Magazine Articles

ਕਿਉਂ ਬਣਾਏ ਗਏ ਦਿੱਲੀ ਗੁਰਦੁਆਰਾ ਕਮੇਟੀ ਦੇ ਦੋ ਐਕਟਿੰਗ ਪ੍ਰਧਾਨ?

 width=
ਲੇਖਕ: ਜਸਵੰਤ ਸਿੰਘ ‘ਅਜੀਤ’

ਸ਼ਾਇਦ ਤੁਸੀਂ ਸੋਚਦੇ ਹੋਵੋਗੇ ਕਿ ਸੰਸਦ ਵਲੋਂ ਪਾਸ ਕਾਨੂੰਨ ਦੇ ਤਹਿਤ ਗਠਤ ਕਿਸੇ ਲੋਕਤਾਂਤ੍ਰਿਕ ਸੰਸਥਾ ਦੇ ਦੋ ਐਕਟਿੰਗ ਪ੍ਰਧਾਨ ਕਿਵੇਂ ਹੋ ਸਕਦੇ ਹਨ? ਪਰ ਇਹ ਸੱਚ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ, ਇੱਕ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਅਤੇ ਦੂਜਾ ਕਮੇਟੀ ਦਾ ਜੂਨੀਅਰ ਮੀਤ ਪ੍ਰਧਾਨ ਸ. ਕੁਲਵੰਤ ਸਿੰਘ ਬਾਠ, ਐਕਟਿੰਗ ਪ੍ਰਧਾਨ ਹਨ। ਜਦਕਿ ਦਿੱਲੀ ਗੁਰਦੁਆਰਾ ਐਕਟ ਅਨੁਸਾਰ ਪ੍ਰਧਾਨ ਦੀ ਗੈਰ-ਹਾਜ਼ਰੀ ਵਿਚ ਸੀਨੀਅਰ ਮੀਤ ਪ੍ਰਧਾਨ ਹੀ ਪ੍ਰਧਾਨ ਦੇ ਸਮੁਚੇ ਅਧਿਕਾਰਾਂ ਦੀ ਵਰਤੋਂ ਕਰ ਸਕਦਾ ਹੈ, ਪਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੇ ਜਿਵੇਂ ਹੋਰ ਸਾਰੇ ਹੀ ਕੰਮ, ਭਾਵੇਂ ਗੱਲ ਸਿੱਖ ਇਤਿਹਾਸ ਦੀ ਹੋਵੇ ਜਾਂ ਸਿੱਖ ਧਰਮ ਦੀ, ਆਪਣੇ ਆਪ ਵਿੱਚ ਨਿਰਾਲੇ, ਮੂਲ ਮਾਨਤਾਵਾਂ ਤੋਂ ਕੋਹਾਂ ਦੂਰ ਹੁੰਦੇ ਹਨ। ਉਸੇ ਹੀ ਤਰ੍ਹਾਂ ਲੰਬੇ ਇਕਾਂਤਵਾਸ ਵਿੱਚ ਜਾਂਦਿਆਂ ਵੀ ਉਨ੍ਹਾਂ ਨੇ ਆਪਣੀ ਪ੍ਰਧਾਨਗੀ ਦੇ ਅਧਿਕਾਰ, ਗੁਰਦੁਆਰਾ ਐਕਟ ਵਿੱਚ ਨਿਸ਼ਚਤ ਕੀਤੇ ਗਏ ਹੋਏ ਸੰਵਿਧਾਨ ਤੋਂ ਹੱਟ ਕੇ, ਸੀਨੀਅਰ ਅਤੇ ਜੂਨੀਅਰ ਪ੍ਰਧਾਨ ਵਿੱਚ, ਅਰਥਾਤ ਦੋ ਹਿਸਿਆ ਵਿੱਚ ਵੰਡ ਕੇ, ਇੱਕ ‘ਨਵੀਂ ਅਤੇ ਅਦੁੱਤੀ’ ਮਿਸਾਲ ਕਾਇਮ ਕਰ ਦਿੱਤੀ ਹੈ। ਉਨ੍ਹਾਂ ਵਲੋਂ ਕੀਤੀ ਗਈ ਵੰਡ ਦੇ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਨੂੰ ਕੇਵਲ ਵਿੱਤੀ ਮਾਮਲੇ ਦੇਖਣ ਦਾ ਅਧਿਕਾਰ ਹੋਵੇਗਾ ਜਦਕਿ ਜੂਨੀਅਰ ਮੀਤ ਪ੍ਰਧਾਨ ਬਾਕੀ ਸਾਰੇ ਪ੍ਰਬੰਧਕੀ ਮਾਮਲੇ ਦੇਖੇਗਾ। ਇਸ ਤਰ੍ਹਾਂ ਮਿਲੇ ਅਧਿਕਾਰਾਂ ਨੂੰ ਲੈਕੇ ਦੋਹਾਂ ਵਲੋਂ ਆਪਣੇ ਆਪਨੂੰ ਗੁਰਦੁਆਰਾ ਕਮੇਟੀ ਦਾ ਐਕਟਿੰਗ ਪ੍ਰਧਾਨ ਐਲਾਨ, ਕਮੇਟੀ ਵਿੱਚ ਸ.ਸਿਰਸਾ ਵਲੋਂ ਸੌਂਪੀਆਂ ਗਈਆਂ ਜ਼ਿਮੇਂਦਰੀਆਂ ਸੰਭਾਲ ਲਈਆਂ ਗਈਆਂ ਹਨ।
ਮਨਜੀਤ ਸਿੰਘ ਜੀਕੇ ਦੀ ਸ਼ਰਤ: ਦੱਸਿਆ ਜਾਂਦਾ ਹੈ ਕਿ ਬੀਤੇ ਦਿਨੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਸਾਬਕਾ ਪ੍ਰਧਾਨਾਂ, ਸ. ਅਵਤਾਰ ਸਿੰਘ ਹਿਤ, ਸ. ਪਰਮਜੀਤ ਸਿੰਘ ਸਰਨਾ, ਸ. ਮਨਜੀਤ ਸਿੰਘ ਜੀਕੇ ਅਤੇ ਵਰਤਮਾਨ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੂੰ ਇੱਕ ਪੱਤਰ ਲਿਖਕੇ, ਉਨ੍ਹਾਂ ਪਾਸੋਂ, ਉਨ੍ਹਾਂ ਦੋਸ਼ਾਂ ਦੀ ਜਾਂਚ ਲਈ, ਜਾਂਚ-ਕਮੇਟੀ ਬਣਾਏ ਜਾਣ ਲਈ ਸਹਿਮਤੀ ਦੇਣ ਲਈ ਕਿਹਾ ਹੈ, ਜੋ ਉਨ੍ਹਾਂ ਜਥੇਦਾਰ ਸਾਹਿਬ ਦੇ ਸਾਹਮਣੇ ਇੱਕ-ਦੂਸਰੇ ਪੁਰ ਲਿਖਤੀ ਰੂਪ ਵਿੱਚ ਲਾਏ ਗਏ ਸਨ। ਦਸਿਆ ਜਾਂਦਾ ਹੈ ਕਿ ‘ਜਾਗੋ’ (ਜਗ ਆਸਰਾ ਗੁਰੂ ਓਟ) ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਦੂਸਰੇ ਮੁਖੀਆਂ ਵਾਂਗ ਜਥੇਦਾਰ ਸਾਹਿਬ ਨੂੰ ਪੱਤਰ ਲਿਖ, ਜਾਂਚ ਕਮੇਟੀ ਬਣਾਏ ਜਾਣ ਨਾਲ ਸਹਿਮਤ ਹੋਣ ਦਾ ਵਿਸ਼ਵਾਸ ਤਾਂ ਦੁਆਇਆ ਹੀ ਹੈ, ਪ੍ਰੰਤੂ ਇਸਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਹੈ ਕਿ ਗੁਰਦੁਅਰਾ ਕਮੇਟੀ ਦੇ ਮੁਖੀ ਸ. ਸਿਰਸਾ ਆਦਿ ਪੁਰ ਲਾਏ ਗਏ ਦੋਸ਼ਾਂ ਦੀ ਨਿਰਪੱਖ ਜਾਂਚ ਤਾਂ ਹੀ ਸੰਭਵ ਹੋਵੇਗੀ, ਜੇ ਉਨ੍ਹਾਂ ਨੂੰ ਜਾਂਚ ਦੇ ਮੁਕੰਮਲ ਹੋਣ ਤੱਕ, ਕਮੇਟੀ ਨਾਲ ਸੰਬੰਧਤ ਸਾਰੀਆਂ ਪ੍ਰਬੰਧਕੀ ਜ਼ਿੰਮੇਂਦਾਰੀਆਂ ਨਿਭਾਉਣ ਤੋਂ ਲਾਂਭੇ ਕਰ ਦਿੱਤਾ ਜਾਏ। ਉਨ੍ਹਾਂ ਕਿਹਾ ਕਿ ਜੇ ਜਾਂਚ ਦੌਰਾਨ ਉਹ ਆਪਣੇ ਅਹੁਦਿਆਂ ਪੁਰ ਬਣੇ ਰਹਿੰਦੇ ਹਨ ਤਾਂ ਉਹ ਆਪਣੇ ਉਪਰ ਲਾਏ ਗਏ ਦੋਸ਼ਾਂ ਦੀ ਹੋਣ ਵਾਲੀ ਜਾਂਚ ਨੂੰ ਪ੍ਰਭਾਵਤ ਕਰ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਸ. ਮਨਜੀਤ ਸਿੰਘ ਜੀਕੇ ਨੇ ਆਪਣੇ ਪੱਤਰ ਵਿੱਚ ਇਹ ਖਦਸ਼ਾ ਵੀ ਪ੍ਰਗਟ ਕੀਤਾ ਹੈ ਕਿ ਜੇ ਉਹ ਇਸ ਦੌਰਾਨ ਆਪਣੇ ਅਹੁਦਿਆਂ ਪੁਰ ਬਣੇ ਰਹਿੰਦੇ ਹਨ ਤਾਂ ਉਹ ਆਪਣੇ ਵਿਰੋਧਆਂ, ਸ. ਜੀਕੇ ਅਤੇ ਸ. ਸਰਨਾ ਨਾਲ ਸੰਬੰਧਤ ਗੁਰਦੁਆਰਾ ਕਮੇਟੀ ਦੇ ਦਫਤਰ ਵਿਚਲੀਆ ਫਾਈਲਾਂ ਵਿੱਚ ਹੇਰਾ-ਫੇਰੀ ਕਰ ਸਕਦੇ ਹਨ।
ਦਾਦੂਵਾਲ ਦੀ ਜਿੱਤ: ਬੀਤੇ ਦਿਨੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੀ ਹੋਈ ਚੋਣ ਵਿੱਚ ਦੀਦਾਰ ਸਿੰਘ  width=ਨਲਵੀ ਗੁਟ ਦੇ ਉਮੀਦਵਾਰ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਵਿਰੋਧੀ ਜਗਦੀਸ਼ ਸਿੰਘ ਝੀਂਡਾ ਗੁਟ ਦੇ ਉਮੀਦਵਾਰ ਜਸਬੀਰ ਸਿੰਘ ਖਾਲਸਾ ਨੂੰ (17 ਵੋਟਾਂ) ਦੇ ਮੁਕਾਬਲੇ 19 ਵੋਟਾਂ ਲੈ ਕੇ ਜਿਤ ਪ੍ਰਾਪਤ ਕੀਤੀ। ਦਸਿਆ ਗਿਆ ਹੈ ਕਿ ਦਾਦੂਵਾਲ ਨੇ ਆਪਣੀ ਜਿੱਤ ਦੇ ਲਈ ਵਿਰੋਧੀ ਧਿਰ ਦੇ ਮੈਂਬਰਾਂ ਸਹਿਤ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਹਰਿਆਣੇ ਵਿੱਚ ਸਿੱਖੀ ਦੇ ਪ੍ਰਚਾਰ-ਪਸਾਰ ਨੂੰ ਪਹਿਲ ਦੇਣਗੇ ਅਤੇ ਹਰਿਆਣੇ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣੇ ਦੇ ਸਿੱਖਾਂ ਦੇ ਹੱਥ ਵਿੱਚ ਸੌਂਪੇ ਜਾਣ ਦੇ ਮੁੱਦੇ ਨੂੰ ਲੈਕੇ ਸੁਪ੍ਰੀਮ ਕੋਰਟ ਵਿੱਚ ਜੋ ਕੇਸ ਚੱਲ ਰਿਹਾ ਹੈ, ਉਸਦੀ ਪੈਰਵੀ ਪੂਰੀ ਦ੍ਰਿੜ੍ਹਤਾ ਨਾਲ ਕਰਨਗੇ।
ਮਿਲੀ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਦਾਦੂਵਾਲ ਦੇ ਹੱਕ ਵਿੱਚ ਸਰਬਸੰਮਤੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ ਤੇ ਦਲ ਦੇ ਸਕਤੱਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਜੀ ਤੋੜ ਯਤਨ ਕੀਤੇ ਪਰ ਸ. ਜਗਦੀਸ਼ ਸਿੰਘ ਝੀਂਡਾ ਨੇ ਆਪਣੀ ਜਿੱਤ ਪੱਕੀ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਦੇ ਯਤਨਾਂ ਨੂੰ ਸਫਲ ਨਾ ਹੋਣ ਦਿੱਤਾ। ਦੂਜੇ ਪਾਸੇ ਹਾਲਾਂਕਿ ਇਹ ਮੰਨਿਆ ਜਾਂਦਾ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮਟੀ ਵਿਚਲੇ ਦੋਵੇਂ ਧੜੇ ਇਸ ਕਮੇਟੀ ਦੇ ਝੰਡੇ ਹੇਠ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਪਰਿਵਾਰ ਦੇ ਚੁੰਗਲ ਵਿਚੋਂ ਅਜ਼ਾਦ ਕਰਵਾ, ਆਪਣੇ ਰਾਜ, ਹਰਿਆਣਾ-ਵਾਸੀ ਸਿੱਖਾਂ ਦੇ ਹੱਥ ਵਿੱਚ ਲਿਆਏ ਜਾਣ ਲਈ ਹੀ ਜਦੋ-ਜਹਿਦ ਕਰ ਰਹੇ ਹਨ, ਜਿਸ ਕਾਰਣ ਇਸ ਚੋਣ ਵਿੱਚ ਹੋਈ ਹਾਰ-ਜਿੱਤ ਨੂੰ ਕਿਸੇ ਵਿਸ਼ੇਸ਼ ਦਲ ਦੇ ਨਾਲ ਨਾ ਜੋੜਦਿਆਂ ਹੋਇਆਂ, ਕਮੇਟੀ ਦੇ ਹੀ ਇੱਕ ਧੜੇ ਦੀ ਜਿੱਤ ਅਤੇ ਦੂਸਰੇ ਧੜੇ ਦੀ ਹਾਰ ਮੰਨਿਆ ਜਾ ਰਿਹਾ ਹੈ। ਫਿਰ ਵੀ ਹਰਿਆਣਾ ਵਿਚਲੇ ਬਾਦਲ-ਵਿਰੋਧੀ ਹਲਕਿਆਂ ਵਲੋਂ ਜਗਦੀਸ਼ ਸਿੰਘ ਝੀਂਡਾ ਧੜੇ ਦੀ ਹਾਰ ਨੂੰ ਬਾਦਲ ਅਕਾਲੀ ਦਲ ਦੀ ਹਾਰ ਕਰਾਰ ਦਿੱਤਾ ਜਾ ਰਿਹਾ ਹੈ। ਇਸਦਾ ਕਾਰਣ ਸ਼ਾਇਦ ਇਹ ਮੰਨਿਆ ਜਾਂਦਾ ਹੈ ਕਿ ਬਾਦਲ ਪਰਿਵਾਰ ਦੀ ਸੱਤਾ-ਅਧੀਨ ਸ਼੍ਰੋਮਣੀ ਕਮੇਟੀ ਦੇ ਚਾਰ ਪ੍ਰਤੀਨਿਧਾਂ ਨੇ ਬਲਜੀਤ ਸਿੰਘ ਦਾਦੂਵਾਲ ਦੇ ਵਿਰੁੱਧ ਜਸਬੀਰ ਸਿੰਘ ਖਾਲਸਾ ਦੇ ਹੱਕ ਵਿੱਚ ਮਤਦਾਨ ਕੀਤਾ ਹੈ।
ਕੋਈ ਸਮਾਂ ਸੀ, ਜਦੋਂ…: ਅੱਜ ਫਿਰ ਯਾਦ ਆਉਂਦੀ ਹੈ ਉਨ੍ਹਾਂ ਦਿਨਾਂ ਦੀ, ਜਦੋਂ ਦਾਦੀਆਂ-ਨਾਨੀਆਂ ਅਤੇ ਮਾਵਾਂ ਵਲੋਂ ਗੁਰੂ ਸਾਹਿਬਾਂ ਅਤੇ ਸਿੱਖ ਸ਼ਹੀਦਾਂ ਦੇ ਜੀਵਨ ਨਾਲ ਸਬੰਧਤ ਜੋ ਕਥਾ-ਕਹਾਣੀਆਂ ਸੁਣਾਈਆਂ ਜਾਂਦੀਆਂ, ਉਨ੍ਹਾਂ ਨੂੰ ਦਿਲ ਦੀਆਂ ਡੂੰਘੀਆਈਆਂ ਤੋਂ ਸਵੀਕਾਰ ਕਰ, ਜੀਵਨ ਵਿਚ ਵਸਾ ਲਿਆ ਜਾਂਦਾ ਸੀ। ਉਹ ਵਿਸ਼ਵਾਸ ਤੇ ਉਸਤੋਂ ਉਪਜੀ ਸ਼ਰਧਾ ਜੀਵਨ ਦੇ ਆਦਰਸ਼ ਬਣ ਜਾਂਦੇ ਸਨ। ਨਾ ਕੋਈ ਵਿਵਾਦ ਹੁੰਦਾ ਸੀ ਤੇ ਨਾ ਕੋਈ ਸ਼ੰਕਾ। ਇਹੀ ਵਿਸ਼ਵਾਸ ਅਤੇ ਸ਼ਰਧਾ ਹੀ ਸੀ, ਜਿਸਦੇ ਸਹਾਰੇ ਸਿੱਖ ਜ਼ਬਰ-ਜ਼ੁਲਮ ਅਤੇ ਬੇਇਨਸਾਫੀ ਵਿਰੁਧ ਜੂਝਦੇ ਅਤੇ ਗ਼ਰੀਬ ਮਜ਼ਲੂਮ ਦੀ ਰਖਿਆ ਪ੍ਰਤੀ ਵਚਨਬੱਧ ਰਹਿੰਦਿਆਂ ਜੰਗਲਾਂ ਬੇਲਿਆਂ ਵਿੱਚ ਛੁਪਦੇ-ਛੁਪਾਂਦੇ ਜੀਵਨ-ਕਟੀ ਤੇ ਕੁਰਬਾਨੀਆਂ ਕਰਦੇ ਚਲੇ ਆ ਰਹੇ ਸਨ। ਚਰਖੜੀਆਂ ਤੇ ਚੜ੍ਹਦਿਆਂ, ਖੋਪਰੀਆਂ ਉਤਰਵਾਂਦਿਆਂ, ਆਰਿਆਂ ਨਾਲ ਚਿਰਵਾਇਆਂ ਤੇ ਬੰਦ-ਬੰਦ ਕਟਵਾਂਦਿਆਂ ਹੋਇਆਂ ਵੀ, ਕਦੀ ਡੋਲੇ ਨਹੀਂ ਸਨ। ਇਸੇ ਵਿਸ਼ਵਾਸ ਅਤੇ ਸ਼ਰਧਾ ਦੇ ਚਲਦਿਆਂ ਹੀ ਸਿੱਖਾਂ ਨੇ ਗੁਰਧਾਮਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਣ ਲਈ ਅਨਗਿਣਤ ਸ਼ਹੀਦੀਆਂ ਦਿਤੀਆਂ, ਜੰਡਾਂ ਨਾਲ ਬੰਨ੍ਹ ਸਾੜੇ ਗਏ, ਟੋਟੇ-ਟੋਟੇ ਕੀਤੇ ਗਏ, ਫਿਰ ਵੀ ਉਨ੍ਹਾਂ ਆਪਣੇ ਸਿੱਖੀ ਸਿਦਕ ਅਤੇ ਗੁਰੂ ਸਾਹਿਬਾਂ ਪ੍ਰਤੀ ਆਪਣੀ ਸ਼ਰਧਾ ਵਿਚ ਤਰੇੜ ਨਹੀਂ ਆਉਣ ਦਿੱਤੀ। ਇਹੀ ਉਹ ਵਿਸ਼ਵਾਸ ਅਤੇ ਸ਼ਰਧਾ ਸੀ ਜਿਸਨੇ ਉਨ੍ਹਾਂ ਦੇ ਆਚਰਣ ਨੂੰ ਇਤਨਾ ਉੱਚਿਆ ਦਿਤਾ ਸੀ, ਕਿ ਦੁਸ਼ਮਣ ਵੀ ਉਨ੍ਹਾਂ ਦੇ ਜੀਵਨ-ਆਚਰਣ ਦੀ ਪ੍ਰਸ਼ੰਸਾ ਕਰਨੋਂ ਨਹੀਂ ਸਨ ਰਹਿ ਸਕਦੇ।
…ਅਤੇ ਅੰਤ ਵਿੱਚ: ਬੀਤੇ ਦਿਨੀਂ ਇੱਕ ਪਰਵਾਰਿਕ ਸਮਾਗਮ ਦੌਰਾਨ ਸਾਬਤ ਸੂਰਤ ਇੱਕ ਸਿੱਖ ਨੌਜਵਾਨ ਨੂੰ ਸਿਰ ‘ਤੇ ਟੋਪੀ ਪਾਈ ਵੇਖਿਆ ਤਾਂ ਉਸਨੂੰ ਇਹ ਪੁੱਛੇ ਬਿਨਾ ਰਿਹਾ ਨਹੀਂ ਜਾ ਸਕਿਆ ਕਿ ‘ਕਾਕਾ, ਇਤਨੇ ਸੁੰਦਰ ਚੇਹਰੇ ਦੇ ਸੁਹਣੇ ਸਰੂਪ ਵਾਲੇ ਸਿਰ ‘ਤੇ ਦਸਤਾਰ (ਪਗੜੀ) ਦੀ ਜਗ੍ਹਾ ਟੋਪੀ ਜੱਚਦੀ ਨਹੀਂ? ਉਸ ਬੜੇ ਠਰ੍ਹਮੇ ਤੇ ਠੰਡੇ ਦਿਮਾਗ ਅਤੇ ਬੇਬਾਕੀ ਨਾਲ ਜਵਾਬ ਦਿੰਦਿਆਂ ਕਿਹਾ ਕਿ ‘ਅੰਕਲ, ਪਗੜੀ ਸਜਾਣ ਦੀ ਪੈਰਵੀ ਕਰਨ ਵਾਲੇ ਜੇ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੜੀ ਹੀ ਬੇਸ਼ਰਮੀ ਨਾਲ ਇੱਕ-ਦੂਜੇ ਦੀਆਂ ਪਗੜੀਆਂ ਲਾਹੁਣ, ਉਛਾਲਣ ਦੇ ਨਾਲ ਹੀ ਦਾਹੜੀ ਕੇਸਾਂ ਨੂੰ ਪੁਟਣ ਤੋਂ ਸੰਕੋਚ ਨਾ ਕਰਨ ਤਾਂ ਉਹ ਸਿੱਖ ਜਵਾਨੀ ਨੂੰ ਕੀ ਸੇਧ ਦੇ ਸਕਦੇ ਹਨ ਜਾਂ ਪ੍ਰੇਰਨਾ ਕਰ ਸਕਦੇ ਹਨ? ਕੀ ਉਹ ਮਜਬੂਰਨ ਉਸੇ ਰਾਹ ਨਹੀਂ ਤੁਰ ਪਏਗੀ, ਜੋ ਉਸਨੂੰ ਚੰਗੀ ਜਾਂ ਸਹਿਜ ਲਗਦੀ ਹੈ? ਉਸ ਸਮੇਂ ਸਿਵਾਏ ਚੁਪ ਰਹਿਣ ਦੇ ਮੇਰੇ ਪਾਸ ਉਸਦੇ ਇਸ ਸੁਆਲ ਦਾ ਕੋਈ ਜਵਾਬ ਨਹੀਂ ਸੀ!

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin