ਬ੍ਰਿਸਬੇਨ – 2032 ਦੀਆਂ ਓਲੰਪਿਕਸ ਖੇਡਾਂ ਆਸਟ੍ਰੇਲੀਆ ਦੇ ਵਿੱਚ ਹੋਣਗੀਆਂ ਅਤੇ ਇਹਨਾ ਖੇਡਾਂ ਦੀ ਮੇਜ਼ਬਾਨੀ ਬ੍ਰਿਸਬੇਨ ਸ਼ਹਿਰ ਕਰੇਗਾ। ਬ੍ਰਿਸਬੇਨ ਨੂੰ ਅਧਿਕਾਰਤ ਤੌਰ ‘ਤੇ ਕੱਲ੍ਹ ਹੋਈ ਵੋਟਿੰਗ ਦੇ ਵਿੱਚ ਅੰਤਰ ਰਾਸ਼ਟਰੀ ਓਲੰਪਿਕ ਕਮੇਟੀ ਦੁਆਰਾ ਚੁਣਿਆ ਗਿਆ ਹੈ।
ਬ੍ਰਿਸਬੇਨ ਮੈਲਬੌਰਨ ਅਤੇ ਸਿਡਨੀ ਤੋਂ ਬਾਅਦ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਆਸਟ੍ਰੇਲੀਆ ਦਾ ਤੀਜਾ ਸ਼ਹਿਰ ਹੈ।ਆਸਟ੍ਰੇਲੀਆ ਨੇ ਇਸ ਤੋਂ ਪਹਿਲਾਂ 1956 ਵਿਚ ਮੈਲਬੌਰਨ ਅਤੇ 2000 ਵਿਚ ਸਿਡਨੀ ਵਿਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ।ਨਵੇਂ ਨਿਯਮਾਂ ਦੇ ਅਨੁਸਾਰ, ਆਈਓਸੀ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਲਈ ਕੁਝ ਮਜ਼ਬੂਤ ਦੇਸ਼ਾਂ ਦੀ ਚੋਣ ਕਰਦਾ ਹੈ, ਫਿਰ ਮੇਜ਼ਬਾਨ ਨੂੰ ਵੋਟ ਦੁਆਰਾ ਚੁਣਿਆ ਜਾਂਦਾ ਹੈ। ਜਿਵੇਂ ਹੀ ਬ੍ਰਿਸਬੇਨ ਨੂੰ ਮੇਜ਼ਬਾਨ ਘੋਸ਼ਿਤ ਕੀਤਾ ਗਿਆ, ਆਸਟ੍ਰੇਲੀਆ ਵਿਚ ਵੱਖ ਵੱਖ ਥਾਵਾਂ ‘ਤੇ ਪਟਾਕੇ ਚਲਾ 2032 ਦੇ ਮਹਾਕੁੰਭ ਓਲੰਪਿਕ ਖੇਡਾਂ ਘੋਸ਼ਿਤ ਕੀਤੇ ਜਾਣ ਦੀ ਖੁਸ਼ੀ ਮਨਾਈ ਗਈ। ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਇਸਦਾ ਸਵਾਗਤ ਕਰਦਿਆਂ ਕਿਹਾ ਹੈ ਕਿ, ‘ਅਸੀਂ ਜਾਣਦੇ ਹਾਂ ਕਿ ਕਿਵੇਂ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ।’
ਓਲੰਪਿਕ ਖੇਡਾਂ 2024 ਵਿਚ ਪੈਰਿਸ ਅਤੇ 2028 ਵਿਚ ਲਾਸ ਏਂਜਲਸ ਵਿਚ ਆਯੋਜਿਤ ਕੀਤੀਆਂ ਜਾਣਗੀਆਂ। ਟੋਕਿਓ ਓਲੰਪਿਕ 2020 ਕੱਲ੍ਹ ਸ਼ੁੱਕਰਵਾਰ 23 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਓਲੰਪਿਕ ਖੇਡਾਂ 2024 ਵਿੱਚ ਪੈਰਿਸ ਵਿੱਚ ਅਤੇ 2028 ਵਿੱਚ ਲਾਸ ਏਂਜਲਸ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ। ਬ੍ਰਿਸਬੇਨ ਨਵੀਂ ਬੋਲੀ ਲਗਾਉਣ ਵਾਲੀ ਪ੍ਰਣਾਲੀ ਦਾ ਪਹਿਲਾ ਜੇਤੂ ਹੈ।
ਇਸ ਮੌਕੇ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੇ ਟੋਕੀਓ ਆਯੋਜਨ ਕਮੇਟੀ ਨੇ ਹਾਸ਼ਿਮੋਟੋ ਸੀਕੋ ਨੇ ਬ੍ਰਿਸਬੇਨ 2032 ਓਲੰਪਿਕ ਖੇਡਾਂ ਦੇ ਮੇਜ਼ਬਾਨ ਸ਼ਹਿਰ ਵਜੋਂ ਜਿੱਤ ਵਾਲੀ ਬੋਲੀ ‘ਤੇ ਵਧਾਈ ਦਿੰਦਿਆ ਕਿਹਾ ਕਿ ‘ਮੇਰੀ ਦਿਲੋਂ ਵਧਾਈ ਬ੍ਰਿਸਬੇਨ ਅਤੇ ਆਸਟ੍ਰੇਲੀਆ ਦੇ ਲੋਕਾਂ ਨੂੰ ਜਾਂਦੀ ਹੈ।’ ਉਹਨਾਂ ਨੇ ਕਿਹਾ,”ਪਿਛਲੇ ਸਾਲ ਦੌਰਾਨ, ਵਿਸ਼ਵ ਦੇ ਖੇਡ ਭਾਈਚਾਰੇ ਨੇ ਕੋਵਿਡ-19 ਦੀਆਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਹਾਲਾਂਕਿ, ਆਈ.ਓ.ਸੀ. ਦੇ ਪ੍ਰਧਾਨ ਥਾਮਸ ਬਾਚ ਦੀ ਦ੍ਰਿੜ ਅਗਵਾਈ ਵਿੱਚ, ਓਲੰਪਿਕ ਖੇਡਾਂ ਨੇ ਨਿਰੰਤਰ ਤਰੱਕੀ ਕੀਤੀ ਹੈ, ਜੋ ਬ੍ਰਿਸਬੇਨ ਦੇ ਹੱਕ ਵਿੱਚ ਫ਼ੈਸਲੇ ਵਜੋਂ ਸਿੱਧ ਹੋਈ ਹੈ।
30 ਖੇਡਾਂ ਦਾ ਆਯੋਜਨ ਬ੍ਰਿਸਬੇਨ, ਗੋਲਡ ਕੋਸਟ, ਸਨਸ਼ਾਈਨ ਕੋਸਟ, ਲੋਗਨ, ਇਪਸਵਿਚ ਅਤੇ ਰੈੱਡਲੈਂਡਜ਼ ਵਿਚ ਦੱਖਣ-ਪੂਰਬੀ ਕੁਈਨਜ਼ਲੈਂਡ ਵਿਚ 30 ਤੋਂ ਵੱਧ ਸਥਾਨਾਂ ‘ਤੇ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ। ਬ੍ਰਿਸਬੇਨ ਦਾ ਨਵੀਨਤਮ ਨਵੀਨੀਕਰਨ ਵਾਲਾ ਗਾਬਾ ਸਟੇਡੀਅਮ ਖੇਡਾਂ ਦਾ ਮੁੱਖ ਕੇਦਰ ਹੋਵੇਗਾ। ਸਟੇਡੀਅਮ ਦੇ ਨਾਲ ਹੀ ਉਸਾਰੀ ਅਧੀਨ ਅੰਡਰ-ਗਰਾਊਂਡ ਰੇਲਵੇ ਸਟੇਸ਼ਨ ਵੀ ਲੋਕਾਂ ਦੀ ਸਹੂਲਤ ਲਈ ਜਲਦੀ ਤਿਆਰ ਹੋ ਜਾਵੇਗਾ। ਬ੍ਰਿਸਬੇਨ ਅਤੇ ਗੋਲਡ ਕੋਸਟ ਦੇ ਵਿਚ ਦੋ ਐਥਲੀਟ ਖੇਡ ਪਿੰਡ ਬਣਏ ਜਾਣਗੇ। ਬ੍ਰਿਸਬੇਨ 2032 ਦੀਆਂ ਖੇਡਾਂ ਲਈ 4.5 ਬਿਲੀਅਨ ਡਾਲਰ ਦੇ ਬਜਟ ਦੀ ਜ਼ਰੂਰਤ ਹੋਵੇਗੀ, ਆਈਓਸੀ 2.5 ਬਿਲੀਅਨ ਫੰਡ ਮੁਹੱਈਆ ਕਰਾਉਣ ਲਈ ਤਿਆਰ ਹੈ, ਬਾਕੀ ਦਾ ਟਿਕਟ ਦੀ ਵਿਕਰੀ ਅਤੇ ਸਪਾਂਸਰਸ਼ਿਪ ਤੋਂ ਇੱਕਠਾ ਕੀਤਾ ਜਾਵੇਗਾ।
ਬ੍ਰਿਸਬੇਨ ਦਾ 2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਮਿਲਣ ਨਾਲ ਬ੍ਰਿਸਬੇਨ ਦੇ ਬੁਨਿਆਦੀ ਖੇਡ ਢਾਂਚੇ ਦੇ ਨਵੀਨਤਮ ਨਵੀਨੀਕਰਨ ਦੇ ਨਾਲ ਬ੍ਰਿਸਬੇਨ ਦੁਨੀਆਂ ਭਰ ਦੇ ਪ੍ਰਮੁੱਖ ਸ਼ਹਿਰਾਂ ਵਿੱਚੋ ਵਿਕਾਸ ਦੀਆ ਨਵੀਆਂ ਬੁਲੰਦੀਆਂ ਛੋਂਹਦਿਆਂ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਕੁਈਨਜ਼ਲੈਂਡ ਸੂਬੇ ਨੂੰ ਸੈਰ-ਸਪਾਟਾ ਕੇਂਦਰ ਵਜੋਂ ਸਥਾਪਤ ਕਰੇਗਾ ਅਤੇ ਪ੍ਰਮੁੱਖ ਖੇਡਾਂ ਅਤੇ ਪ੍ਰੋਗਰਾਮਾਂ ਨੂੰ ਆਕਰਸ਼ਿਤ ਕਰੇਗਾ।