ਵੈਸੇ ਤਾਂ ਸਾਡੀ ਜ਼ਿੰਦਗੀ ਵਿੱਚ ਬਣੇ ਹਰ ਰਿਸ਼ਤੇ ਦੀ ਆਪਣੀ ਮਹੱਤਤਾ ਹੈ ਮਾਤਾ ਪਿਤਾ, ਭੈਣ ਭਰਾ, ਦੋਸਤ ਆਦਿ ਸਭ ਆਪਣੀ ਵੱਖਰੀ ਖਾਸੀਅਤ ਰੱਖਦੇ ਹਨ। ਪਰ ਇਸ ਵਿੱਚ ਕੋਈ ਸ਼ੱਕ ਨਹੀ ਕਿ ਮਾਤਾ ਪਿਤਾ ਦਾ ਰਿਸ਼ਤਾ ਦੁਨੀਆਂ ਦਾ ਸਭ ਤੋਂ ਪਿਆਰਾ ਰਿਸ਼ਤਾ ਹੈ। ਪਰ ਮਾਤਾ ਪਿਤਾ ਦੇ ਰਿਸ਼ਤੇ ਤੋਂ ਬਾਅਦ ਜਾਂ ਬਰਾਬਰ ਦਾ ਰੁਤਬਾ ਕਿਸੇ ਹੋਰ ਰਿਸ਼ਤੇ ਨੂੰ ਮਿਲਿਆ ਹੈ ਤਾਂ ਉਹ ਹੈ ਪਤੀ ਪਤਨੀ ਦਾ ਰਿਸ਼ਤਾ। ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਅਮੋਲਕ ਰਿਸ਼ਤਾ ਹੈ। ਜਿਵੇਂ ਬਚਪਨ ਵਿੱਚ ਮਾਤਾ ਪਿਤਾ ਸਾਡੀ ਦੇਖ ਭਾਲ ਕਰਦੇ ਹਨ, ਉਸੇ ਤਰ੍ਹਾਂ ਪਤੀ ਪਤਨੀ ਸਾਰੀ ਜ਼ਿੰਦਗੀ ਇੱਕ ਦੂਸਰੇ ਦਾ ਸਹਾਰਾ ਬਣਦੇ ਹਨ। ਪਤੀ ਪਤਨੀ ਦੇ ਰਿਸ਼ਤੇ ਦੀ ਬੁਨਿਆਦ ਸੱਚ ਉੱਪਰ ਹੋਵੇ ਤਾਂ ਇਸ ਰਿਸ਼ਤੇ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹੋ ਜਾਂਦੀਆਂ ਹਨ, ਸੱਚ ਅਤੇ ਇੱਕ ਦੂਸਰੇ ਉੱਪਰ ਭਰੋਸਾ ਹੀ ਇਸ ਰਿਸ਼ਤੇ ਦੇ ਥੰਮ੍ਹ ਹੁੰਦੇ ਹਨ।ਜਦੋਂ ਦੋ ਆਤਮਾਵਾਂ ਦਾ ਸੰਯੋਗ ਮਿਲਦਾ ਹੈ ਤਾਂ ਆਪੋ ਆਪਣੇ ਇਸ਼ਟ ਦੇ ਮੂਹਰੇ ਸਾਰੀ ਜ਼ਿੰਦਗੀ ਇੱਕ ਦੂਸਰੇ ਦਾ ਸਹਾਰਾ ਬਣਨ ਦਾ ਵਚਨ ਲੈਂਦੇ ਹਨ। ਪਰ ਜੇਕਰ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਬਹੁਤਾਂਤ ਜੋੜੀਆਂ ਵਿਆਹ ਦੇ ਕੁਝ ਸਾਲਾਂ ਬਾਅਦ ਇੱਕ ਦੂਸਰੇ ਤੋਂ ਅਲੱਗ ਹੋਣ ਲਈ ਕੋਰਟ ਕਚਿਹਰੀਆਂ ਦੇ ਚੱਕਰ ਕੱਟ ਰਹੇ ਹੁੰਦੇ ਹਨ। ਜੇਕਰ ਇਸ ਵੱਧਦੇ ਰੁਝਾਨ ਦਾ ਕਾਰਣ ਵੇਖੀਏ ਤਾਂ ਸਭ ਤੋਂ ਵੱਡਾ ਕਾਰਣ ਪਤੀ ਪਤਨੀ ਦੇ ਨਜ਼ਾਇਜ ਸੰਬੰਧ ਹੁੰਦੇ ਹਨ।
ਕਈ ਘਰਾਂ ਦੇ ਟੁੱਟਣ ਦਾ ਕਾਰਣ ਹੈ ਪਤੀ ਪਤਨੀ ਦੇ ਨਜ਼ਾਇਜ ਰਿਸ਼ਤੇ
ਅੱਜਕੱਲ ਦੇ ਅਧੁਨਿਕਤਾਵਾਦੀ ਯੁੱਗ ਵਿੱਚ ਤਕਨਾਲੋਜੀ ਦੀਆਂ ਅਜਿਹੀਆਂ ਕਾਢ਼ਾ ਆਈਆਂ ਹਨ ਜਿੰਨਾ ਨੇ ਜੇਕਰ ਸਹੂਲਤਾਂ ਦਿੱਤੀਆਂ ਤਾਂ ਰਿਸ਼ਤਿਆ ਵਿੱਚ ਕੁੜੱਤਣ ਵੀ ਬਹੁਤ ਭਰੀ। ਵੱਖਰੀਆਂ ਵੱਖਰੀਆਂ ਸ਼ੋਸ਼ਲ ਐਪਸ ਜਿਵੇਂ ਕਿ ਫੇਸਬੁੱਕ, ਇੰਸਟਾਗਰਾਮ, ਟਵੀਟਰ, ਵਟਸਐਪ ਤੇ ਹੋਰ ਪਤਾ ਨਹੀਂ ਕਿੰਨੇ ਕੁ ਅਜਿਹੇ ਐਪ ਹਨ, ਜਿੰਨਾ ਨੇ ਨਜ਼ਾਇਜ ਰਿਸ਼ਤੇ ਬਣਾਉਣ ਵਿੱਚ ਲੋਕਾਂ ਦੀ ਬਹੁਤ ਮਦਦ ਕੀਤੀ।ਸੋਸ਼ਲ ਮੀਡੀਆ ਦੇ ਜਰੀਏ ਗੱਲਾਂ ਬਾਤਾਂ ਦਾ ਸ਼ੁਰੂ ਹੁੰਦਾ ਸਿਲਸਿਲਾ ਕਈ ਲੋਕਾਂ ਦੇ ਘਰ ਪੱਟ ਦਿੰਦਾ ਹੈ। ਇਸ ਵਿੱਚ ਕੇਵਲ ਆਦਮੀ ਹੀ ਨਹੀਂ ਬਹੁਤ ਸਾਰੀਆਂ ਔਰਤਾਂ ਵੀ ਸ਼ਾਮਿਲ ਹੁੰਦੀਆਂ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਅਜਿਹੇ ਕੇਸਾਂ ਵਿੱਚ ਲੜਕਾ ਲੜਕੀ ਇਹ ਕਦੇ ਨਹੀਂ ਦੱਸਦੇ ਕਿ ਉਹ ਸ਼ਾਦੀਸ਼ੁਦਾ ਹਨ। ਕੰਮਕਾਜ ਦੇ ਕਾਰਨ ਇੱਕ ਦੂਸਰੇ ਤੋਂ ਦੂਰ ਰਹਿਣ ਵਾਲੇ ਪਤੀ ਪਤਨੀਆਂ ਵਿੱਚ ਇਹ ਰੁਝਾਨ ਜਿਆਦਾ ਵੱਧ ਚੁੱਕਾ ਹੈ । ਇਸ ਕਾਰਣ ਕਈ ਪਰਿਵਾਰ ਬਿਖਰ ਜਾਂਦੇ ਹਨ, ਕਈਆਂ ਦੇ ਮਾਪਿਆਂ ਨੂੰ ਜਲੀਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈਆਂ ਦੀ ਜ਼ਿੰਦਗੀ ਖਰਾਬ ਹੁੰਦੀ ਹੈ ਅਤੇ ਸਭ ਤੋਂ ਵੱਧ ਪ੍ਰਭਾਵ ਉਹਨਾਂ ਬੱਚਿਆਂ ਉੱਪਰ ਹੁੰਦਾ ਹੈ , ਜਿੰਨਾ ਦੇ ਮਾਤਾ ਪਿਤਾ ਆਪਣੇ ਲਾਲਸਾ ਵੱਸ ਅਜਿਹੇ ਕੁਕਰਮ ਕਰਦੇ ਹਨ। ਇੱਕ ਬੱਚੇ ਲਈ ਮਾਤਾ ਅਤੇ ਪਿਤਾ ਦੋਨਾਂ ਦਾ ਪਿਆਰ ਅਤੇ ਸਾਥ ਬਰਾਬਰ ਦਾ ਲੋੜੀਂਦਾ ਹੈ, ਉਸ ਦੇ ਜੀਵਨ ਦੀ ਵਧੀਆ ਪਰਵਰਿਸ਼ ਕਰਨ ਲਈ ਮਾਤਾ ਪਿਤਾ ਦਾ ਇਕੱਠਿਆ ਹੋਣਾ ਬਹੁਤ ਜ਼ਰੂਰੀ ਹੈ, ਇਸ ਤੋਂ ਇਲਾਵਾ ਅਜਿਹੇ ਬੱਚਿਆਂ ਨੂੰ ਕਈ ਵਾਰ ਉਹਨਾਂ ਦੇ ਸਾਥੀਆਂ ਕੋਲੋਂ ਵੀ ਬਹੁਤ ਸਾਰੇ ਤਾਹਨੇ ਮਿਹਣੇ ਸੁਣਨੇ ਪੈਂਦੇ ਹਨ, ਅਤੇ ਮਜ਼ਾਕ ਦੇ ਪਾਤਰ ਬਣਨਾ ਪੈਂਦਾ ਹੈ। ਜਿਸ ਕਾਰਣ ਕਈ ਵਾਰ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਲੋਕਾਂ ਵਿੱਚ ਵਿਚਰਨਾ ਬੰਦ ਕਰ ਦਿੰਦੇ ਹਨ । ਇੱਕ ਇਨਸਾਨ ਦੀ ਗਲਤੀ ਦਾ ਖਮਿਆਜਾ ਬਹੁਤ ਸਾਰੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ।
ਮਰਦ ਹੋਵੇ ਜਾਂ ਔਰਤ ਕੋਈ ਵੀ ਆਪਣੇ ਜੀਵਨ ਸਾਥੀ ਨੂੰ ਹੋਰਾਂ ਨਾਲ ਨਜ਼ਾਇਜ ਸੰਬੰਧ ਬਣਾਉਂਦੇ ਨਹੀ ਵੇਖ ਸਕਦਾ, ਇਹ ਗੱਲ ਪੱਕੀ ਹੈ ਕਿ ਭਾਵੇਂ ਇਹਨਾਂ ਸੰਬੰਧਾਂ ਨੂੰ ਜੱਗ ਜਾਹਿਰ ਹੁੰਦਿਆਂ ਕੁਝ ਸਮਾਂ ਜਰੂਰ ਲੱਗੇ ਪ੍ਰੰਤੂ ਇਹ ਕਦੇ ਵੀ ਛੁਪੇ ਨਹੀਂ ਰਹਿੰਦੇ।ਕੁਝ ਲੋਕ ਆਪਣੇ ਭੇਤ ਖੁੱਲਣ ਤੇ ਆਪਣੇ ਨਜ਼ਾਇਜ ਸੰਬੰਧਾਂ ਨੂੰ ਦੋਸਤੀ ਦਾ ਨਾਮ ਦੇਣ ਦਾ ਯਤਨ ਕਰਦੇ ਹਨ, ਜੋ ਬਿਲਕੁਲ ਗਲਤ ਹੈ, ਦੋਸਤੀ ਇੱਕ ਬਹੁਤ ਹੀ ਪਵਿੱਤਰ ਰਿਸ਼ਤਾ ਹੈ, ਪਰ ਬਹੁਤ ਸਾਰੇ ਲੋਕਾਂ ਨੇ ਆਪਣੇ ਨਜ਼ਾਇਜ ਸੰਬੰਧਾਂ ਨੂੰ ਦੋਸਤੀ ਦਾ ਨਾਮ ਦੇਕੇ ਇਸ ਪਵਿੱਤਰ ਰਿਸ਼ਤੇ ਨੂੰ ਵੀ ਬਦਨਾਮ ਕੀਤਾ ਹੈ।
ਇੱਥੇ ਮੈ ਇੱਕ ਗੱਲ ਹੋਰ ਰੱਖਣੀ ਚਾਹਾਂਗੀ ਕਿ ਅਸੀਂ ਇੱਕੀਵੀਂ ਸਦੀ ਦੇ ਪੜ੍ਹੇ ਲਿਖੇ ਲੋਕ ਹਾਂ, ਮੰਨਿਆ ਕਿ ਸਾਡੀ ਸੋਚ ਦਾ ਦਾਇਰਾ ਵੱਡਾ ਹੋ ਚੁੱਕਾ ਹੈ, ਪ੍ਰੰਤੂ ਸਾਡੀ ਸੱਭਿਅਤਾ ਸਾਡਾ ਵਿਰਸਾ ਸਾਨੂੰ ਅਜਿਹੇ ਕੰਮਾਂ ਦੀ ਪ੍ਰਵਾਨਗੀ ਨਹੀਂ ਦਿੰਦਾ। ਆਪਣੇ ਹਮਸਫ਼ਰ ਅਤੇ ਪਰਿਵਾਰ ਨਾਲ ਧੋਖਾ ਕਰ ਆਪਣੀਆਂ ਝੂਠੀਆਂ ਖੁਸ਼ੀਆਂ ਦੇ ਹਾਸੇ ਹੱਸਣੇ ਕਿਸੇ ਸੱਭਿਅਕ ਅਤੇ ਚੰਗੇ ਇਨਸਾਨ ਦੀ ਨਿਸ਼ਾਨੀ ਨਹੀ ਹੈ।
ਜਰੂਰਤ ਹੈ ਆਪਣੇ ਪਰਿਵਾਰ ਦੀ ਆਪਣੇ ਹਮਸਫ਼ਰ ਦੀ ਮਹੱਤਤਾ ਨੂੰ ਸਮਝਣ ਦੀ । ਮਰਦ ਅਤੇ ਔਰਤ ਮਿਲ ਕੇ ਪਰਿਵਾਰ ਬਣਾਉਂਦੇ ਹਨ ਅਤੇ ਪਰਿਵਾਰ ਤੋਂ ਹੀ ਸਮਾਜ ਦੀ ਸਿਰਜਣਾ ਹੁੰਦੀ ਹੈ, ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਜਰੂਰੀ ਹੈ ਇੱਕ ਚੰਗੇ ਪਰਿਵਾਰ ਦਾ ਹੋਣਾ ਅਤੇ ਇੱਕ ਚੰਗਾ ਪਰਿਵਾਰ ਉਦੋਂ ਹੀ ਬਣ ਸਕਦਾ ਹੈ ਜਦੋਂ ਪਰਿਵਾਰ ਦੇ ਥੰਮ੍ਹ ਪਤੀ ਅਤੇ ਪਤਨੀ ਇੱਕ ਦੂਸਰੇ ਨਾਲ ਮੋਢੇ ਨਾਲ ਮੋਢਾ ਜੋੜ ਖੜੇ ਹੋਣਗੇ। ਆਪਣੀ ਇੱਜ਼ਤ ਅਣਖ ਨੂੰ ਦਾਅ ਤੇ ਲਾਉਣਾ ਕੋਈ ਮਾਮੂਲੀ ਗੱਲ ਨਹੀਂ, ਇਸਦੇ ਨਤੀਜੇ ਆਉਣ ਵਾਲੀਆਂ ਕਈ ਪੀੜੀਆਂ ਨੂੰ ਭੁਗਤਣੇ ਪੈਂਦੇ ਹਨ। ਸੋ ਜਰੂਰਤ ਹੈ ਆਪਣੇ ਹਮਸਫ਼ਰ ਸਾਹਮਣੇ ਬਿਲਕੁਲ ਪਾਰਦਰਸ਼ੀ ਹੋਣ ਦੀ, ਤੁਹਾਡਾ ਰਿਸ਼ਤਾ ਏਨਾ ਮਜ਼ਬੂਤ ਹੋਵੇ ਕਿ ਤੁਸੀਂ ਆਪਣੇ ਹਮਸਫ਼ਰ ਨਾਲ ਹਰ ਗੱਲ ਬੇਝਿਜਕ ਅਤੇ ਬਿਨਾਂ ਕਿਸੇ ਡਰ ਤੋਂ ਕਰ ਸਕੋ ਤਾਂ ਜੋ ਤੁਹਾਡੇ ਵਿਹੜਿਆਂ ਵਿੱਚ ਹਮੇਸ਼ਾ ਹਾਸੇ ਗੂੰਜਦੇ ਰਹਿਣ।