ਕੈਨਬਰਾ – ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਸਟੇਟ ਅਤੇ ਟੈਰੇਟਰੀ ਪ੍ਰੀਮੀਅਰਾਂ ਨੂੰ ਕਿਹਾ ਜਦੋਂ 80 ਪ੍ਰਤੀਸ਼ਤ ਬਾਲਗ ਕੋਵਿਡ-19 ਖ਼ਿਲਾਫ਼ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਹਨ ਤਾਂ ਸੂਬਿਆਂ ਦੀਆਂ ਸਰਹੱਦਾਂ ਬੰਦ ਰੱਖਣ ਦਾ ਕੋਈ ਕਾਰਨ ਨਹੀਂ ਹੈ। ਉਹਨਾਂ ਕਿਹਾ ਕਿ ਟੀਕਾਕਰਨ ਦੇ ਮਾਮਲੇ ਵਿਚ ਦੇਸ਼ ਦੇ ਅਗਲੇ ਕੁੱਝ ਮਹੀਨਿਆਂ ਵਿੱਚ ਇੱਕ ਮੀਲ ਪੱਥਰ ‘ਤੇ ਪਹੁੰਚਣ ਦੀ ਉਮੀਦ ਹੈ ਅਤੇ ਕ੍ਰਿਸਮਿਸ ਤੱਕ ਘਰੇਲੂ ਸਰਹੱਦਾਂ ਦੁਬਾਰਾ ਖੋਲ੍ਹਣ ਵਿਚ ਮੱਦਦ ਲਈ ਉਹ ਆਸਟ੍ਰੇਲੀਅਨ ਲੋਕਾਂ ਦੇ ਧੰਨਵਾਦੀ ਹਨ।
ਮੌਰਿਸਨ ਨੇ ਕਿਹਾ ਕਿ,”ਇਹ ਮਹੱਤਵਪੂਰਨ ਹੈ ਕਿ ਅਸੀਂ ਅੱਗੇ ਵਧੀਏ। ਅਸੀਂ ਦੂਜੇ ਗੇਅਰ ਵਿੱਚ ਨਹੀਂ ਰਹਿ ਸਕਦੇ। ਵਾਇਰਸ ਨਾਲ ਰਹਿਣ ਦੇ ਲਈ ਸਾਨੂੰ ਸਿਖਰਲੇ ਪੱਧਰ ‘ਤੇ ਪਹੁੰਚਣਾ ਪਵੇਗਾ।” ਮੌਰਿਸਨ ਮੁਤਾਬਕ,’ਮੇਰਾ ਸੰਦੇਸ਼ ਆਸਟ੍ਰੇਲੀਅਨ ਲੋਕਾਂ ਲਈ ਵਧੇਰੇ ਹੈ ਕਿ ਮੈਂ ਉਨ੍ਹਾਂ ਨੂੰ ਕ੍ਰਿਸਮਿਸ ਲਈ ਜੋ ਕੁਝ ਦੇਣਾ ਚਾਹੁੰਦਾ ਹਾਂ ਉਸ ਵਿਚ ਉਨ੍ਹਾਂ ਨੂੰ ਸਧਾਰਨ ਜ਼ਿੰਦਗੀ ਵਿਚ ਵਾਪਸ ਭੇਜਣਾ ਹੈ। ਹਾਲਾਂਕਿ, ਕੁਝ ਰਾਜ ਦੇ ਪ੍ਰੀਮੀਅਰ ਸਰਕਾਰ ਦੇ ਚਾਰ-ਪੜਾਵੀ ਰੋਡਮੈਪ ਤੋਂ ਬਾਹਰ ਹੋ ਗਏ ਹਨ ਕਿਉਂਕਿ ਦੇਸ਼ ਵਾਇਰਸ ਦੀ ਤੀਜੀ ਲਹਿਰ ਨਾਲ ਜੂਝ ਰਿਹਾ ਹੈ।
ਵਰਨਣਯੋਗ ਹੈ ਕਿ ਯੋਜਨਾ ਦੇ ਤਹਿਤ ਘਰੇਲੂ ਸਰਹੱਦਾਂ ਉਦੋਂ ਖੁੱਲ੍ਹਣਗੀਆਂ ਜਦੋਂ 16 ਤੋਂ ਵੱਧ ਉਮਰ ਦੇ 80 ਪ੍ਰਤੀਸ਼ਤ ਲੋਕ ਵੈਕਸੀਨ ਦੀਆਂ ਦੋ ਖੁਰਾਕਾਂ ਲੈ ਲੈਣਗੇ। ਸਿਹਤ ਵਿਭਾਗ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, 16 ਅਤੇ ਇਸ ਤੋਂ ਵੱਧ ਉਮਰ ਦੇ 75.4 ਪ੍ਰਤੀਸ਼ਤ ਆਸਟ੍ਰੇਲੀਅਨ ਲੋਕਾਂ ਨੇ ਕੋਵਿਡ -19 ਵੈਕਸੀਨ ਲਿਆ ਹੈ ਜਦਕਿ 50.9 ਪ੍ਰਤੀਸ਼ਤ ਲੋਕਾਂ ਨੇ ਦੋਨੋਂ ਵੈਕਸੀਨ ਲੈ ਲਈਆਂ ਹਨ।