Articles

ਇਕੀਵੀਂ ਸਦੀ ਵਿਚ ਮਨੁੱਖ

ਲੇਖਕ: ਵਿਕਰਮਜੀਤ ਸਿੰਘ ਤਿਹਾੜਾ, ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅੱਜ ਅਸੀਂ ਇਕੀਵੀਂ ਸਦੀ ਵਿਚ ਜੀਅ ਰਹੇ ਹਾਂ, ਇਸ ਸਦੀ ਦਾ ਵਰਤਾਰਾ ਕਿਹੋ ਜਿਹਾ ਹੈ, ਇਸ ਬਾਰੇ ਚਰਚਾ ਆਉਣ ਵਾਲੇ ਸਮੇਂ ਵਿਚ ਹੁੰਦੀ ਰਹੇਗੀ। ਮਨੁੱਖ ਅਤੇ ਮਨੁੱਖੀ ਜੀਵਨ ਸ਼ੈਲੀ ਦੀ ਪ੍ਰਵਿਰਤੀ ਅਤੇ ਮਿਆਰ ਸਮੇਂ ਨਾਲ ਬਦਲਦਾ ਰਹਿੰਦਾ ਹੈ। ਸਾਡਾ ਰਹਿਣ-ਸਹਿਣ, ਵਰਤੋ-ਵਿਵਹਾਰ ਅਤੇ ਤਬੀਅਤ ਸਥਿਰ ਨਹੀਂ ਰਹਿੰਦੀ। ਅਜਿਹੇ ਵਿਚ ਮਨੁੱਖ ਦਾ ਬਦਲਣਾ ਸਹਿਜ ਵਰਤਾਰਾ ਲਗਦਾ ਹੈ। ਪਰ ਇਕੀਵੀਂ ਸਦੀ ਵਿਚ ਇਹ ਵਰਤਾਰਾ ਕਿੰਨਾ ਸਹਿਜ ਹੈ, ਇਸ ਨੂੰ ਸਮਝਣ ਦੀ ਲੋੜ ਹੈ।
ਇਕੀਵੀਂ ਸਦੀ ਵਿਚ ਅਸੀਂ ਆਪਣੀ ਜ਼ਿੰਦਗੀ ਦਾ ਸਹਿਜ, ਟਕਾਅ ਅਤੇ ਸੰਤੁਲਨ ਗਵਾ ਚੁੱਕੇ ਹਾਂ। ਬਣਾਵਟੀ ਜੀਵਨ ਸ਼ੈਲੀ ਅਤੇ ਅਸੁੰਤਲਨ ਸੁਭਾਅ ਸਾਡੇ ਜੀਵਨ ਦਾ ਅੰਗ ਬਣ ਚੁੱਕਾ ਹੈ। ਸਧਾਰਣਤਾ ਸਾਨੂੰ ਚੰਗੀ ਨਹੀਂ ਲੱਗਦੀ ਅਤੇ ਉਸ ਨੂੰ ਅਸੀਂ ਗਵਾਰਪੁਣਾ ਜਾਂ ਅਨਪੜ੍ਹਤਾ ਦੀ ਨਿਸ਼ਾਨੀ ਮੰਨਦੇ ਹਾਂ। ਮਨੁੱਖ ਨਵੇਂ ਮਾਪਢੰਡ ਸਿਰਜ ਚੁੱਕਾ ਹੈ। ਜਿੰਨ੍ਹਾਂ ਦੀ ਜਕੜ ਉਸ ਨੂੰ ਸਦਾ ਘੁੱਟੀ ਰਖਦੀ ਹੈ। ਹਰ ਬਦਲਦੇ ਸਥਾਨ ਅਤੇ ਵਿਅਕਤੀ ਸਾਹਮਣੇ ਸਾਨੂੰ ਆਪਣਾ ਕਿਰਦਾਰ ਬਦਲਣਾ ਪੈਂਦਾ ਹੈ। ਮਨੁੱਖ ਬਹੁ-ਪਰਤੀ ਜ਼ਿੰਦਗੀ ਦਾ ਆਦੀ ਹੋ ਗਿਆ ਹੈ। ਉਹ ਹੁਣ ਮਨੁੱਖ ਹੋਣ ਦੀ ਵੀ ਅਦਾਕਾਰੀ ਕਰ ਰਿਹਾ ਹੈ। ਮਨੁੱਖ ਹੋਣ ਲਈ ਵੀ ਕਿੰਨਾ ਕੁਝ ਸਿਖਣਾ ਪੈਂਦਾ ਹੈ ਜੋ ਕਿ ਅਸੀਂ ਬੁਨਿਆਦੀ ਰੂਪ ਵਿਚ ਹਾਂ। ਅਜਿਹੀ ਜ਼ਿੰਦਗੀ ਹੀ ਇਕੀਵੀਂ ਸਦੀ ਦੀ ਦੇਣ ਹੈ। ਜੋ ਕਿ ਪਹਿਲੀਆਂ ਸਦੀਆਂ ਤੋਂ ਬਿਲਕੁਲ ਭਿੰਨ ਹੈ।
ਬਹੁਤ ਕੁਝ ਬਦਲ ਰਿਹਾ ਹੈ। ਸਾਡਾ ਆਲਾ ਦੁਆਲਾ ਅਤੇ ਸਭ ਕੁਝ। ਬਦਲਾਅ ਖਤਰਨਾਕ ਨਹੀਂ ਹੈ ਪਰ ਇਸ ਬਦਲਾਅ ਵਿਚ ਮਨੁੱਖ ਦੀ ਮਨੁੱਖਤਾ ਦਾਅ ‘ਤੇ ਲੱਗ ਰਹੀ ਹੈ ਸਮੱਸਿਆ ਇਹ ਹੈ। ਅਜੋਕੀ ਸਦੀ ਇਸ ਲਈ ਹੀ ਭਿੰਨ ਹੈ। ਅਸੀਂ ਪਹਿਲਾਂ ਮਨੁੱਖੀ ਸੁਭਾਅ ਅਤੇ ਬੁਨਿਆਦੀ ਪ੍ਰਵਿਰਤੀ ਨੂੰ ਦੂਸ਼ਿਤ ਕਰਨ ਵਾਲੇ ਕਾਰਜ ਨਹੀਂ ਕੀਤੇ। ਜਿਵੇਂ ਮਨੁੱਖੀ ਇਛਾਵਾਂ ਦੇ ਤਬਾਦਲੇ ਹੋ ਰਹੇ ਹਨ, ਇਹ ਨਵਾਂ ਹੈ। ਮਨੁੱਖ ਆਪਣੇ ਆਪ ਤੋਂ ਅਣਜਾਣ ਹੈ ਭਾਵੇਂ ਕਿ ਉਹ ਵਿਸ਼ਵ ਦੇ ਵਿਸ਼ਾਲ ਗਿਆਨ ਤੱਕ ਪਹੁੰਚ ਰਖਦਾ ਹੈ। ਆਪਸੀ ਸੰਬੰਧਾਂ ਵਿਚਲਾ ਖਲਾਅ ਉਜਾਗਰ ਹੋ ਰਿਹਾ ਹੈ। ਮਨੁੱਖ ਦਾ ਅੰਦਰ ਅੱਜ ਭੜਕ ਚੁੱਕਿਆ ਹੈ ਜੋ ਇਸ ਨੂੰ ਹੈਵਾਨੀਅਤ ਤੱਕ ਲੈ ਕੇ ਜਾਵੇਗਾ। ਇਸ ਦੀ ਆਰੰਭਤਾ ਦੇ ਇਸ਼ਾਰੇ ਮਿਲਣੇ ਆਰੰਭ ਹੋ ਚੁੱਕੇ ਹਨ।
ਮਨੁੱਖਤਾ ਮਰ ਰਹੀ ਹੈ। ਪਿੰਡਾਂ-ਸ਼ਹਿਰਾਂ ਵਿੱਚ ਸੁੰਨ ਪਸਰੀ ਹੋਈ ਹੈ। ਜ਼ਿੰਦਗੀ ਗਾਇਬ ਹੈ। ਮੁਰਦੇ ਚੱਲ ਫਿਰ ਰਹੇ ਹਾਂ। ਜਿੰਨ੍ਹਾਂ ਵਿਚ ਮੁਹੱਬਤ, ਵਿਸ਼ਵਾਸ ਅਤੇ ਭਾਵਨਾ ਦੀ ਸੰਜੀਵਤਾ ਨਹੀਂ ਹੈ। ਜੋ ਇਕ ਮਸ਼ੀਨ ਦੀ ਤਰ੍ਹਾਂ ਹਨ, ਕਿ ਜੋ ਇਨਪੁਟ ਦਿੱਤੀ ਜਾਵੇਗੀ, ਉਹੀ ਆਊਟਪੁਟ ਪ੍ਰਾਪਤੀ ਹੁੰਦੀ ਜਾਵੇਗੀ। ਇਸ ਤਰ੍ਹਾਂ ਮਸ਼ੀਨਰੀ ਕਾਰਜ਼ਸ਼ੀਲ ਹੈ। ਜਿਸ ਵਿਚ ਕੰਮ ਕਰਨ ਦੀ ਦਿਨ ਰਾਤ ਭੱਜ ਦੌੜ ਹੈ। ਉਦੇਸ਼ ਕੰਮ ਹੈ ਹੋਰ ਕੁਝ ਨਹੀਂ। ਆਪਸੀ ਸਾਂਝ ਵੀ ਬਸ ਕੰਮ ਤੱਕ ਸੀਮਿਤ ਹੈ। ਮਸ਼ੀਨ ਇਕ ਨਿਸ਼ਚਿਤ ਕਾਰਜ ਲਈ ਹੀ ਤਾਂ ਹੁੰਦੀ ਹੈ।
ਅਜਿਹੀਆਂ ਗੱਲਾਂ ਭਾਵੇਂ ਸਾਨੂੰ ਕਲਪਣਾ ਲੱਗਣ ਪਰ ਇਹ ਇਕੀਵੀਂ ਸਦੀ ਦੀ ਸੱਚਾਈ ਹੈ। ਅਜਿਹੇ ਪ੍ਰਬੰਧ ਦਾ ਅਸੀਂ ਖੁਦ ਹਿੱਸਾ ਹਾਂ। ਮਨੁੱਖ ਹੋਣਾ ਹੀ ਅਜਿਹੇ ਵਿਚ ਬਹੁਤ ਅਹਿਮ ਹੈ। ਮਨੁੱਖ ਜੋ ਇਕ ਦੂਜੇ ਨਾਲ ਖੜ੍ਹਨ ਵਾਲਾ ਹੋਵੇ। ਜੋ ਕਦਰਾਂ-ਕੀਮਤਾਂ ਦਾ ਧਾਰਨੀ ਹੋਵੇ। ਜੋ ਗਲ਼ਤ ਨੂੰ ਗਲ਼ਤ ਕਹਿਣ ਦਾ ਮਾਦਾ ਰਖਦਾ ਹੋਵੇ। ਮਨੁੱਖੀ ਭਾਵਨਾਵਾਂ ਨਾਲ ਲਬਰੇਜ਼ ਵਾਤਾਵਰਣ ਦੀ ਲੋੜ ਹੈ।
ਅਜੋਕੇ ਮਨੁੱਖ ਨੂੰ ਆਪਣੀ ਜ਼ਿੰਦਗੀ ਜੀਣ ਦੀ ਆਦਤ ਪਾਉਣੀ ਪਵੇਗੀ। ਅਸੀਂ ਦੂਜਿਆਂ ਅਨੁਸਾਰ ਜੀਵਨ ਜੀਣ ਦੀ ਕੋਸ਼ਿਸ਼ ਵਿਚ ਲਗੇ ਰਹਿੰਦੇ ਹਾਂ। ਜਿਸ ਵਿਚ ਸਾਡਾ ਆਪਾ ਗੁਆਚ ਜਾਂਦਾ ਹੈ। ਅਜੋਕਾ ਖਪਤਕਾਰੀ ਯੁੱਗ ਸਾਨੂੰ ਦੂਜੇ ਅਨੁਸਾਰ ਜ਼ਿੰਦਗੀ ਜੀਣ ਲਈ ਉਤਸ਼ਾਹਿਤ ਕਰਦਾ ਹੈ। ਜਿਸ ਵਿਚ ਮੀਡੀਆ ਜਾਂ ਹੋਰ ਕਈ ਵਿਧੀਆਂ ਦਾ ਸਹਾਰਾ ਲੈ ਕੇ ਮਨੁੱਖੀ ਆਦਤਾਂ ਵਿਚ ਪਰਵਰਤਨ ਕੀਤਾ ਜਾਂਦਾ ਹੈ। ਇਹ ਇਕੀਵੀਂ ਸਦੀ ਵਿਚ ਹੀ ਹੋਇਆ ਹੈ ਕਿ ਮਨੁੱਖ ਘਰ ਬੈਠਾ ਹੀ ਦੂਜੇ ਅਨੁਸਾਰ ਕੰਟਰੋਲ ਹੋ ਰਿਹਾ ਹੈ। ਉਸ ਨੂੰ ਕੌਣ ਵਰਤ ਰਿਹਾ ਹੈ ਉਹ ਨਹੀਂ ਜਾਣਦਾ। ਅਸੀਂ ਦੇਖਦੇ ਹਾਂ ਕਿ ਅੱਜ ਸਾਨੂੰ ਫੈਂਸਲੇ ਕਰਨ ਵਿਚ ਵੀ ਔਖ ਹੁੰਦੀ ਹੈ। ਅਸੀਂ ਆਪਣੇ ਆਪ ਲਈ ਚੋਣ ਵਿਚ ਉਲਝ ਜਾਂਦੇ ਹਾਂ। ਇਹਨਾਂ ਕੁਝ ਸਿਰਜ ਦਿੱਤਾ ਗਿਆ ਕਿ ਮੂਲ ਗੁਆਚਾ ਪਿਆ ਹੈ। ਜੋ ਚੀਜ਼ਾਂ ਸਧਾਰਣ ਸਨ ਉਹ ਗੁੰਝਲਦਾਰ ਬਣਾ ਕੇ ਪੇਸ਼ ਕੀਤੀਆਂ ਗਈਆਂ। ਅਜਿਹੀ ਗੁੰਝਲਾਂ ਵਿਚ ਹੀ ਮਨੁੱਖੀ ਜ਼ਿੰਦਗੀ ਉਲਝੀ ਪਈ ਹੈ।
ਇਸ ਲਈ ਲੋੜ ਹੈ ਕਿ ਅਸੀਂ ਸੁਚੇਤ ਹੋਈਏ। ਲੁਪਤ ਹੁੰਦੀ ਜਾ ਰਹੀ ਮਨੁੱਖ ਪ੍ਰਜਾਤੀ ਦੇ ਬਚਾਅ ਲਈ ਸਾਨੂੰ ਧਿਆਨ ਦੇਣਾ ਪਵੇਗਾ। ਨਹੀਂ ਤਾਂ ਮਨੁੱਖ ਖਤਮ ਹੋ ਜਾਵੇਗਾ।

Related posts

$100 Million Boost for Bushfire Recovery Across Victoria

admin

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin