Articles

ਬੇਵਫ਼ਾ ਅਗਵਾਈ ਤੇ ਮੰਦੀ ਨਜ਼ਰ ਦਾ ਸ਼ਿਕਾਰ ਰਿਹਾ ਹੈ ਕਿਸਾਨ ਅਤੇ ਸਿੱਖ ਧਰਮ

ਫੋਟੋ: ਏ ਐੱਨ ਆਈ।
ਲੇਖਕ: ਸੁਖਵੀਰ ਸਿੰਘ ਕੰਗ, ਕੋਟਲਾ ਸ਼ਮਸ਼ਪੁਰ, ਸਮਰਾਲਾ

ਕਿਸਾਨ ਦੁਆਰਾ ਪੈਦਾ ਕੀਤੇ ਅੰਨ ਨਾਲ ਸਾਰੀ ਦੁਨੀਆਂ ਆਪਣਾ ਢਿੱਡ ਭਰਦੀ ਹੈ। ਕਿਸਾਨ ਆਪਣੀ ਉਪਜ ਦਾ ਤੁੱਛ ਜਿਹਾ ਹਿੱਸਾ ਰੱਖ ਕੇ ਨਿਗੂਣੇ ਮੁੱਲ ਤੇ ਬਾਕੀ ਸਾਰੀ ਉਪਜ ਸਮਾਜ ਅਤੇ ਦੁਨੀਆਂ ਨੂੰ ਨਿਛਾਵਰ ਕਰ ਦਿੰਦਾ ਹੈ। ਇਸੇ ਕਰਕੇ ਕਿਸਾਨ ਨੂੰ ਅੰਨ-ਦਾਤਾ ਮੰਨਿਆ ਗਿਆ ਹੈ। ਕਿਸਾਨ ਦੀ ਇਸ ਦੇਣ ਸਦਕਾ ਉਸ ਦੀ ਬਹੁਤ ਕਦਰ ਵੀ ਕੀਤੀ ਜਾਂਦੀ ਰਹੀ ਹੈ। ਇਸ ਸਭ ਦੇ ਪਰਸਪਰ ਹੀ ਕਿਸਾਨ ਦੀ ਉਪਜ ਦੇ ਇੱਕ ਦਮ ਤਿਆਰ ਹੋ ਕੇ ਮੰਡੀ ਵਿੱਚ ਆਉਣ ਦੀ ਮਜਬੂਰੀ ਦਾ ਲਾਭ ਉਠਾਉਣ ਵਾਲੇ ਲਾਲਚੀ ਵਪਾਰੀ ਵਰਗ ਦੀ ਭੁੱਖ ਵੀ ਆਪਣਾ ਰੰਗ ਦਿਖਾਉਂਦੀ ਆ ਰਹੀ ਹੈ ਜਿਸ ਨੇ ਕਿਸਾਨ ਨੂੰ ਰਿਜ਼ਕ-ਦਾਤਾ ਮੰਨਣ ਦੀ ਥਾਂ ਇਸਦੀ ਲੁੱਟ-ਖਸੁੱਟ ਦਾ ਹੀ ਰਸਤਾ ਅਪਣਾਇਆ ਹੈ। ਭਾਵੇਂ ਇਹ ਕੁਟਿਲ ਨੀਤੀ ਮੁੱਢ ਤੋਂ ਹੀ ਚੱਲਦੀ ਆ ਰਹੀ ਹੈ ਪਰ ਪਿਛਲੇ ਕੁੱਝ ਅਰਸੇ ਤੋਂ ਬਹੁਤ ਸਾਰੇ ਵਿਕਸਤ ਤੇ ਵਿਕਾਸਸ਼ੀਲ ਦੇਸ਼ਾਂ ਸਮੇਤ ਭਾਰਤ ਵਿੱਚ ਇਹ ਬੜਾ ਖਤਰਨਾਕ ਅਤੇ ਲੋਕ ਮਾਰੂ ਰੂਪ ਅਖ਼ਤਿਆਰ ਕਰ ਚੁੱਕੀ ਹੈ ਅਤੇ ਹਰ ਥਾਂ ਇਸ ਵਰਤਾਰੇ ਦੇ ਸਮੁੱਚੇ ਅਰਥਚਾਰੇ ਲਈ ਮਾੜੇ ਨਤੀਜੇ ਹੀ ਨਿੱਕਲੇ ਹਨ। ਜਿਸ ਦੇਸ਼ ਨੇ ਵੀ ਇਸ ਨਿਰੋਲ ਵਪਾਰਕ ਵਿਧੀ ਨੂੰ ਅਪਣਾਇਆ ਉੱਥੇ ਅਨਾਜ ਸੰਚਾਰ ਵਿਗੜਿਆ ਅਤੇ ਮਹਿੰਗਾਈ ਵਧੀ ਅਤੇ ਨਾਲ ਹੀ ਅਮੀਰ-ਗਰੀਬ ਦਾ ਪਾੜਾ ਬਹੁਤ ਜਿਆਦਾ ਵਧਿਆ ਹੈ। ਇਹ ਰੁਝਾਨ ਇੱਕ ਤਰਫ਼ਾ ਵਪਾਰੀ ਪੱਖੀ ਹੋ ਨਿਬੜਿਆ ਅਤੇ ਆਮ ਲੋਕ ਲਾਚਾਰੀ ਦਾ ਸ਼ਿਕਾਰ ਹੋਏ ਹਨ। ਜਿਸ ਦੇ ਨਤੀਜੇ ਵਜੋਂ ਮਿਹਨਤੀ ਅਤੇ ਸਬਰ ਵਾਲੀ ਕਿਸਾਨ ਕੌਮ ਦੇ ਹੱਕ ਖੋਹੇ ਜਾਂਦੇ ਰਹੇ। ਵੱਡੇ ਵਪਾਰੀ ਦੇ ਪੈਸੇ ਦੇ ਲਾਲਚ ਨੇ ਰੱਜੀ-ਪੁੱਜੀ ਅਤੇ ਸਭ ਨੂੰ ਸਸਤੇ ਵਿੱਚ ਰਜਾਉਣ ਵਾਲੀ ਕੌਮ ਨੂੰ ਕੰਗਾਲੀ ਵੱਲ ਧੱਕ ਦਿੱਤਾ ।
ਬਿਲਕੁਲ ਇਸੇ ਤਰ੍ਹਾਂ ਸਰਬੱਤ ਦਾ ਭਲਾ ਮੰਗਣ ਵਾਲਾ, ਸਭ ਵਰਗਾਂ ਨੂੰ ਇੱਕ ਧਾਗੇ ਵਿਚ ਪਰੋਣ ਵਾਲਾ,ਸਭ ਧਰਮਾਂ ਨੂੰ ਸਤਿਕਾਰ ਦੇਣ ਵਾਲਾ, ਸਰਬ-ਸਾਝੀਵਾਲਤਾ ਦਾ ਹਾਮੀ, ਔਰਤ ਨੂੰ ਉੱਤਮ ਰੁਤਬਾ ਦੇਣ ਵਾਲਾ,ਗਊ-ਗਰੀਬ ਦਾ ਰੱਖਿਅਕ ਬਣਨ ਵਾਲਾ, ਸੇਵਾ ਦਾ ਧਾਰਨੀ, ਲੰਗਰਾਂ ਸਮੇਤ ਹਾਜ਼ਰ ਰਹਿਣ ਵਾਲਾ ਅਤੇ ਆਪਣੇ ਵਿਸ਼ਾਲ ਵਿਚਾਰਾਂ ਰਾਹੀਂ ਸਮੁੱਚੇ ਜਗਤ ਨੂੰ ਕਲਾਵੇ ਵਿੱਚ ਲੈ ਲੈਣ ਦੀ ਸਮਰੱਥਾ ਵਾਲਾ ਸਿੱਖ ਧਰਮ ਵੀ ਤਾਕਤ ਦੇ ਨਸ਼ੱਈਆਂ ਦੇ ਅੱਖਾਂ ਵਿੱਚ ਰੜਕਦਾ ਆ ਰਿਹਾ ਹੈ। ਕਿਸਾਨ ਵਾਂਗ ਹੀ ਇਸ ਦੇ ਮਣਾਂ ਮੂੰਹੀਂ ਗੁਣ ਹੀ ਇਸਦੀ ਤਰਾਸਦੀ ਦਾ ਕਾਰਨ ਬਣ ਬੈਠੇ। ਕਿਸਾਨ ਦਾ ਸਿੱਧਾਪਨ, ਭੋਲ਼ਾਪਨ ਅਤੇ ਖੁੱਲਦਿਲੀ, ਹੈ ਤਾਂ ਗੁਣ ਸਨ ਪਰ ਧੋਖੇਬਾਜ ਅਤੇ ਬੇਈਮਾਨ ਸਮਾਜ ਵਿੱਚ ਇਹ ਔਗੁਣ ਵਾਂਗ ਨੁਕਸਾਨ ਦਾਇਕ ਸਾਬਤ ਹੋਏ। ਕਿਸਾਨ ਦੀ ਮਿਹਨਤ ਦੀ ਲੁੱਟ ਹੋਣ ਲੱਗੀ। ਇਸੇ ਤਰ੍ਹਾਂ ਸਿੱਖ ਧਰਮ ਦੇ ਗੁਰੂਆਂ, ਉਹਨਾਂ ਦੇ ਪੂਰਨਿਆਂ, ਉਹਨਾਂ ਦੀ ਬਾਣੀ ਅਤੇ ਉਹਨਾਂ ਦੁਆਰਾ ਦਰਸਾਈ ਜੀਵਨ-ਜਾਚ ਦੀ ਪੂਰੀ ਦੁਨੀਆਂ ਕਾਇਲ ਹੈ। ਸਿੱਖ ਧਰਮ ਨੂੰ ਬਖਸ਼ੀ ਗੁਰਬਾਣੀ ਦੀ ਪਹੁੰਚ, ਤਾਕਤ ਅਤੇ ਗਹਿਰਾਈ ਅੱਗੇ ਹਰ ਦੇਸ਼, ਹਰ ਭਾਸ਼ਾ, ਹਰ ਧਰਮ ਅਤੇ ਹਰ ਕੌਮ ਦਾ ਸ਼ੁਭ ਵਿਚਾਰਾਂ ਵਾਲਾ ਹਰ ਵਿਦਵਾਨ ਸਿਰ ਝੁਕਾਉਂਦਾ ਹੈ। ਸਿੱਖ ਧਰਮ ਦੇ ਗੁਣਾਂ, ਪ੍ਰਾਪਤੀਆਂ, ਵਿਸ਼ਾਲਤਾ ਅਤੇ ਸਮਾਜ ਨੂੰ ਦੇਣ ਦੀ ਹਰ ਸੂਝਵਾਨ ਅਤੇ ਵਿਚਾਰਵਾਨ ਸਖ਼ਸ਼ ਕਦਰ ਕਰਦਾ ਹੈ ਪਰ ਜਦੋਂ ਗੱਲ ਤਾਕਤ ਦੀ ਲਾਲਸਾ ਆਉਂਦੀ ਹੈ ਤਾਂ ਹਰ ਤਾਕਤ ਦੀ ਹਿਰਸੀ ਧਿਰ ਭੈਅ ਕਾਰਨ ਸਿੱਖ ਧਰਮ ਤੋਂ ਖਾਰ ਖਾਣ ਲੱਗਦੀ ਹੈ। ਇਹ ਵਰਤਾਰਾ ਵੀ ਮੁੱਢੋਂ ਹੀ ਚੱਲਦਾ ਆ ਰਿਹਾ ਹੈ। ਅੰਦਰੂਨੀ ਵਖਰੇਵਿਆਂ ਕਾਰਨ ਅੱਜ ਸਿੱਖ ਕੌਮ ਚਾਹੇ ਕੁੱਝ ਡਾਵਾਂ ਡੋਲ ਹੈ ਪਰ ਫਿਰ ਵੀ ਪੂਰੀ ਦੁਨੀਆਂ ਇਸ ਦੇ ਜੁਝਾਰੂ ਇਤਿਹਾਸ ਕਾਰਨ ਇਸ ਦੇ ਜਜ਼ਬੇ ਤੇ ਦਬਦਬੇ ਤੋਂ ਭੈਅ ਖਾਂਦੀ ਹੈ। ਸਿੱਖ ਧਰਮ ਦੇ ਇਹ ਗੁਣ ਅਤੇ ਇਸਦੇ ਲੋਕਾਂ ਦੀ ਚੜ੍ਹਦੀ ਕਲਾ ਹੀ ਇਸ ਦੀ ਦੁਸ਼ਮਣ ਸਾਬਤ ਹੋ ਰਹੀ ਹੈ। ਇਸ ਧਰਮ ਦੀ ਲਿਸ਼ਕ ਹਰ ਕਿਸੇ ਨੂੰ ਰਾਸ ਨਹੀਂ ਆ ਰਹੀ।
ਕਿਸਾਨੀ ਅਤੇ ਸਿੱਖ ਧਰਮ ਦੋਵਾਂ ਦੀ ਸਮਾਜ ਅਤੇ ਵਿਸ਼ਵ ਨੂੰ ਖੁਰਾਕ ਅਤੇ ਧਰਮ ਦੇ ਖੇਤਰ ਵਿੱਚ ਆਪੋ ਆਪਣੀ ਥਾਂ ਬਰਾਬਰ ਦੀ ਵੱਡੀ ਦੇਣ ਹੈ। ਇਸ ਤੋਂ ਬਿਨਾਂ ਮੁੱਢ ਤੋਂ ਲੈ ਕੇ ਅਤੇ ਖਾਸ ਕਰ ਪਿਛਲੇ ਕੁੱਝ ਦਹਾਕਿਆਂ ਤੋਂ ਕਿਸਾਨਾਂ ਅਤੇ ਸਿੱਖ ਧਰਮ ਵਿੱਚ ਇੱਕ ਗੱਲ ਹੋਰ ਸਾਂਝੀ ਹੈ ਕਿ ਦੋਨਾਂ ਨੂੰ ਵਫ਼ਾਦਾਰ ਅਗਵਾਈ ਤੋਂ ਵਾਂਝੇ ਹੀ ਰਹੇ ਹਨ। ਦੋਵਾਂ ਨੂੰ ਮੌਕਾਪ੍ਰਸਤ, ਖੁਦਗਰਜ਼ ਅਤੇ ਢਾਹ ਲਾਊ ਅਗਵਾਈ ਹੀ ਮਿਲਦੀ ਆ ਰਹੀ ਹੈ। ਕਾਫ਼ੀ ਸਮੇਂ ਤੋਂ ਦੇਖਦੇ ਆ ਰਹੇ ਹਾਂ ਕੀ ਰਾਹਨੁਮਾਈ ਪੱਖੋਂ ਦੋਵਾਂ ਦੇ ਪੱਲੇ ਧੋਖੇ ਅਤੇ ਬੇਵਫ਼ਾਈ ਹੀ ਪੈਂਦੀ ਰਹੀ ਹੈ । ਇਹ ਕੋਈ ਰੱਬੀ ਰਹਿਮਤ ਜਾਂ ਬਖ਼ਸ਼ਿਸ਼ ਹੀ ਹੈ ਕਿ ਫਿਰ ਵੀ ਦੋਵੇਂ ਵਜੂਦ ਬਚਾਏ ਹੋਏ ਹਨ ਕਿਓਂਕਿ ਦੇਸ਼ ਦੇ ਅੰਦਰੋਂ ਅਤੇ ਬਾਹਰੋਂ ਇਹਨਾਂ ਨੂੰ ਲਾਂਭੇ ਕਰਨ ਦੀਆਂ ਸਾਜਿਸ਼ਾਂ ਗਾਹੇ-ਬਗਾਹੇ ਹੁੰਦੀਆਂ ਹੀ ਰਹੀਆਂ ਹਨ। ਕਿਸਾਨਾਂ ਨੂੰ ਖੇਤੀ ਦੇ ਲਾਹੇਵੰਦ ਹੋਣ ਤੋਂ ਬਾਅਦ ਅਤੇ ਸਿੱਖਾਂ ਨੂੰ ਖਾਲਸਾ ਰਾਜ ਤੋਂ ਬਾਅਦ ਲਗਾਤਾਰ ਦੋਵਾਂ ਦੇ ਹੱਕ ਵੇਚ ਕੇ ਢਿੱਡ ਭਰਨ ਵਾਲੀ ਅਗਵਾਈ ਹੀ ਮਿਲਦੀ ਆ ਰਹੀ ਹੈ। ਅਨੇਕ ਵਾਰ ਦੇਖਣ ਵਿੱਚ ਆਇਆ ਹੈ ਕਿ ਹਰ ਮੁਹਿੰਮ ਆਰੰਭ ਤਾਂ ਸਾਫ ਸੁਥਰੇ ਤਰੀਕੇ ਨਾਲ ਹੁੰਦੀ ਹੈ ਪਰ ਥੋੜ੍ਹੀ ਦੂਰ ਜਾ ਕੇ ਹੀ ਜਾਂ ਤਾਂ ਥੱਕ ਕੇ ਦਮ ਤੋੜ ਜਾਂਦੀ ਹੈ ਜਾਂ ਮਕਸਦ ਤੋਂ ਭਟਕ ਜਾਂਦੀ ਹੈ ਅਤੇ ਲੋਕ ਹੱਥ ਮਲਦੇ ਰਹਿ ਜਾਂਦੇ ਹਨ। ਦੋਨਾਂ ਦੀ ਅਗਵਾਈ ਦੇ ਹਮੇਸ਼ਾ ਹੀ ਅਨੇਕ ਰਾਹ ਬਣ ਜਾਂਦੇ ਹਨ, ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਸਹੀ ਕਿਹੜਾ ਹੈ ਅਤੇ ਕਿਸ ਪਾਸੇ ਤੁਰਿਆ ਜਾਵੇ। ਅੰਤ ਉਹ ਅੱਕ ਕੇ ਘਰ ਪਰਤ ਕੇ ਬੇਬਸ ਹੋ ਕੇ ਚੁੱਪ ਕਰਕੇ ਬੈਠ ਜਾਂਦੇ ਹਨ। ਇਹਨਾਂ ਵਿੱਚੋਂ ਕੁੱਝ ਰਾਹ ਹਕੂਮਤੀ ਰਿਸ਼ਤਿਆਂ ਦੀ ਉਪਜ ਹੁੰਦੇ ਹਨ ਅਤੇ ਕੁੱਝ ਆਗੂਆਂ ਦੇ ਨਿੱਜੀ ਲਾਲਸਾਵਾਂ ਅਤੇ ਚੌਧਰ ਦੇ ਕਬਜਿਆਂ ਦੀ ਦੇਣ ਹੁੰਦੇ ਹਨ ਉਹਨਾਂ ਵਿੱਚੋਂ ਬਹੁਤੇ ਨਿਗੂਣੇ ਲਾਹਿਆਂ ਦੀ ਮ੍ਰਿਗ-ਤ੍ਰਿਸਨਾਂ ਦਾ ਸ਼ਿਕਾਰ ਹੋ ਕੇ ਨਾ ਖੁਦ ਮੰਜਿਲ ਤੇ ਪਹੁੰਚਦੇ ਹਨ ਨਾ ਹੀ ਲੋਕਾਂ ਲਈ ਕੋਈ ਮੌਕਾ ਛੱਡਦੇ ਹਨ। ਅਗਵਾਈ ਦੇ ਇਹ ਔਗੁਣ ਬਹੁਤ ਸਾਰੇ ਸੰਘਰਸ਼ਾਂ ਦੇ ਆੜੇ ਆਏ ਹਨ ਜਿਸ ਨਾਲ ਕਿਸਾਨੀ ਅਤੇ ਸਿੱਖ ਧਰਮ ਦਾ ਬਹੁਤ ਨੁਕਸਾਨ ਹੋਇਆ ਹੈ।
ਅੱਜ ਵੀ ਬਹੁਤ ਵੱਡਾ ਕਿਸਾਨ ਸੰਘਰਸ਼ ਚੱਲ ਰਿਹਾ ਹੈ। ਇੱਕ ਵਾਰ ਫਿਰ ਸਭ ਦੀਆਂ ਨਜ਼ਰਾਂ ਆਗਵਾਈ ਉੱਪਰ ਲੱਗੀਆਂ ਹੋਈਆਂ ਹਨ। ਇਸ ਕਰਕੇ ਅੱਜ ਦੇ ਕਿਸਾਨ ਆਗੂਆਂ ਕੋਲ ਮੌਕਾ ਹੈ ਕਿ ਉਹ ਇਸ ਵਾਰ ਵਫ਼ਾਦਾਰ, ਇਮਾਨਦਾਰ, ਜਿੰਮੇਵਾਰ ਅਤੇ ਜੁਆਬਦੇਹ ਅਗਵਾਈ ਦੇ ਕੇ ਪਿਛਲੀਆਂ ਰਵਾਇਤਾਂ ਨੂੰ ਤੋੜ ਦੇਣ ਤਾਂ ਕਿ ਭਵਿੱਖ ਵਿੱਚ ਉਹਨਾਂ ਦਾ ਅਤੇ ਕਿਸਾਨਾਂ ਦਾ ਵੱਕਾਰ ਕਾਇਮ ਰਹਿ ਸਕੇ। ਕਿਸਾਨਾਂ, ਆਮ ਲੋਕਾਂ ਅਤੇ ਕੁੱਲ ਲੋਕਾਈ ਨੂੰ ਇਸ ਅੰਦੋਲਨ ਤੋਂ ਬਹੁਤ ਉਮੀਦਾਂ ਹਨ। ਜੇਕਰ ਦੇਸ਼ ਦੀ ਗੱਲ ਕਰੀਏ ਤਾਂ ਇਸ ਅੰਦੋਲਨ ਉੱਪਰ ਦੇਸ਼ ਦਾ ਭਵਿੱਖ ਟਿਕਿਆ ਹੋਇਆ ਹੈ ਅਗਰ ਇਸ ਵਾਰ ਮਾਰ ਖਾ ਗਏ ਜਾਂ ਧੋਖਾ ਦੇ ਗਏ ਤਾਂ ਲੋਕਾਂ ਦੀ ਵਫ਼ਾਦਾਰ ਅਗਵਾਈ ਦੀ ਉਮੀਦ ਮਰ ਜਾਵੇਗੀ ਅਤੇ ਮੁੜ ਲੋਕਾਂ ਵਿੱਚ ਨਾ ਤਾਕਤ ਬਚੇਗੀ, ਨਾ ਭਾਵਨਾਂ ਹੀ ਨਹੀਂ ਬਚੇਗੀ, ਨਾ ਹੀ ਦੇਸ਼ ਵਿੱਚੋਂ ਮੁੜ ਕੋਈ ਸੰਘਰਸ਼ ਉੱਠੇਗਾ ਅਤੇ ਆਮ ਲੋਕ ਪਿਸ ਕੇ ਰਹਿ ਜਾਣਗੇ।

Related posts

ਆਯੁਰਵੇਦ ਦਾ ਗਿਆਨ: ਈਥਰਿਕ ਪਰਤ ਦਾ ਅਨੁਭਵ !

admin

ਮੈਲਬੌਰਨ ‘ਚ ਦੋ ਨਵੇਂ ਇੰਡੀਅਨ ਕਮਿਊਨਿਟੀ ਸੈਂਟਰਾਂ ਲਈ ਫੰਡਿੰਗ ਉਪਲਬਧ ਹੈ !

admin

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin