Articles

ਚਮੋਲੀ (ਉੱਤਰਾਖੰਡ) ਵਰਗੀ ਤਬਾਹੀ ਹਿਮਾਚਲ ਵਿੱਚ ਵੀ ਵਾਪਰ ਸਕਦੀ ਹੈ

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

7 ਫਰਵਰੀ ਨੂੰ ਉੱਤਰਾਖੰਡ ਦੇ ਚਮੋਲੀ ਜਿਲ੍ਹੇ ਵਿੱਚ ਗੰਗਾ ਨਦੀ ਦੀ ਸਹਾਇਕ ਨਦੀ, ਧੌਲੀ ਗੰਗਾ ਵਿੱਚ ਗਲੇਸ਼ੀਅਰ ਟੱੁਟਣ ਕਾਰਨ ਆਏ ਹੜ੍ਹ ਨਾਲ 34 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 174 ਅਜੇ ਲਾਪਤਾ ਹਨ। ਇਸ ਤੋਂ ਇਲਾਵਾ ਧੌਲੀ ਗੰਗਾ ਨਦੀ ‘ਤੇ ਬਣ ਰਿਹਾ ਤਪੋਵਨ ਪਣ ਬਿਜਲੀ ਡੈਮ ਬੁਰੀ ਤਰਾਂ ਨਾਲ ਨੁਕਸਾਨਿਆਂ ਗਿਆ ਹੈ। ਇਹ ਹੜ੍ਹ ਕੁਦਰਤੀ ਕਾਰਨਾਂ ਕਰ ਕੇ ਘੱਟ ਅਤੇ ਇਨਸਾਨ ਵੱਲੋਂ ਹਿਮਾਲੀਆ ਪਰਬਤਾਂ ਵਿੱਚ ਵਿਕਾਸ ਦੇ ਨਾਮ ‘ਤੇ ਕੀਤੀ ਜਾ ਰਹੀ ਤਬਾਹੀ ਕਾਰਨ ਜਿਆਦਾ ਆਏ ਹਨ। ਇਹ ਕੁਦਰਤ ਵੱਲੋਂ ਇਨਸਾਨ ਨੂੰ ਇਹ ਦੱਸਣ ਦਾ ਤਰੀਕਾ ਹੈ ਕਿ ਜੇ ਵਾਤਾਵਰਣ ਨੂੰ ਖਰਾਬ ਕੀਤਾ ਗਿਆ ਤਾਂ ਉਹ ਜਰੂਰ ਇਸ ਦਾ ਬਦਲਾ ਲਏਗੀ। ਪਰ ਉਹ ਗੱਲ ਵੱਖਰੀ ਹੈ ਕਿ ਕੁਦਰਤ ਦੇ ਬਦਲੇ ਦਾ ਸ਼ਿਕਾਰ ਸਿਰਫ ਬੇਗੁਨਾਹ ਅਤੇ ਗਰੀਬ ਲੋਕ ਹੀ ਹੁੰਦੇ ਹਨ ਤੇ ਤਬਾਹੀ ਲਈ ਜ਼ਿੰਮੇਵਾਰ ਸਰਮਾਏਦਾਰ ਅਤੇ ਨੇਤਾ ਸਾਫ ਬਚ ਜਾਂਦੇ ਹਨ। ਉਸਾਰੀ ਵਾਸਤੇ ਬੱਜਰੀ ਲਈ ਪੱਥਰਾਂ ਦੀ ਬੇਦਰਦੀ ਨਾਲ ਪੁਟਾਈ ਅਤੇ ਰਿਸ਼ੀ ਗੰਗਾ ਅਤੇ ਧੌਲੀ ਗੰਗਾ ‘ਤੇ ਬਣ ਰਹੇ ਡੈਮਾਂ ਲਈ ਸੁਰੰਗਾਂ ਬਣਾਉਣ ਲਈ ਪਹਾੜਾਂ ਨੂੰ ਬਾਰੂਦ ਨਾਲ ਉਡਾਉਣਾ ਚਮੌਲੀ ਕਾਂਡ ਦਾ ਵੱਡਾ ਕਾਰਨ ਬਣਿਆ ਹੈ। ਇਸ ਕਾਰਨ ਪਹਾੜਾਂ ਦਾ ਢਿੱਲਾ ਪਿਆ ਲੱਖਾਂ ਟਨ ਮਲਬਾ ਪਹਿਲਾਂ ਤੋਂ ਹੀ ਗਲੋਬਲ ਵਾਰਮਿੰਗ ਕਾਰਨ ਟੱੁਟ ਰਹੇ ਗਲੇਸ਼ੀਅਰ ‘ਤੇ ਡਿੱਗ ਪਿਆ ਅਤੇ ਹੜ੍ਹ ਦਾ ਕਾਰਨ ਬਣਿਆ।
ਇਸ ਸਮੇਂ ਗਲੋਬਲ ਵਾਰਮਿੰਗ ਹਿਮਾਲੀਆ ਪਰਬਤਾਂ ‘ਤੇ ਕਹਿਰ ਢਾਹ ਰਹੀ ਹੈ। ਇਸ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਨਵੀਆਂ ਝੀਲਾਂ ਉਤਪੰਨ ਹੋ ਰਹੀਆਂ ਹਨ ਜੋ ਸਮੇਂ ਸਮੇਂ ‘ਤੇ ਵੀ ਟੱੁਟ ਕੇ ਦਰਿਆਵਾਂ ਵਿੱਚ ਹੜ੍ਹ ਲਿਆਉਂਦੀਆਂ ਰਹਿੰਦੀਆਂ ਹਨ। ਕਾਠਮੰਡੂ (ਨੇਪਾਲ) ਸਥਿੱਤ ਇੰਟਰਨੈਸ਼ਨਲ ਸੈਂਟਰ ਫਾਰ ਮਾਊਂਟੇਨ ਡਿਵੈਲਪਮੈਂਟ ਦੀ ਨਵੀਂ ਰਿਪੋਰਟ ਅਨੁਸਾਰ ਸੰਨ 2100 ਤੱਕ ਹਿਮਾਲੀਆ ਦੇ 36% ਗਲੇਸ਼ੀਅਰ ਪਿਘਲ ਜਾਣਗੇ। ਇਸਰੋ ਦੁਆਰਾ 650 ਗਲੇਸ਼ੀਅਰਾਂ ‘ਤੇ ਕੀਤੀ ਇੱਕ ਖੋਜ ਤੋਂ ਸਾਹਮਣੇ ਆਇਆ ਹੈ ਕਿ ਸੰਨ 2000 ਤੋਂ 2020 ਤੱਕ ਪਿਛਲੇ ਦਸ ਸਾਲਾਂ ਨਾਲੋਂ ਤਿੰਨ ਗੁਣਾ ਵੱਧ ਗਲੇਸ਼ੀਅਰ ਪਿਘਲ ਚੁੱਕੇ ਹਨ। ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਨੂੰ ਪਾਣੀ ਦੇਣ ਵਾਲੇ ਗਲੇਸ਼ੀਅਰਾਂ ਦੇ ਪਿਘਲ ਜਾਣ ਕਾਰਨ 60 ਕਰੋੜ ਲੋਕਾਂ ਦੇ ਜੀਵਨ ‘ਤੇ ਅਸਰ ਪਏਗਾ। ਇਹ ਨਦੀਆਂ 12 ਮਹੀਨੇ ਵਗਣ ਦੀ ਬਜਾਏ ਘੱਗਰ ਦਰਿਆ ਵਾਂਗ ਸਿਰਫ ਬਰਸਾਤੀ ਨਦੀਆਂ ਬਣ ਕੇ ਰਹਿ ਜਾਣਗੀਆਂ। ਹਿਮਾਲੀਆ ਦੇ ਉੱਚੇ ਹਿਸਿਆਂ ਵਿੱਚ ਅੰਨੇ੍ਹਵਾਹ ਜੰਗਲ ਸਾਫ ਕਾਰਨ, ਸੜਕਾਂ ਚੌੜੀਆਂ ਕਰਨ (ਚਾਰ ਧਾਮ ਰੋਡ ਆਦਿ) ਅਤੇ ਜਗ੍ਹਾ ਜਗ੍ਹਾ ‘ਤੇ ਡੈਮ ਉਸਾਰਨ ਕਾਰਨ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਚਮੋਲੀ ਜਿਲ੍ਹੇ ਦੇ ਰੈਨੀ ਪਿੰਡ (ਜਿੱਥੇ ਹੁਣ ਹੜ੍ਹ ਆਇਆ ਹੈ) ਦੇ ਵਸਨੀਕਾਂ ਨੇ ਉੱਤਰਾਖੰਡ ਹਾਈ ਕੋਰਟ ਵਿੱਚ ਮਈ 2019 ਨੂੰ ਰਿਸ਼ੀ ਗੰਗਾ ਨਦੀ ਵਿੱਚੋਂ ਗੈਰ ਕਾਨੂੰਨੀ ਖਣਨ, ਪਹਾੜਾਂ ਨੂੰ ਬਾਰੂਦ ਨਾਲ ਉਡਾਉਣ ਅਤੇ ਰਿਸ਼ੀ ਗੰਗਾ ਡੈਮ ਦੇ ਠੇਕੇਦਾਰਾਂ ਵੱਲੋਂ ਮਲਬੇ ਨੂੰ ਨਦੀ ਵਿੱਚ ਸੁੱਟਣ ਦੇ ਖਿਲਾਫ ਇੱਕ ਰਿੱਟ ਪਾਈ ਸੀ ਜਿਸ ‘ਤੇ ਹਾਈ ਕੋਰਟ ਨੇ ਇਸ ਸਬੰਧੀ ਚਮੋਲੀ ਦੇ ਡੀ.ਸੀ. ਨੂੰ ਤਫਤੀਸ਼ ਕਰ ਕੇ ਜਵਾਬ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਡੀ.ਸੀ. ਦੀ ਰਿਪੋਰਟ ਵਿੱਚ ਬਹੁਤੇ ਦੋਸ਼ ਸਹੀ ਪਾਏ ਗਏ ਸਨ। ਪਰ ਇਸ ਤੋਂ ਬਾਅਦ ਸਰਮਾਏਦਾਰਾਂ ਅਤੇ ਸਿਆਸੀ ਲੀਡਰਾਂ ਨਾਲ ਮਿਲ ਕੇ ਇਸ ਰਿਪੋਰਟ ‘ਤੇ ਮਿੱਟੀ ਪਾ ਦਿਤੀ ਗਈ ਜਿਸ ਦਾ ਨਤੀਜਾ ਇਸ ਤਰਾਸਦੀ ਦੇ ਰੂਪ ਵਿੱਚ ਸਾਹਮਣੇ ਆਇਆ ਹੈ।
ਉੱਤਰਾਖੰਡ ਦੇ ਉਚੇਰੇ ਇਲਾਕਿਆ ਵਿੱਚ ਇਸ ਵੇਲੇ ਗੰਗਾ ਦੀਆਂ ਸਹਾਇਕ ਨਦੀਆਂ ‘ਤੇ 16 ਪਣ ਬਿਜਲੀ ਡੈਮ ਉਸਾਰੇ ਜਾ ਚੁੱਕੇ ਹਨ ਅਤੇ 13 ਉਸਾਰੀ ਅਧੀਨ ਹਨ। ਵਾਤਾਵਰਣ ਪ੍ਰੇਮੀਆਂ ਦੇ ਸਾਰੇ ਇਤਰਾਜ਼ਾਂ ਨੂੰ ਦਰਕਿਨਾਰ ਕਰਦੇ ਹੋਏ ਉੱਤਰਾਖੰਡ ਸਰਕਾਰ ਪਣ ਬਿਜਲੀ ਪੈਦਾ ਕਰਨ ਲਈ 54 ਹੋਰ ਨਵੇਂ ਡੈਮ ਉਸਾਰਨ ਜਾ ਰਹੀ ਹੈ। ਭਾਰਤੀਆਂ ਦੀ ਇੱਕ ਬਹੁਤ ਵੱਡੀ ਖੂਬੀ ਜਾਂ ਮੂਰਖਤਾ ਕਹਿ ਲਉ ਇਹ ਹੈ ਕਿ ਅਸੀਂ ਆਪਣੀਆਂ ਗਲਤੀਆਂ ਤੋਂ ਵੀ ਕੁਝ ਨਹੀਂ ਸਿੱਖਦੇ। ਇਸੇ ਤਰਾਂ ਦੀ ਇੱਕ ਭਿਆਨਕ ਦੁਰਘਟਨਾ ਸਿਰਫ ਸੱਤ ਸਾਲ ਪਹਿਲਾਂ 2013 ਵਿੱਚ ਕੇਦਾਰਨਾਥ ਵਿਖੇ ਵਾਪਰ ਚੁੱਕੀ ਹੈ। ਉਸ ਵੇਲੇ ਇੱਕ ਗਲੇਸ਼ੀਅਰ ਝੀਲ ਦੇ ਕਿਨਾਰੇ ਟੁੱਟਣ ਕਾਰਨ ਆਏ ਹੜ੍ਹ ਕਾਰਨ 3000 ਲੋਕਾਂ ਦੀ ਮੌਤ ਹੋ ਗਈ ਸੀ ਤੇ ਹਜ਼ਾਰਾਂ ਲਾਪਤਾ ਹਨ। ਚੰਗੀ ਕਿਸਮਤ ਨੂੰ ਚਮੋਲੀ ਵਿੱਚ ਅਜਿਹੀ ਵੱਡੀ ਦੁਰਘਟਨਾ ਨਹੀਂ ਘਟੀ ਕਿਉਂਕਿ ਰਿਸ਼ੀ ਗੰਗਾ ਅਤੇ ਧੌਲੀ ਗੰਗਾ ਛੋਟੀਆਂ ਨਦੀਆਂ ਹਨ। ਉੱਤਰਾਖੰਡ ਵਿੱਚ ਸੰਨ 2000 ਤੋਂ ਬਾਅਦ ਕੀਤੇ ਜਾ ਰਹੇ ਅੰਨ੍ਹੇਵਾਹ, ਗੈਰ ਵਿਗਿਆਨਕ, ਬੁੱਧੀਹੀਣ ਅਤੇ ਬੇਤਰਤੀਬੇ ਕਥਿੱਤ ਵਿਕਾਸ ਕਾਰਨ ਪਹਾੜੀ ਹੜ੍ਹਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ।
ਸਭ ਤੋਂ ਵੱਡਾ ਖਤਰਾ ਇਹ ਹੈ ਕਿ ਚਮੋਲੀ ਵਰਗੀ ਤਬਾਹੀ ਕਦੇ ਵੀ ਹਿਮਾਚਲ ਅਤੇ ਪੰਜਾਬ ਵਿੱਚ ਵੀ ਵਾਪਰ ਸਕਦੀ ਹੈ। ਇਸ ਵੇਲੇ ਹਿਮਾਚਲ ਵਿਚਲੇ ਹਿਮਾਲੀਆ ਪਰਬਤਾਂ ਵਿੱਚ ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਪਿਘਲਣ ਨਾਲ 1700 ਦੇ ਕਰੀਬ ਨਵੀਆਂ ਝੀਲਾਂ ਬਣ ਚੁੱਕੀਆਂ ਹਨ। ਇਹ ਝੀਲਾਂ 10 ਹੈਕਟੇਅਰ ਤੋਂ ਲੈ ਕੇ 30 ਹੈਕਟੇਅਰ ਤੱਕ ਖੇਤਰਫਲ ਦੀਆਂ ਹਨ। ਇਨ੍ਹਾਂ ਦੇ ਕਿਨਾਰੇ ਟੱੁਟਣ ਕਾਰਨ ਕਦੇ ਵੀ ਹਿਮਾਚਲ ਅਤੇ ਪੰਜਾਬ ਵਿੱਚ ਤਬਾਹੀ ਮੱਚ ਸਕਦੀ ਹੈ ਤੇ ਭਾਖੜਾ, ਰਣਜੀਤ ਸਾਗਰ ਅਤੇ ਪੌਂਗ ਡੈਮ ਖਤਰੇ ਵਿੱਚ ਪੈ ਸਕਦੇ ਹਨ। 2005 ਦੀਆਂ ਗਰਮੀਆਂ ਵਿੱਚ ਸਤਲੁਜ ਦੀ ਇੱਕ ਸਹਾਇਕ ਨਦੀ ਪਾਰਸੀਹੂ ਵਿੱਚ ਅਜਿਹੀ ਹੀ ਇੱਕ ਝੀਲ ਫਟ ਗਈ ਸੀ ਜਿਸ ਕਾਰਨ ਸਤਲੁਜ ਵਿੱਚ ਭਾਰੀ ਹੜ੍ਹ ਆ ਗਿਆ ਸੀ। ਸਤਲੁਜ ਦਾ ਪੱਧਰ 25 ਮੀਟਰ ਤੱਕ ਵਧ ਗਿਆ ਸੀ ਜਿਸ ਕਾਰਨ ਕਿਨੌਰ – ਰਾਮਪੁਰ ਇਲਾਕੇ ਵਿੱਚ ਲੀਉ ਪਿੰਡ ਸਮੇਤ ਅਨੇਕਾਂ ਪਿੰਡ ਅਤੇ 16 ਪੁੱਲ ਪਾਣੀ ਵਿੱਚ ਸਮਾ ਗਏ ਸਨ। ਸਰਕਾਰੀ ਅਤੇ ਨਿੱਜੀ ਸੰਪਤੀ ਦਾ ਨੁਕਸਾਨ 900 ਕਰੋੜ ਰੁਪਏ ਤੋਂ ਵੀ ਵੱਧ ਹੋਇਆ ਸੀ। ਹਿਮਾਚਲ ਪ੍ਰਦੇਸ਼ ਦੀ ਸਰਕਾਰੀ ਸੰਸਥਾ ਕਾਊਂਸਲ ਆਫ ਸਾਇੰਸ ਐਂਡ ਟੈਕਨੋਲੌਜੀ ਸੈਟੇਲਾਈਟ ਰਾਹੀਂ ਦਰਿਆਵਾਂ ਦੇ ਸ੍ਰੋਤਾਂ ਕੋਲ ਬਣਨ ਵਾਲੀਆਂ ਝੀਲਾਂ ‘ਤੇ ਨਿਗਾਹ ਰੱਖਦੀ ਹੈ। ਉਸ ਦੇ ਬੁਲਾਰੇ ਨੇ ਦੱਸਿਆ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਸਤਲੁਜ, ਝਨਾਬ, ਬਿਆਸ ਅਤੇ ਰਾਵੀ ਦੇ ਸ੍ਰੋਤਾਂ ਅਤੇ ਇਨ੍ਹਾਂ ਦੀਆਂ ਸਹਾਇਕ ਨਦੀਆਂ ਨਜ਼ਦੀਕ ਅਜਿਹੀਆਂ ਝੀਲਾਂ ਬਣਨ ਦੀ ਪ੍ਰਕਿਰਿਆ ਵਿੱਚ ਅਥਾਹ ਵਾਧਾ ਹੋਇਆ ਹੈ। ਇਹ ਵਾਧਾ ਬਿਆਸ ਦੇ ਸ੍ਰੋਤਾਂ ਨਜ਼ਦੀਕ 36%, ਝਨਾਬ ਦੇ ਸ੍ਰੋਤਾਂ ਨਜ਼ਦੀਕ 32%, ਰਾਵੀ ਦੇ ਸ੍ਰੋਤਾਂ ਨਜ਼ਦੀਕ 94% ਅਤੇ ਸਤਲੁਜ ਦੇ ਸ੍ਰੋਤਾਂ ਨਜ਼ਦੀਕ 97% ਹੈ। 2018 ਵਿੱਚ ਸਤਲੁਜ ਦੇ ਸ੍ਰੋਤਾਂ ਨਜ਼ਦੀਕ 800 ਝੀਲਾਂ, ਝਨਾਬ ਦੀਆਂ ਸਹਾਇਕ ਨਦੀਆਂ (ਚੰਦਰਾ, ਭਾਗਾ ਅਤੇ ਮਿਆਰ) ਦੇ ਨਜ਼ਦੀਕ 254 ਝੀਲਾਂ, ਰਾਵੀ ਦੀਆਂ ਸਹਾਇਕ ਨਦੀਆਂ ਕੋਲ 313 ਝੀਲਾਂ ਅਤੇ ਬਿਆਸ ਦੀਆਂ ਸਹਾਇਕ ਨਦੀਆਂ ਦੇ ਨਜ਼ਦੀਕ 300 ਦੇ ਕਰੀਬ ਝੀਲਾਂ ਬਣ ਚੁੱਕੀਆਂ ਹਨ। ਇਨ੍ਹਾਂ ਦੀ ਗਿਣਤੀ ਵਿੱਚ ਹਰ ਮਹੀਨੇ ਵਾਧਾ ਹੁੰਦਾ ਜਾ ਰਿਹਾ ਹੈ।
ਇਨ੍ਹਾਂ ਝੀਲਾਂ ਵਿੱਚ ਪਾਣੀ ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਪਿਘਲਣ ਨਾਲ ਆਉਂਦਾ ਹੈ। ਅੱਜ ਤੋਂ ਪੰਜਾਹ ਸਾਲ ਪਹਿਲਾਂ ਗਲੇਸ਼ੀਅਰ ਸਿਰਫ ਗਰਮੀਆਂ ਵਿੱਚ ਪਿਘਲਦੇ ਸਨ ਤੇ ਸਰਦੀਆਂ ਵਿੱਚ ਦੁਬਾਰਾ ਆਪਣੇ ਅਸਲੀ ਅਕਾਰ ਵਿੱਚ ਆ ਜਾਂਦੇ ਸਨ। ਪਰ ਹੁਣ ਇਹ ਸਰਦੀਆਂ ਵਿੱਚ ਵੀ ਪਿਘਲਦੇ ਰਹਿੰਦੇ ਹਨ। ਇਹ ਝੀਲਾਂ ਇੱਕ ਟਾਈਮ ਬੰਬ ਵਾਂਗ ਹਨ। ਜਦੋਂ ਇਨ੍ਹਾਂ ਵਿੱਚ ਸਮਰਥਾ ਤੋਂ ਵੱਧ ਪਾਣੀ ਭਰ ਜਾਂਦਾ ਹੈ ਤਾਂ ਇਹ ਆਪਣੇ ਕਿਨਾਰੇ ਤੋੜ ਕੇ ਥੱਲੇ ਵੱਲ ਨੂੰ ਚੱਲ ਪੈਂਦੀਆਂ ਹਨ। ਇਸ ਕਾਰਨ ਬਿਨਾਂ ਬਰਸਾਤ ਤੋਂ ਹੀ ਦਰਿਆਵਾਂ ਵਿੱਚ ਹੜ੍ਹ ਆ ਜਾਂਦਾ ਹੈ ਤੇ ਲੋਕ ਬਿਨਾਂ ਚੇਤਾਵਨੀ ਤੋਂ ਮੁਸੀਬਤ ਵਿੱਚ ਘਿਰ ਜਾਂਦੇ ਹਨ। ਇਹ ਅਚਨਚੇਤੀ ਹੜ੍ਹ ਆਪਣੇ ਨਾਲ ਪਹਾੜਾਂ ਦੀ ਉਪਜਾਊ ਮਿੱਟੀ ਦੀ ਬਜਾਏ ਲੱਖਾਂ ਟਨ ਮਲਬਾ ਲੈ ਕੇ ਆਉਂਦੇ ਹਨ, ਜਿਸ ਕਾਰਨ ਦਰਿਆਵਾਂ ਦੇ ਰਸਤਾ ਬਦਲਣ ਦਾ ਨਵਾਂ ਖਤਰਾ ਪੈਦਾ ਹੋ ਗਿਆ ਹੈ। ਹਿਮਾਚਲ ਦੇ ਦਰਿਆ ਇਸੇ ਕਾਰਨ ਪੰਜਾਬ ਦੇ ਡੈਮਾਂ ਵਿੱਚ ਹਰ ਸਾਲ ਲੱਖਾਂ ਟਨ ਮਿੱਟੀ ਪੱਥਰ ਲਿਆ ਰਹੇ ਹਨ ਜਿਸ ਕਾਰਨ ਡੈਮਾਂ ਦੀ ਉਮਰ ਘਟ ਰਹੀ ਹੈ ਤੇ ਸਾਫ ਸਫਾਈ ਉੱਪਰ ਕਰੋੜਾਂ ਰੁਪਏ ਬਰਬਾਦ ਹੋ ਰਹੇ ਹਨ।
2000 ਸੰਨ ਤੋਂ ਪਹਿਲਾਂ ਕਦੇ ਕਿਸੇ ਨੇ ਪਹਾੜਾਂ ਵਿੱਚ ਹੜ੍ਹਾਂ ਦੇ ਆਉਣ ਬਾਰੇ ਸੁਣਿਆ ਵੀ ਨਹੀਂ ਸੀ। ਹੜ੍ਹ ਹਮੇਸ਼ਾਂ ਮੈਦਾਨਾਂ ਵਿੱਚ ਹੀ ਆਉਂਦੇ ਸਨ। ਪਰ ਹੁਣ ਹਰ ਸਾਲ ਹਿਮਾਲੀਆ ਪਰਬਤ ਦੇ ਕਿਸੇ ਨਾ ਕਿਸੇ ਪਹਾੜੀ ਇਲਾਕੇ ਵਿੱਚ ਅਚਨਚੇਤੀ ਹੜ੍ਹ ਆ ਜਾਂਦਾ ਹੈ। ਜੇ ਇਹ ਹੜ੍ਹ ਗਰਮੀਆਂ ਵਿੱਚ ਆਉਣ ਤਾਂ ਫਿਰ ਵੀ ਜ਼ਾਇਜ ਠਹਿਰਾਏ ਜਾ ਸਕਦੇ ਹਨ, ਪਰ ਚਮੋਲੀ ਵਾਲਾ ਹੜ੍ਹ ਤਾਂ ਸਰਦੀਆਂ ਵਿੱਚ ਆਇਆ ਹੈ। ਹਿਮਾਲੀਆ ਪਰਬਤ ਸੰਸਾਰ ਦੇ ਸਭ ਤੋਂ ਨਵੇਂ ਅਤੇ ਅਸਥਿਰ ਪਰਬਤ ਹਨ। ਇਨ੍ਹਾਂ ਦਾ ਅਜੇ ਪੂਰੀ ਤਰਾਂ ਨਾਲ ਅਧਿਐਨ ਵੀ ਨਹੀਂ ਕੀਤਾ ਜਾ ਸਕਿਆ। ਇਸ ਤੋਂ ਇਲਾਵਾ ਇਹ ਭੁਚਾਲ ਖੇਤਰ ਦੇ ਉੱਪਰ ਸਥਿੱਤ ਹਨ। ਸੰਸਾਰ ਦੇ ਸਿਰਫ ਇਹ ਹੀ ਪਰਬਤ ਹਨ ਜਿਨ੍ਹਾਂ ਨੂੰ ਵਿਕਾਸ ਦੇ ਨਾਮ ‘ਤੇ ਸਭ ਤੋਂ ਬੇਤਰਤੀਬੇ ਢੰਗ ਨਾਲ ਬਰਬਾਦ ਕੀਤਾ ਜਾ ਰਿਹਾ ਹੈ। ਜੇ ਪਹਾੜਾਂ ਵਿੱਚ ਵੱਸੇ ਸ਼ਿਮਲਾ ਵਰਗੇ ਸ਼ਹਿਰਾਂ ਨੂੰ ਵੇਖਿਆ ਜਾਵੇ ਤਾਂ ਉਹ ਕਿਸੇ ਖੁਬਸੂਰਤ ਰਮਣੀਕ ਪਹਾੜੀ ਸ਼ਹਿਰ ਦੀ ਬਜਾਏ ਕੰਕਰੀਟ ਦਾ ਢੇਰ ਜਿਆਦਾ ਦਿਖਾਈ ਦੇਂਦੇ ਹਨ। ਕੈਲੀਫੋਰਨੀਆਂ ਵੀ ਭੁਚਾਲ ਪ੍ਰਭਾਵਿਤ ਖੇਤਰ ਵਿੱਚ ਆਉਂਦਾ ਹੋਣ ਕਾਰਨ ਉਥੇ ਘਰਾਂ ਵਿੱਚ ਬੇਸਮੈਂਟ ਤੱਕ ਬਣਾਉਣ ਦੀ ਮਨਾਹੀ ਹੈ। ਪਰ ਭਾਰਤ ਵਿੱਚ ਹਿਮਾਲੀਆ ਪਰਬਤਾਂ ‘ਤੇ 20 – 20 ਮੰਜ਼ਲਾ ਫਲੈਟ ਖੜੇ ਕਰ ਦਿੱਤੇ ਗਏ ਹਨ। ਜਦੋਂ ਵੀ ਇਨਸਾਨ ਅੱਤ ਕਰ ਦੇਂਦਾ ਹੈ ਤਾਂ ਆਖਰ ਕੁਦਰਤ ਆਪਣਾ ਰੂਪ ਦਿਖਾਉਂਦੀ ਹੈ। ਪਰ ਪੈਸਾ ਕਮਾਉਣ ਦੀ ਅੰਨ੍ਹੀ ਦੌੜ ਵਿੱਚ ਅਸੀਂ ਸ਼ਾਇਦ ਇਹ ਗੱਲ ਭੁੱਲ ਚੁੱਕੇ ਹਾਂ। ਜੇ ਅਜੇ ਵੀ ਸਮਾਂ ਨਾ ਸੰਭਾਲਿਆ ਗਿਆ ਤਾਂ ਅਗਲੇ ਸਾਲਾਂ ਵਿੱਚ ਆਉਣ ਵਾਲੇ ਹੜ੍ਹ ਇਸ ਤੋਂ ਵੀ ਭਿਆਨਕ ਅਤੇ ਪਰਲੋ ਦੇ ਬਰਾਬਰ ਹੋਣਗੇ।

Related posts

ਆਯੁਰਵੇਦ ਦਾ ਗਿਆਨ: ਈਥਰਿਕ ਪਰਤ ਦਾ ਅਨੁਭਵ !

admin

ਮੈਲਬੌਰਨ ‘ਚ ਦੋ ਨਵੇਂ ਇੰਡੀਅਨ ਕਮਿਊਨਿਟੀ ਸੈਂਟਰਾਂ ਲਈ ਫੰਡਿੰਗ ਉਪਲਬਧ ਹੈ !

admin

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin