News Breaking News International Latest News

20 ਸਾਲ ਬਾਅਦ ਕਾਬੁਲ ਪੁੱਜਾ ਤਾਲਿਬਾਨੀ ਨੇਤਾ ਮੁੱਲਾ ਬਰਾਦਰ, ਬਣ ਸਕਦੈ ਅਗਲਾ ਰਾਸ਼ਟਰਪਤੀ

ਕਾਬੁਲ – ਅਫ਼ਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਜਿੱਥੇ ਔਰਤਾਂ ਦੇ ਹਿੱਤਾਂ ਦੀ ਰੱਖਿਆ ਦੀ ਗੱਲ ਕੀਤੀ, ਉੱਥੇ ਹੀ ਦੂਸਰੇ ਪਾਸੇ ਦੁਨੀਆ ਨੂੰ ਵੀ ਯਕੀਨ ਦਿਵਾਇਆ ਕਿ ਅਫ਼ਗਾਨਿਸਤਾਨ ‘ਚ ਸ਼ਾਂਤੀ ਕਾਇਮ ਕੀਤੀ ਜਾਵੇਗੀ ਤੇ ਕਾਨੂੰਨ ਵਿਵਸਥਾ ‘ਚ ਸੁਧਾਰ ਲਿਆਂਦਾ ਜਾਵੇਗਾ, ਪਰ ਦੂਸਰੇ ਪਾਸੇ ਤਾਲਿਬਾਨ ਨੇ ਅਫ਼ਗਾਨਿਸਤਾਨ ‘ਚ ਮਹਿਲਾ ਨਿਊਜ਼ ਐਂਕਰ ਨੂੰ ਬੈਨ ਕਰ ਦਿੱਤਾ ਹੈ। ਸਰਕਾਰੀ ਨਿਊਜ਼ ਚੈਨਲ ਦੀ ਮਹਿਲਾ ਨਿਊਜ਼ ਐਂਕਰ ਨੂੰ ਤਾਲਿਬਾਨ ਨੇ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਹਟਾ ਦਿੱਤਾ ਹੈ। ਇਸੇ ਦੌਰਾਨ ਅਫ਼ਗਾਨਿਸਤਾਨ ‘ਚ ਜਬਰਨ ਸੱਤਾ ਹਥਿਆਉਣ ਵਾਲਾ ਤਾਲਿਬਾਨ ਦਾ ਉਪ-ਨੇਤਾ ਮੁੱਲਾ ਅਬਦੁਲ ਗਨੀ ਬਰਾਦਰ ਕਰੀਬ 20 ਸਾਲ ਬਾਅਦ ਮੁੜ ਕਾਬੁਲ ਵਾਪਸ ਆਇਆ ਹੈ ਤੇ ਇਸ ਕਾਰਨ ਵੀ ਲੋਕਾਂ ‘ਚ ਕਾਫੀ ਖ਼ੌਫ ਦਾ ਮਾਹੌਲ ਹੈ। ਕਾਬਿਲੇਗ਼ੌਰ ਹੈ ਕਿ ਮੁੱਲਾ ਅਬਦੁੱਲ ਗਨੀ ਬਰਾਦਰ ਹੀ ਕਤਰ ਦੀ ਰਾਜਧਾਨੀ ਦੋਹਾ ‘ਚ ਸੰਗਠਨ ਦੇ ਹੋਰ ਆਗੂਆਂ ਦੇ ਨਾਲ ਚਰਚਾ ਲਈ ਉੱਥੇ ਗਿਆ ਸੀ। ਮੁੱਲਾ ਬਰਾਦਰ ਅਫ਼ਗਾਨਿਸਤਾਨ ‘ਚ ਚੱਲ ਰਹੀ ਜੰਗ ਦਾ ਜੇਤੂ ਬਣ ਕੇ ਉਭਰਿਆ ਹੈ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਬਰਾਦਰ ਹੀ ਅਫ਼ਗਾਨਿਸਤਾਨ ਦਾ ਅਗਲਾ ਰਾਸ਼ਟਰਪਤੀ ਬਣ ਸਕਦਾ ਹੈ। ਇਸੇ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਤਾਲਿਬਾਨ ਵਿਦੇਸ਼ੀ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਤੋਂ ਬਾਹਰ ਜਾਣ ਲਈ ਸੈਫ ਪੈਸੇਜ ਦੇਣ ਲਈ ਤਿਆਰ ਹੋ ਗਿਆ ਹੈ। ਉੱਥੇ ਹੀ ਦੂਸਰੇ ਪਾਸੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਅਮਰੀਕੀ ਫ਼ੌਜ ਨੇ ਫਿਲਹਾਲ ਅਫ਼ਗਾਨਿਸਤਾਨ ਤੋਂ 3200 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਹੈ ਤੇ ਹਾਲੇ ਵੀ ਕੁਝ ਅਮਰੀਕੀ ਨਾਗਰਿਕ ਅਫ਼ਗਾਨਿਸਤਾਨ ‘ਚ ਫਸੇ ਹੋਏ ਹਨ।
ਜਾਣਕਾਰੀ ਮੁਤਾਬਕ ਅਫ਼ਗਾਨਿਸਤਾਨ ‘ਚ ਹੁਣ ਸਰਕਾਰੀ ਟੀਵੀ ਚੈਨਲ ‘ਤੇ ਤਾਲਿਬਾਨੀ ਐਂਕਰ ਟੀਵੀ ‘ਤੇ ਨਿਊਜ਼ ਪੜ੍ਹਦੇ ਨਜ਼ਰ ਆਉਣਗੇ। ਤਾਲਿਬਾਨ ਨੇ ਆਪਣੇ ਟੀਵੀ ਨਿਊਜ਼ ਚੈਨਲ ਤੋਂ ਖਦੀਜਾ ਅਮੀਨਾ ਨਾਂ ਦੀ ਇਕ ਮਹਿਲਾ ਨਿਊਜ਼ ਐਂਕਰ ਨੂੰ ਹਟਾ ਦਿੱਤਾ ਹੈ, ਜਦਕਿ ਇਕ ਦਿਨ ਪਹਿਲਾਂ ਤਾਲਿਬਾਨ ਨੇ ਪ੍ਰੈੱਸ ਕਾਨਫਰੰਸ ਕਰ ਕੇ ਦਾਅਵਾ ਕੀਤਾ ਸੀ ਕਿ ਔਰਤਾਂ ਦੇ ਹਿੱਤਾਂ ਦੀ ਰੱਖਿਆ ਹੋਵੇਗੀ। ਤਾਲਿਬਾਨ ਹੁਣ ਕਹਿ ਰਿਹਾ ਹੈ ਕਿ ਸਿਰਫ ਸ਼ਰੀਅਤ ਕਾਨੂੰਨ ਦੇ ਹਿਸਾਬ ਨਾਲ ਹੀ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਤਾਲਿਬਾਨ ਨੇ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕੀਤੀ ਸੀ। ਤਾਲਿਬਾਨ ਦੇ ਬੁਲਾਰੇ ਜਬੀਹੁੱਲ੍ਹਾ ਮੁਜਾਹਿਦ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਹੁਣ ਅਫ਼ਗਾਨਿਸਤਾਨ ਨੂੰ ਮੁਕਤ ਕਰਵਾਇਆ ਲਿਆ ਗਿਆ ਹੈ। ਦਾਅਵਾ ਕੀਤਾ ਗਿਆ ਸੀ ਕਿ ਪਿਛਲੀ ਸਰਾਕਰ ‘ਚ ਔਰਤਾਂ ‘ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ। ਤਾਲਿਬਾਨ ਦੇ ਸ਼ਾਸਨਕਾਲ ‘ਚ ਹੁਣ ਔਰਤਾਂ ਦੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ। ਮੁਜਾਹਿਦ ਨੇ ਕਿਹਾ ਕਿ ਔਰਤਾਂ ਨੂੰ ਇਸਲਾਮੀ ਕਾਨੂੰਨ ਦੇ ਮਾਪਦੰਡਾਂ ਤਹਿਤ ਅਧਿਕਾਰ ਦਿੱਤੇ ਜਾਣਗੇ।

Related posts

ਟਰੰਪ ਨੂੰ ਆਪਣੀਆਂ ਨੀਤੀਆਂ ਕਾਰਣ ਆਪਣੇ ਹੀ ਦੇਸ਼ ਵਿੱਚ ਵਿਰੋਧ ਦਾ ਸ੍ਹਾਮਣਾ ਕਰਨਾ ਪੈ ਰਿਹਾ !

admin

ਹਰਵਿੰਦਰ ਕੌਰ ਸੰਧੂ : ਪੰਜਾਬ ਦੇ ਫਿਰੋਜ਼ਪੁਰ ਤੋਂ ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟ ਤੱਕ ਦਾ ਸਫ਼ਰ !

admin

ਪ੍ਰਧਾਨ ਮੰਤਰੀ ਮੋਦੀ ਵਲੋਂ ਗਾਜ਼ਾ ਸੰਘਰਸ਼ ‘ਤੇ ਟਰੰਪ ਦੇ ਸ਼ਾਂਤੀ ਪ੍ਰਸਤਾਵ ਦਾ ਸਵਾਗਤ !

admin