕਾਂ ਨੂੰ 3 ਦਿਨਾਂ ਖੇਡ ਸਮਾਗਮ ਦੇ ਦੌਰਾਨ 3 ਲੱਖ ਦੇ ਲੱਗਭਗ ਦਰਸਕ਼ਾਂ ਦੇ ਪੁੱਜਣ ਦੀ ਉਮੀਦ ਹੈ ਅਤੇ ਸੈਰ-ਸਪਾਟੇ ਦੁਆਰਾ ਵਿਕਟੋਰੀਅਨ ਦੀ ਅਰਥ-ਵਿਵਸਥਾ ਦੇ ਵਿੱਚ 15 ਮਿਲੀਅਨ ਡਾਲਰ ਤੋਂ ਵੱਧ ਦਾ ਯੋਗਦਾਨ ਪਾਉਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
