Story

ਦੇਸੀ ਕੰਪਨੀਆਂ ਪਿੰਡੀ-ਪਿੰਡੀ

ਲੇਖਕ: ਅਮਰ ਗਰਗ ਕਲਮਦਾਨ, ਧੂਰੀ

ਜੱਟਾਂ ਦਾ ਮੁੰਡਾ ਗੁਰਦੀਪ ਸਿੰਘ ਪਿਆਰ ਨਾਲ਼ ਸਾਰੇ ਗੋਗੀ ਕਹਿੰਦੇ ਸਨ, ਅੱਠਵੀਂ ਜਮਾਤ ਵਿੱਚ ਹੋਇਆ ਸੀ। ਬਾਪੂ ਕਰਨੈਲ ਸਿੰਘ ਖੇਤੀ ਤਾਂ ਕਰਦਾ ਸੀ, ਪਰ ਨਸ਼ੇ ਦਾ ਆਦੀ ਹੋਣ ਕਾਰਨ ਫ਼ਸਲ ਵਿੱਚੋਂ ਕਮਾਈ ਤਾਂ ਕੀ, ਆਈ ਛਮਾਹੀ ਕਰਜ਼ਾ ਚੜ੍ਹਦਾ ਜਾ ਰਿਹਾ ਸੀ। ਸਰਪੰਚ ਹਰਨੇਕ ਸਿੰਘ ਉਸਦਾ ਆੜਤੀਆ ਸੀ, ਕਰਨੈਲ ਸਿੰਘ ਦੀ ਵੀਹ ਵਿੱਘੇ ਜਮੀਨ ਦੇਖਕੇ ਕਰਜ਼ੇ ਦੇ ਖੁੱਲ੍ਹੇ ਗੱਫੇ ਦੇ ਦਿੰਦਾ ਸੀ। ਭਾਵੇਂ ਘਰ ਵਿੱਚ ਕਪਾਹ ਦਾ ਢੇਰ ਲੱਗ ਜਾਂਦਾ ਸੀ, ਪਰ ਗੋਗੀ ਦੀ ਬੇਬੇ ਸੰਤੋਂ ਆਪਣੀ ਰਜ਼ਾਈ ਨਹੀਂ ਸੀ ਬਣਾ ਸਕੀ। “ਬੇਬੇ,  ਖੇਸ ਜੋੜਨ ਨਾਲ਼ ਠੰਡ ਨਹੀਂ ਰੁਕਦੀ, ਤੂੰ ਮੇਰੇ ਵਾਲੀ ਰਜਾਈ ਲੈ ਲਾ, ਇਹ ਖੇਸਾਂ ਦਾ ਜੋੜਾ ਮੈਨੂੰ ਦੇਦੇ।” ਗੋਗੀ ਬੋਲਿਆ । ਨਹੀਂ ਪੁੱਤ, ਮੈਂ ਤਾਂ ਬਿਲਕੁਲ ਠੀਕ ਹਾਂ, ਜਵਾਕਾਂ ਨੂੰ ਠੰਡ ਜਿਆਦਾ ਲੱਗਦੀ ਹੈ।” ਗੋਗੀ ਰਾਤ ਨੂੰ ਉੱਠਦਾ ਹੈ, ਪੇਟੀ ਤੋਂ ਦੋੜਾ ਉਤਾਰ ਕੇ ਬੇਬੇ ਤੇ ਦੇ ਦਿੰਦਾ ਹੈ ।

“ਆਹ ਕੀ ਕਰੀ ਜਾਨਾ, ਸ਼ਲਗਮਾਂ ਨੂੰ ਬਿਨਾਂ ਛਿੱਲਿਆ ਹੀ ਚੀਰੀ ਜਾਨਾ, ਜੇ ਸਬਜ਼ੀ ਖਾਣੀ ਹੈ ਤਾਂ ਮੈਂ ਬਣਾ ਦਿੰਦੀ ਹਾਂ।” ਸੰਤੋ ਬੋਲੀ। “ਬੇਬੇ, ਮੈਂ ਇਹ ਸ਼ਲਗਮ ਤੇਰੇ ਲਈ ਚੀਰ ਰਿਹਾ ਹਾਂ, ਅੱਜ ਸਾਡੇ ਮਾਸਟਰ ਜੀ ਨੇ ਦੱਸਿਆ ਹੈ, ਸ਼ਲਗਮਾਂ ਨੂੰ ਪਾਣੀ ਚ ਉਬਾਲ ਕੇ ਅਤੇ ਉਸ ਪਾਣੀ ਨਾਲ਼ ਪੈਰ ਧੋਣ ਨਾਲ਼ ਬਿਆਈਆਂ ਠੀਕ ਹੋ ਜਾਂਦੀਆਂ ਹਨ, ਤੂੰ ਦੇਖੀਂ ਦੋ ਦਿਨਾਂ ਚ ਤੇਰੀਆਂ ਬਿਆਈਆਂ ਠੀਕ ਹੋ ਜਾਣਗੀਆਂ।” ਗੋਗੀ, ਗਰਮ ਪਾਣੀ ਵਿੱਚ ਦਸ-ਬਾਰਾਂ ਡੀਜ਼ਲ ਦੀਆਂ ਬੂੰਦਾਂ ਪਾ ਕੇ ਬੇਬੇ ਦੇ ਪੈਰ ਧੋਂਦਾ ਹੈ।

ਬੇਬੇ ਨੂੰ ਘੁੱਟ ਕੇ ਜੱਫੀ ਪਾਕੇ ਗੋਗੀ ਕਹਿਣ ਲੱਗਾ, “ਜੇ ਤੇਨੂੰ ਕੁਝ ਹੋ ਗਿਆ ਤਾਂ ਮੈਂ ਦਵਾਈ ਪੀ ਕੇ ਤੇਥੋਂ ਪਹਿਲਾਂ ਮਰ ਜਾਵਾਂਗਾ ਫੇਰ ਰੱਬ ਕੋਲ ਜਾਕੇ ਇਕੱਠੇ ਹੋ ਜਾਵਾਂਗੇ।” ਸੰਤੋ ਕਹਿਣ ਲੱਗੀ, “ਆਏਂ ਨਹੀਂ ਕਹੀਦਾ, ਮੈਂ ਤਾਂ ਆਪਣੀ ਜ਼ਿੰਦਗੀ ਹੰਢਾ ਲਈ ਹੈ,ਤੇਰੀ ਤਾਂ ਹਾਲੇ ਸ਼ੁਰੂ ਹੋਈ ਹੈ, ਪੂਰੇ ਲਾਡਾਂ ਅਤੇ ਚਾਵਾਂ ਨਾਲ਼ ਤੇਰਾ ਵਿਆਹ ਕਰੂੰਗੀ।” “ਬੇਬੇ ਤੇਰੇ ਸੰਦੂਕ ਚ ਇੱਕ ਘੱਗਰਾ ਅਤੇ ਕੁੜਤੀ ਪਈ ਹੈ, ਗੋਗੀ ਬੋਲਿਆ, ਤੂੰ ਕਦੇ ਪਾਇਆ ਤਾਂ ਹੈ ਨੀ, ਇੱਕ ਦਿਨ ਪਾ ਹੀ ਲੈ, ਮੈਂ ਤੈਨੂੰ ਘੱਗਰੇ ਚ ਦੇਖਣਾ ਚਾਹੁੰਨਾ।

“ਸੰਤਾਂ ਦੀ ਬਰਸੀ ਵੇਲੇ ਡੇਰੇ ਚ ਮੱਥਾ ਟੇਕਣ ਜਾਉਂ, ਉਸ ਦਿਨ ਪਾ ਲਵਾਂਗੀ, ਦੇਖ ਲਵੀਂ” ਸੰਤੋ ਨੇ ਕਿਹਾ।

ਉੱਧਰ ਕਰਨੈਲ ਸਿੰਘ ਉੱਪਰ ਕਰਜ਼ਾ ਵੱਧਦਾ ਜਾ ਰਿਹਾ ਸੀ। ਸਰਪੰਚ ਹਰਨੇਕ ਸਿੰਘ ਸਮਝਾਉਂਦੇ ਹੋਏ ਕਹਿਣ ਲੱਗਾ, “ਕੈਲਿਆ, ਦੇਖ ਜੇ ਤੂੰ ਅੱਜ ਜਮੀਨ ਦੇ ਦੇਵੇਂਗਾ ਤਾਂ ਕਰਜ਼ਾ ਉਤਾਰ ਕੇ ਪੰਜ ਵਿੱਘੇ ਬਚ ਜਾਊਗੀ, ਜੇ ਤੂੰ ਦੋ ਸਾਲ ਹੋਰ ਨਾਂ ਤਾਰਿਆ ਤਾਂ ਰਹਿੰਦੀ ਪੰਜ ਵਿੱਘੇ ਵੀ ਚਲੀ ਜਾਵੇਗੀ। ਮੈਂ ਤਾਂ ਤੇਰੇ ਗੋਗੀ ਬਾਰੇ ਸੋਚ ਰਿਹਾ ਹਾਂ, ਕਿਤੇ ਇਹ ਬਿਲਕੁਲ ਬੇ ਜਮੀਨਾਂ ਹੀ ਨਾ ਰਹਿ ਜਾਵੇ।” ਕਰਨੈਲ ਸਿੰਘ ਕਈ ਦਿਨ ਗੁੰਮ-ਸੁੰਮ ਹੋਇਆ ਸੋਚਦਾ ਰਿਹਾ। ਆਖਿਰ ਨੂੰ ਫੈਸਲਾ ਕਰ ਲਿਆ, ਪੰਦਰਾਂ ਵਿੱਘੇ ਜਮੀਨ ਸਰਪੰਚਾਂ ਨੂੰ ਦੇ ਦਿੱਤੀ। ਗੋਗੀ ਤਾਂ ਹਾਲੇ ਨਿਆਣਾ ਸੀ, ਸੰਤੋ ਨੂੰ ਆਪਣੀਆਂ ਦਲੀਲਾਂ ਨਾਲ਼ ਸਹਿਮਤ ਕਰਵਾ ਲਿਆ।

ਕਰਨੈਲ ਸਿੰਘ ਦਾ ਮਨ ਹੁਣ ਖੇਤੀ ਤੋਂ ਉਚਾਟ ਰਹਿਣ ਲੱਗ ਪਿਆ। ਨਸ਼ਾ ਵੀ ਵਧ ਗਿਆ ਸੀ। ਚੜ੍ਹਦੇ ਸਿਆਲ ਹੀ ਮੰਜੇ ਚ ਪੈ ਗਿਆ। ਖੰਘ ਇੰਨੀ ਵਿਗੜ ਗਈ, ਮਰਕੇ ਹੀ ਖਹਿੜਾ ਛੁੱਟਿਆ। ਗੋਗੀ ਨੂੰ ਦੇਖਦੇ ਹੋਏ, ਸੰਤੋ ਕਰਨੈਲ ਸਿੰਘ ਦੇ ਵਿਛੋੜੇ ਦਾ ਦੁੱਖ ਭੁੱਲ ਗਈ।

ਉੱਧਰ ਗੋਗੀ 10ਵੀਂ ਵਿੱਚ ਹੋ ਗਿਆ ਸੀ। ਪੜ੍ਹਨ ਵਿੱਚ ਹੁਸ਼ਿਆਰ ਸੀ। ਬੱਸ ਘਰਦੀਆਂ ਮੁਸੀਬਤਾਂ ਹੀ ਪਿੱਛੇ ਨੂੰ ਖਿੱਚ ਰਹੀਆਂ ਸਨ। ਸੰਤੋ ਬੋਲੀ, “ਪੁੱਤ, ਹੁਣ ਆਪਣੇ ਕੋਲ ਪੰਜ ਵਿੱਘੇ ਜਮੀਨ ਹੈ। ਮੈਂ ਚਾਹੁੰਦੀ ਹਾਂ ਤੂੰ ਅੱਗੇ ਪੜ੍ਹਾਈ ਕਰੇਂ, ਜੇ ਲੋੜ ਪਈ ਤਾਂ ਇਹ ਜਮੀਨ ਤੇਰੀ ਪੜ੍ਹਾਈ ਵਿੱਚ ਖਰਚ ਕਰ ਦੇਵਾਂਗੀ, ਤੂੰ ਪੜ੍ਹ ਲਿਖ ਕੇ ਕੋਈ ਅਫ਼ਸਰ ਬਣ ਜਾਣਾ, ਚਾਹੇ ਬਾਹਰ ਨੂੰ ਚਲੇ ਜਾਣਾ। “ਨਹੀਂ ਬੇਬੇ, ਮੈਂ ਤੈਨੂੰ ਇੱਥੇ ਇਕੱਲੀ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ।” ਗੋਗੀ ਕਹਿਣ ਲੱਗਾ।

ਅਗਲੇ ਦਿਨ ਗੋਗੀ ਭੱਜਿਆ ਆਇਆ, ਆਪਣੀ ਬੇਬੇ ਨੂੰ ਜੱਫੀ ਚ ਲੈ ਕੇ ਬੋਲਿਆ, “ਬੇਬੇ ਅੱਜ ਮੇਰਾ ਨਤੀਜਾ ਆ ਗਿਆ, ਸਾਰੇ ਸਕੂਲ ਚੋਂ ਪਹਿਲੇ ਨੰਬਰ ਤੇ ਆਇਆ ਹਾਂ। “ਪੁੱਤ, ਮੈਂ ਤਾਂ ਬਹੁਤ ਖੁਸ਼ ਹਾਂ, ਤੂੰ ਇਸੇ ਤਰਾਂ ਹੀ ਪੜ੍ਹਦਾ ਰਹੇਂ, ਸੰਤੋ ਕਹਿਣ ਲੱਗੀ।

ਹਾਲੇ ਗੋਗੀ ਅੱਗੇ ਦੀ ਪੜ੍ਹਾਈ ਲਈ ਤਿਆਰੀ ਕਰ ਹੀ ਰਿਹਾ ਸੀ ਕਿ ਸੰਤੋ ਨੂੰ ਇੱਕ ਭਿਅੰਕਰ ਬਿਮਾਰੀ ਨੇ ਘੇਰ ਲਿਆ। ਇਹ ਬਿਮਾਰੀ ਪਿੰਡ ਦੀਆਂ ਕਈ ਔਰਤਾਂ ਨੂੰ ਹੋ ਚੁੱਕੀ ਸੀ। ਗੋਗੀ ਆਪਣੀ ਬੇਬੇ ਨੂੰ ਕਈ ਡਾਕਟਰਾਂ ਕੋਲ ਲੈ ਕੇ ਗਿਆ। ਸਾਰੇ ਹੀ ਡਾਕਟਰਾਂ ਨੇ ਛਾਤੀ ਦਾ ਕੈਂਸਰ ਦੱਸਿਆ। ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਇੱਕ ਦੁੱਧੀ ਨੂੰ ਕੱਟ ਦਿੱਤਾ। ਸਿਰ ਦੇ ਸਾਰੇ ਵਾਲ ਵੀ ਝੜ ਗਏ। ਗੋਗੀ ਭਾਵੇਂ ਹਾਲੇ ਇੱਕ ਬੱਚਾ ਸੀ, ਪਰ ਉਸਦਾ ਦਿਲ ਭਾਰੀ ਦੁੱਖ ਵਿੱਚ ਡੁੱਬ ਚੁੱਕਾ ਸੀ, ਉਸ ਲਈ ਉਸਦੀ ਬੇਬੇ ਇੱਕ ਜਿੰਦਾ-ਜਾਗਦਾ ਰੱਬ ਸੀ।

ਹਸਪਤਾਲ ਵਿੱਚੋਂ ਬੇਬੇ ਨੂੰ ਘਰ ਆਇਆਂ ਇੱਕ ਮਹੀਨਾ ਹੋ ਚੁੱਕਾ ਸੀ। ਬੇਬੇ ਦਾ ਦਿਲ ਬੈਠਿਆ ਜਾ ਰਿਹਾ ਸੀ, ਗੋਗੀ ਸਵੇਰ ਦਾ ਨਿਕਲਿਆ, ਹਾਲੇ ਤੱਕ ਘਰ ਨਹੀਂ ਆਇਆ, ਸੂਰਜ ਵੀ ਡੁੱਬ ਗਿਆ। ਆਂਢ-ਗੁਆਂਢ ਤੋਂ ਵੀ ਪੁੱਛਿਆ ਕੋਈ ਪਤਾ ਨਹੀਂ ਲੱਗਿਆ। ਸ਼ਾਮ ਦੇ 7 ਵਜ ਚੁੱਕੇ ਸਨ, ਮੂੰਹ-ਪੈਰ ਮਿੱਟੀ ਨਾਲ਼ ਲਿਬੜੇ, ਗੋਗੀ ਆਪਣੀ ਬੇਬੇ ਨਾਲ਼ ਆਕੇ ਲਿਪਟ ਗਿਆ।

ਬੇਬੇ ਆਕੜ ਕੇ ਬੋਲੀ, “ਪਹਿਲਾਂ ਇਹ ਦੱਸ ਕਿੱਥੇ ਚਲਾ ਗਿਆ ਸੀ ? ਤੂੰ ਕੀ ਜਾਣੇ ਮਾਂ ਦੇ ਦਿਲ ਨੂੰ, ਦਿਨ ਵਿੱਚ ਕਈ ਵਾਰ ਰੋਣਾ ਨਿਕਲ ਗਿਆ। “ਬੇਬੇ ਤੇਰੇ ਕੋਲ ਝੂਠ ਨਹੀਂ ਬੋਲਦਾ, ਸਰਪੰਚਾਂ ਦੇ ਟ੍ਰੈਕਟਰ ਤੇ ਲੱਗ ਗਿਆ ਹਾਂ, ਦੇਖ ਆਪਣੇ ਤੇ ਕਰਜਾ ਹੀ ਕਰਜਾ ਚੜ੍ਹਦਾ ਜਾ ਰਿਹਾ ਹੈ, ਪੰਜ ਵਿੱਘਿਆਂ ਨਾਲ਼ ਇੰਨਾ ਕਰਜਾ ਨਹੀਂ ਉੱਤਰ ਸਕਦਾ, ਬਾਪੂ ਵੇਲੇ ਦਾ ਵੀ ਖੜ੍ਹਾ ਹੈ। “ਪੁੱਤ ਮੇਰੇ ਤਾਂ ਸਾਰੇ ਅਰਮਾਨ ਮਿੱਟੀ ਚ ਮਿਲ ਗਏ, ਮੈਂ ਤੈਨੂੰ ਅਫ਼ਸਰ ਦੇਖਣਾ ਚਾਹੁੰਦੀ ਸੀ। ” ਨਹੀਂ ਬੇਬੇ, ਸਰਪੰਚਾਂ ਕੋਲੋਂ ਜੋ ਪੈਸੇ ਮਿਲਣਗੇ, ਮੈਂ ਤੇਰੇ ਤੇ ਖਰਚ ਕਰਾਂਗਾ। ਮੈਂ ਇੰਨੀ ਕਮਾਈ ਕਰਾਂਗਾ ਤੇਰੇ ਸਾਰੇ ਦੁੱਖ-ਦਰਦ ਤੋੜ ਦਿਆਂਗਾ।”

ਗੋਗੀ ਨੂੰ ਟ੍ਰੈਕਟਰ ਤੇ ਲੱਗਿਆ, ਛੇ ਮਹੀਨੇ ਹੋ ਚੱਲੇ ਸਨ। ਸੰਤੋ ਦੇ ਵਾਲ ਮੁੜ ਆ ਗਏ ਸਨ। ਸਰਪੰਚਾਂ ਦਾ ਵੱਡਾ ਬਾਪੂ ਗੋਗੀ ਨੂੰ ਕਹਿਣ ਲੱਗਾ, ” ਮੈਨੂੰ ਪਿੰਡ ਵਾਲੇ ਬੈਂਕ ਵਿੱਚ ਲੈ ਕੇ ਚੱਲ, ਮੋਦੀ ਵਾਲੇ ਪੈਸੇ ਕਢਾਉਣੇ ਹਨ, ਕਹਿੰਦੇ ਨੇ ਜੇ ਨਾ ਕਢਵਾਵੋ ਤਾਂ ਦੂਜੀ ਵਾਰ ਨਹੀਂ ਆਂਦੇ। “ਦਿੱਲੀ ਦੇ ਸਿੰਘੂ ਬਾਰਡਰ ਤੇ ਕਿਸਾਨ ਮੋਰਚਾ ਚੱਲ ਰਿਹਾ ਸੀ। ਮੋਰਚਾ ਕਿਸਾਨਾਂ ਲਈ ਇੱਕ ਮੇਲਾ ਬਣ ਚੁੱਕਾ ਸੀ, ਪਿੰਡਾਂ ਵਿੱਚੋਂ ਦੁੱਧ, ਸਬਜ਼ੀਆਂ ਅਤੇ ਆਟਾ-ਚੌਲ ਲੋਕ ਟਰਾਲੀਆਂ ਵਿੱਚ ਲੱਦ ਕੇ ਲਿਜ਼ਾ ਰਹੇ ਸਨ।

ਸੂਰਜ ਢਲ ਚੁੱਕਾ ਸੀ, ਗੋਗੀ ਆਪਣੀ ਬੇਬੇ ਨੂੰ ਕਹਿਣ ਲੱਗਾ, “ਬੇਬੇ, ਕੱਲ੍ਹ ਨੂੰ ਅਸੀਂ ਸਬਜ਼ੀਆਂ ਲੈ ਕੇ ਸਿੰਘੂ ਬਾਰਡਰ ਤੇ ਜਾਣਾ ਹੈ। ਮੈਨੂੰ ਦੋ ਦਿਨ ਲੱਗਣਗੇ, ਕੰਪਨੀਆਂ ਵਾਲੇ ਰੋਕਣੇ ਨੇ, ਨਹੀਂ ਤਾਂ ਪੰਜਾਬ ਨੂੰ ਖਾ ਜਾਣਗੇ।”ਪੁੱਤ, ਪਿੰਡੀ-ਪਿੰਡੀ ਜਿਹੜੀਆਂ ਦੇਸੀ ਕੰਪਨੀਆਂ ਬੈਠੀਆਂ ਨੇ ਉਨ੍ਹਾਂ ਨੂੰ ਕੌਣ ਰੋਕੂ, ਆਪਾਂ ਨੂੰ ਤਾਂ ਇਹਨਾਂ ਦੇਸੀ ਕੰਪਨੀਆਂ ਨੇ ਖਾ ਲਿਆ, ਆਏਂ ਕਰੀਂ ਸੰਭਲਕੇ ਜਾਈਂ, ਮੈਨੂੰ ਦੇਖਣ ਨੂੰ ਤਾਂ ਤੂੰ ਹੀਂ ਹੈਂ।” “ਬੇਬੇ, ਮੈਂ ਸਰਪੰਚ ਦਾ ਕਹਿਣਾ ਨਹੀਂ ਮੋੜ ਸਕਦਾ, ਨਾਲੇ ਸਾਰਾ ਪਿੰਡ ਜਾ ਆਇਆ, ਮੈਂ ਹੀ ਰਹਿ ਗਿਆ, ਸਾਰੇ ਕਹਿੰਦੇ ਨੇ ਮੋਰਚਾ ਘੱਟ, ਇਹ ਤਾਂ ਕਿਸਾਨ ਮੇਲਾ ਹੈ, ਸਰਪੰਚ ਵੀ ਨਾਲ਼ ਜਾ ਰਿਹਾ ਹੈ।”

ਚਿੜੀਆਂ ਦੀ ਚੀਂ-ਚੀਂ ਹੋਣ ਲੱਗ ਪਈ ਸੀ, ਹਾਲੇ ਵੀ ਹਨ੍ਹੇਰਾ ਪਸਰਿਆ ਸੀ, ਗੋਗੀ ਤਿਆਰ ਹੋ ਕੇ ਸਰਪੰਚਾਂ ਦੇ ਪਹੁੰਚ ਗਿਆ। ਸਰਪੰਚ ਬੋਲਿਆ, “ਆ ਗਿਆ ਗੋਗੀ, ਬੋਲ ਕਿਹੜਾ ਟ੍ਰੈਕਟਰ ਹੱਕਣਾ ਹੈ?” ਸਰਦਾਰ ਜੀ, ਵੱਡਾ ਅਰਜੁਨ ਹੀ ਲੈ ਕੇ ਚੱਲਾਂਗੇ, ” ਗੋਗੀ ਬੋਲਿਆ। “ਦੇਖ ਹਾਲੇ ਪਿਛਲੇ ਮਹੀਨੇ ਹੀ ਕਢਵਾਇਆ ਹੈ, ਸੰਭਲ ਕੇ ਚਲਾਉਣਾ ਪਊ, ਸਰਪੰਚ ਕਹਿਣ ਲੱਗਾ। ਮੇਰੀ ਚਲਾਈ ਤਾਂ ਤੁਸੀਂ ਦੇਖ ਹੀ ਲਈ ਹੈ, ਤੁਸੀਂ ਫਿਕਰ ਨਾ ਕਰੋ, ਨਾਲੇ ਸੋਡੇ ਨਾਲ਼ ਤਾਂ ਵੱਡਾ ਟ੍ਰੈਕਟਰ ਹੀ ਜਚੇਗਾ”,”ਗੋਗੀ ਬੋਲਿਆ।

ਦੁਪਹਿਰ ਚੜ੍ਹ ਚੁੱਕੀ ਸੀ, ਪਰ ਸੂਰਜ ਬੱਦਲਾਂ ਵਿੱਚ ਛੁਪਿਆ ਸੀ। ਹਲਕੀ-ਹਲਕੀ ਬੂੰਦਾ-ਬਾਂਦੀ ਹੋ ਰਹੀ ਸੀ। ਇੱਕ ਘੰਟੇ ਦਾ ਸਫਰ ਬਾਕੀ ਸੀ। ਹਰਨੇਕ ਸਿੰਘ ਨੇ ਟ੍ਰੈਕਟਰ ਰੁਕਵਾਇਆ, ਕਹਿਣ ਲੱਗਾ, “ਹਵਾ ਬਹੁਤ ਤਿੱਖੀ ਚੱਲ ਰਹੀ ਹੈ, ਮੈਂ ਤਾਂ ਟਰਾਲੀ ਚ ਬੈਠਦਾ ਹਾਂ।”

ਹੋਰ ਬਹੁਤ ਸਾਰੇ ਟ੍ਰੈਕਟਰ ਅੱਗੇ ਵੱਧ ਰਹੇ ਸਨ, ਟ੍ਰੈਕਟਰ ਇਕਹਰੇ ਪੁਲ ਉੱਪਰ ਚੜ੍ਹ ਰਿਹਾ ਸੀ, ਅਚਾਨਕ ਇੱਕ ਟਰਾਲਾ ਸਿੱਧਾ ਹੀ ਗੋਗੀ ਦੇ ਟ੍ਰੈਕਟਰ ਵਿੱਚ ਆ ਵੱਜਾ, ਟ੍ਰੈਕਟਰ ਦਾ ਚੂਰਾ-ਚੂਰਾ ਹੋ ਗਿਆ, ਸਰਪੰਚ ਟਰਾਲੀ ਚ ਸਬਜ਼ੀਆਂ ਕੋਲ ਬੈਠਾ ਸੀ, ਤਾਂ ਬਚ ਗਿਆ, ਪਰ ਟ੍ਰੈਕਟਰ ਅਤੇ ਗੋਗੀ ਪੂਰੀ ਤਰਾਂ ਮਿੱਧੇ ਗਏ। ਗੋਗੀ ਦੀ ਫੋਟੋ ਦੂਜੇ ਸ਼ਹੀਦ ਕਿਸਾਨਾਂ ਨਾਲ਼ ਜੁੜ ਗਈ। ਜਦੋਂ ਸੰਤੋ ਕੋਲ ਖ਼ਬਰ ਪਹੁੰਚੀ ਤਾਂ ਉਹ ਸੁੰਨ ਹੋ ਗਈ, ਉਸਦਾ ਸਭ ਕੁਝ ਲੁੱਟ ਚੁੱਕਾ ਸੀ।

ਸੰਸਕਾਰ ਵੇਲੇ “ਸ਼ਹੀਦ ਕਿਸਾਨ ਗੋਗੀ ਅਮਰ ਰਹੇ” ਦੇ ਨਾਅਰੇ ਲੱਗ ਰਹੇ ਸਨ। ਸੰਤੋ ਨੇ ਜੋਰ ਲਾ ਰੱਖਿਆ ਸੀ, ਲੋਕ ਉਸਨੂੰ ਜਲ ਰਹੀ ਚਿਤਾ ਵੱਲ ਜਾਣ ਦੇਣ। ਉਸਦਾ ਕੋਈ ਵਸ ਨਹੀਂ ਚੱਲ ਰਿਹਾ ਸੀ।

ਅਗਲੇ ਦਿਨ ਜਦੋਂ ਖਾਨਦਾਨ ਦੇ ਲੋਕ ਫੁੱਲ ਚੁੱਕਣ ਗਏ, ਤਾਂ ਦੂਰੋਂ ਦੇਖਿਆ, ਕੋਈ ਔਰਤ ਜਾਮਨੀ ਘੱਗਰਾ ਪਾਈ ਚਿਤਾ ਕੋਲ ਕੁਝ ਬੋਲ ਰਹੀ ਸੀ। ਨੇੜੇ ਜਾ ਕੇ ਦੇਖਿਆ, ਇਹ ਸੰਤੋ ਸੀ ਜੋ ਹਨ੍ਹੇਰੇ ਹੀ ਉੱਥੇ ਪਹੁੰਚ ਗਈ ਸੀ, ਰੋਂਦੀ ਹੋਈ ਬੋਲ ਰਹੀ ਸੀ, ਪੁੱਤ, ਮੈਂ ਘੱਗਰਾ ਤੇ ਕੁੜਤੀ ਪਾ ਕੇ ਆਈ ਹਾਂ, ਉੱਠ ਦੇਖ ਤੇਰੀ ਬੇਬੇ ਕਿੰਨੀ ਸੋਹਣੀ ਲੱਗ ਰਹੀ ਹੈ। ਚਿਤਾ ਦੀ ਰਾਖ ਨਾਲ਼ ਮੂੰਹ ਕਾਲਾ ਕਰ ਰੱਖਿਆ ਸੀ, ਲੋਕਾਂ ਨੇ ਉਸਨੂੰ ਸੰਭਾਲਿਆ।

ਤਿੰਨ ਦਿਨਾਂ ਬਾਅਦ ਸਰਪੰਚ ਸੰਤੋ ਦੇ ਘਰ ਆਇਆ, ਕਹਿਣ ਲੱਗਾ, “ਸਾਰਾ ਪਿੰਡ ਤੇਰੇ ਨਾਲ਼ ਹੈ, ਦੁੱਖ ਆਪਣੀ ਥਾਂ ਤੇ ਹਨ, ਪਰ ਦੁਨੀਆਂਦਾਰੀ ਤਾਂ ਚੱਲਦੀ ਰਹਿੰਦੀ ਹੈ। ਇਹ ਟ੍ਰੈਕਟਰ ਅਸੀਂ ਇੱਕ ਮਹੀਨਾ ਪਹਿਲਾਂ ਹੀ ਕਢਵਾਇਆ ਸੀ, ਬੜੇ ਚਾਅ ਨਾਲ਼ ਲਿਆ ਸੀ, ਮੈਂ ਗੋਗੀ ਨੂੰ ਬਥੇਰਾ ਕਿਹਾ , ਪੁਰਾਣਾ ਟ੍ਰੈਕਟਰ ਲੈ ਚੱਲਦੇ ਹਾਂ, ਮੰਨਿਆ ਹੀ ਨਹੀਂ, ਆਹ ਲੈ ਇਨ੍ਹਾਂ ਕਾਗਜਾਂ ਤੇ ਅੰਗੂਠਾ ਲਗਾ ਦੇ, ਪੰਜ ਵਿੱਘੇ ਜਮੀਨ ਨਾਲ਼, ਨਾਲ਼ੇ ਤਾਂ ਕੈਲੇ ਵੇਲੇ ਦਾ ਕਰਜ਼ਾ ਉੱਤਰ ਜਾਊ, ਸਾਨੇ ਨਵਾਂ ਟਰੈਕਟਰ ਵੀ ਲੈਣਾ ਹੈ, ਸਰਦਾ ਨਹੀਂ ਤੇ ਅਰਜਨ ਕਿਆਂ ਨੇ ਕਈ ਵਾਰ ਟੋਕ ਦਿੱਤਾ ਕਹਿੰਦੇ ਨੇ ਕੈਲੇ ਵੱਲ ਨਸ਼ੇ ਦੇ ਪੈਸੇ ਖੜੇ ਹਨ, ਪੂਰੇ ਅੱਠ ਲੱਖ ਕੱਢੀ ਬੈਠੇ ਨੇ, ਕੈਲੇ ਅਤੇ ਗੋਗੀ ਦੀ ਆਤਮਾ ਤੇ ਕੋਈ ਕਰਜ਼ਾ ਨਹੀਂ ਰਹੇਗਾ।

ਸੰਤੋ ਨੇ ਬਿਨਾ ਕੋਈ ਗੱਲ ਕੀਤਿਆਂ ਦਸਤਖਤ ਕਰ ਦਿੱਤੇ। ਅਗਲੇ ਦਿਨ ਕਿਸਾਨ ਆਗੂ ਪੰਜ ਲੱਖ ਰੂਪੈ ਦਾ ਚੈੱਕ ਲੈ ਕੇ ਸੰਤੋ ਦੇ ਘਰ ਪਹੁੰਚੇ ਤਾਂ ਦੇਖਿਆ ਸੰਤੋ ਦੇ ਪ੍ਰਾਣ ਪਖੇਰੂ ਉੱਡ ਚੁੱਕੇ ਸਨ। ਧਰਤੀ ਦੇ ਮਨੁੱਖਾਂ ਤੋਂ ਦੂਰ ਉਸਨੂੰ ਉਸਦੇ ਜਿਗਰ ਦਾ ਟੁਕੜਾ ਮਿਲ ਗਿਆ ਸੀ।

Related posts

ਸਰਾਪ (ਕਹਾਣੀ)

admin

ਸਮਾਂ ਬਦਲ ਗਿਆ !

admin

ਖ਼ੁਸ਼ੀਆਂ ਮੁੜ ਆਈਆਂ: (ਵਿਸਾਖੀ ਨਾਲ ਸੰਬੰਧਿਤ ਬਾਲ ਕਹਾਣੀ)

admin