ਜਲੰਧਰ – ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਥੋਂ ਦੇ ਹਾਲਾਤ ਕਾਫੀ ਚਿੰਤਾਜਨਕ ਹੋ ਗਏ ਹਨ। ਅਫ਼ਗਾਨ ਬਸ਼ਿੰਦੇ ਤਾਲਿਬਾਨ ਦੀ ਦਹਿਸ਼ਤ ਤੋਂ ਕਾਫੀ ਖੌਫ਼ਜ਼ਦਾ ਹਨ। ਉਥੇ ਵੱਖ-ਵੱਖ ਦੇਸ਼ਾਂ ਦੇ ਨਾਲ-ਨਾਲ 400 ਦੇ ਕਰੀਬ ਭਾਰਤੀ ਵੀ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਹੋ ਰਹੀਆਂ ਹਨ। ‘ਪੰਜਾਬੀ ਜਾਗਰਣ’ ਦੇ ‘ਰੂਬਰੂ’ ਕਾਲਮ ਵਿਚ ‘ਸਰਬੱਤ ਦਾ ਭਲਾ’ ਟਰੱਸਟ ਦੇ ਬਾਨੀ ਡਾ. ਐੱਸਪੀ ਓਬਰਾਏ ਨੇ ਉਥੋਂ ਆਏ ਸ਼ਰਨਾਰਥੀਆਂ ਲਈ ਆਰੰਭੇ ਕਾਰਜਾਂ ਦੇ ਨਾਲ-ਨਾਲ ਕੋਵਿਡ ਦੀ ਤੀਜੀ ਲਹਿਰ ਤੋਂ ਬਚਾਅ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜੋ ਵਿਚਾਰਾਂ ਦੀ ਸਾਂਝ ਪਾਈ, ਪੇਸ਼ ਹਨ ਉਸ ਮੁਲਾਕਾਤ ਦੇ ਕੁਝ ਅੰਸ਼ ਪਾਠਕਾਂ ਦੀ ਨਜ਼ਰ।ਡਾ. ਓਬਰਾਏ ਉਹ ਜਾਣੀ-ਪਛਾਣੀ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਆਪਣੇ ਸੁਯੋਗ ਉੱਦਮਾਂ ਸਦਕਾ ਅਜਿਹੇ ਕਾਰਜ ਕੀਤੇ ਜਿਨ੍ਹਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ ਹੈ। ਇਸ ਮੁਲਾਕਾਤ ਦੌਰਾਨ ਅਫ਼ਗਾਨੀ ਸ਼ਰਨਾਰਥੀਆਂ ਬਾਰੇ ਕੀਤੇ ਜਾ ਰਹੇ ਕਾਰਜਾਂ ਬਾਰੇ ਡਾ. ਓਬਰਾਏ ਨੇ ਦੱਸਿਆ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਲਗਪਗ 4200 ਅਫਗਾਨੀ ਪਰਿਵਾਰ ਰਹਿ ਰਹੇ ਹਨ। ਉਨ੍ਹਾਂ ਲੋੜਵੰਦਾਂ ਨੂੰ ਲੋੜੀਂਦਾ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਹੁਣ ਤਕ ਦੋ ਕਿਸ਼ਤਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਸ ਰਾਸ਼ਨ ਕਿੱਟ ਵਿਚ 30 ਕਿਲੋ ਅਨਾਜ ਹੁੰਦਾ ਹੈ, ਜੋ ਉਨ੍ਹਾਂ ਤਕ ਪਹੁੰਚਾਇਆ ਜਾਂਦਾ ਹੈ।
ਦੁਨੀਆ ਭਰ ਵਿਚ ਕੋਵਿਡ ਮਹਾਮਾਰੀ ਕਾਰਨ ਹਾਹਾਕਾਰ ਮਚੀ ਹੋਈ ਹੈ। ਕੋਈ ਵੀ ਦੇਸ਼ ਇਸ ਤੋਂ ਅਛੂਤਾ ਨਹੀਂ ਹੈ। ਡਾ. ਓਬਰਾਏ ਨੇ ਕੋਵਿਡ ਮਹਾਮਾਰੀ ਦੀ ਸ਼ੁਰੂਆਤ ਵਿਚ ਹੀ ਇਸ ਦੇ ਖਤਰੇ ਨੂੰ ਭਾਂਪਦਿਆਂ ਰਾਸ਼ਨ ਦੀ ਵੰਡ ਦੀ ਥਾਂ ਸਿਹਤ ਸੇਵਾਵਾਂ ਵੱਲ ਧਿਆਨ ਦਿੱਤਾ। ਪੰਜਾਬ ਵਾਸੀਆਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਵੱਡੀ ਮਾਤਰਾ ਵਿਚ ਐਨ-95 ਮਾਸਕ, ਪੀਪੀਈ ਕਿੱਟਾਂ, ਦਵਾਈਆਂ, ਸੈਨੇਟਾਈਜ਼ਰ ਤੇ ਹੋਰ ਮੈਡੀਕਲ ਚੀਜ਼ਾਂ ਵੰਡੀਆਂ, ਜਿਸ ਕਾਰਨ ਪੰਜਾਬ ਵਿਚ ਕੋਵਿਡ ਮਹਾਮਾਰੀ ਦੀ ਪਹਿਲੀ ਲਹਿਰ ਜ਼ਿਆਦਾ ਨੁਕਸਾਨ ਨਾ ਕਰ ਸਕੇ। ਫਿਰ ਦੂਜੀ ਲਹਿਰ ਦੀ ਆਮਦ ’ਤੇ ਹੀ ਉਨ੍ਹਾਂ ਨੇ ਵਧੇਰੇ ਮੌਤ ਦਰ ਦੇ ਖਤਰੇ ਤੋਂ ਬਚਾਅ ਲਈ ਕਾਰਜ ਆਰੰਭ ਦਿੱਤੇ ਅਤੇ ਐਂਬੂਲੈਂਸਾਂ, ਆਕਸੀਜਨ ਸਿਲੰਡਰ, ਆਕਸੀਜਨਰੇਟਰ, ਸ਼ਵ-ਵਾਹਨ ਤੇ ਹੋਰ ਚੀਜ਼ਾਂ ਸਮਾਂ ਰਹਿੰਦੇ ਹੀ ਸਰਕਾਰੀ ਹਸਪਤਾਲਾਂ ਵਿਚ ਪਹੁੰਚਾ ਦਿੱਤੀਆਂ, ਜਿਸ ਨਾਲ ਪੰਜਾਬ ਵਿਚ ਬਾਕੀ ਸੂਬਿਆਂ ਨਾਲੋਂ ਮੌਤ ਦਰ ਘੱਟ ਰਹੀ। ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਨਾਲ ਦਿੱਲੀ ਵਿਚ ਗਈਆਂ ਜਾਨਾਂ ਤੋਂ ਪਰੇਸ਼ਾਨ ਡਾ. ਓਬਰਾਏ ਨੇ ਇਹ ਯਕੀਨੀ ਬਣਾਉਣ ਲਈ ਕਿ ਪੰਜਾਬ ਵਿਚ ਆਕਸੀਜਨ ਦੀ ਕਮੀ ਨਾਲ ਕੋਈ ਮੌਤ ਨਾ ਹੋਵੇ, ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਹੀ 5 ਆਕਸੀਜਨ ਪਲਾਂਟ ਲਗਵਾ ਦਿੱਤੇ ਕਿਉਂਕਿ ਵਿਗਿਆਨੀਆਂ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਵੱਲੋਂ ਤੀਜੀ ਲਹਿਰ ਦੇ ਵਧੇਰੇ ਖਤਰਨਾਕ ਰੂਪ ਬਾਰੇ ਚਿਤਾਵਨੀ ਦਿੱਤੀ ਜਾ ਰਹੀ ਹੈ।
ਡਾ. ਓਬਰਾਏ ਦਾ ਕਹਿਣਾ ਹੈ ਕਿ 5 ਪਲਾਂਟ ਪੰਜਾਬ ਵਿਚ ਲੱਗ ਚੁੱਕੇ ਹਨ ਜਿਨ੍ਹਾਂ ਵਿਚੋਂ 2 ਫਰੀਦਕੋਟ ਤੇ 1 ਅੰਮ੍ਰਿਤਸਰ ਵਿਚ ਚਾਲੂ ਹੋ ਚੁੱਕਾ ਹੈ। ਦੋ ਪਲਾਂਟ ਆਉਣ ਵਾਲੇ ਦਿਨਾਂ ਵਿਚ ਮੋਹਾਲੀ ਅਤੇ ਪਟਿਆਲਾ ਵਿਚ ਚਾਲੂ ਹੋ ਜਾਣਗੇ। ਇਕ ਪਲਾਂਟ ਦੀ ਸਮਰੱਥਾ 1 ਮਿੰਟ ਵਿਚ 1000 ਲੀਟਰ ਆਕਸੀਜਨ ਪੈਦਾ ਕਰਨ ਦੀ ਹੈ। ਇਸ ਨਾਲ ਇਨ੍ਹਾਂ 5 ਪਲਾਂਟਾਂ ਵਿਚ ਹਰ ਇਕ ਮਿੰਟ ਵਿਚ 5000 ਲੀਟਰ ਆਕਸੀਜਨ ਪੈਦਾ ਹੋਵੇਗੀ। ਇਸ ਤਰ੍ਹਾਂ ਭਾਰੀ ਮਾਤਰਾ ਵਿਚ ਆਕਸੀਜਨ ਦਾ ਉਤਪਾਦਨ ਹੋਵੇਗਾ। ਪ੍ਰਮਾਤਮਾ ਨਾ ਕਰੇ ਕਿ ਜੇ ਤੀਜੀ ਲਹਿਰ ਆਉਂਦੀ ਹੈ ਤਾਂ ਆਕਸੀਜਨ ਦੀ ਕਮੀ ਕਾਰਨ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਵਿਚ ਵੀ ਕੋਈ ਮੌਤ ਨਹੀਂ ਹੋਵੇਗੀ ਕਿਉਂਕਿ ਅਸੀਂ ਗੁਆਂਢੀ ਸੂਬਿਆਂ ਨੂੰ ਆਕਸੀਜਨ ਦੇਣ ਦੇ ਸਮਰੱਥ ਹੋ ਜਾਵਾਂਗੇ। ਉਨ੍ਹਾਂ ਦੱਸਿਆ ਕਿ ਇਕ ਬੁੂਸਟਰ ਦੀ ਮਦਦ ਨਾਲ ਇਨ੍ਹਾਂ ਪਲਾਂਟਾਂ ਤੋਂ ਜੇ ਰੋਜ਼ਾਨਾ 2000 ਸਿਲੰਡਰ ਵੀ ਭਰ ਲਏ ਜਾਣ ਤਾਂ ਵੀ ਆਕਸੀਜਨ ਦੀ ਕਮੀ ਨਹੀਂ ਹੋਵੇਗੀ। ਇਨ੍ਹਾਂ ਪਲਾਂਟਾਂ ਤੋਂ ਆਕਸੀਜਨ ਸਿੱਧੀ ਬੈੱਡਾਂ ’ਤੇ ਸਪਲਾਈ ਹੋਵੇਗੀ ਪਰ ਟਰੱਸਟ ਵੱਲੋਂ 1000 ਆਕਸੀਜਨ ਸਿਲੰਡਰਾਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ। ਲੋੜ ਪੈਣ ’ਤੇ ਇਨ੍ਹਾਂ ਨੂੰ ਜਨਤਾ ਵਿਚ ਵੰਡ ਦਿੱਤਾ ਜਾਵੇਗਾ।
ਦੁਬਈ ਦੇ ਮਸ਼ਹੂਰ ਕਾਰੋਬਾਰੀ ਡਾ. ਓਬਰਾਏ ਬਲੱਡ ਮਨੀ ਦੇ ਕੇ ਪੰਜਾਬੀਆਂ ਦੀਆਂ ਦੇਹਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤਕ ਪਹੁੰਚਾਉਣ ਲਈ ਵੀ ਜਾਣੇ ਜਾਂਦੇ ਹਨ। ਇਸ ਮੁਲਾਕਾਤ ਦੌਰਾਨ ਉਨ੍ਹਾਂ ਦੱਸਿਆ ਕਿ ਹੁਣ ਤਕ ਉਨ੍ਹਾਂ ਨੇ 266 ਦੇਹਾਂ ਵੱਖ-ਵੱਖ ਦੇਸ਼ਾਂ ਤੋਂ ਲਿਆ ਕੇ ਉਨਾਂ ਦੇ ਪਰਿਵਾਰਾਂ ਦੇ ਸਪੁਰਦ ਕੀਤੀਆਂ। ਇਨ੍ਹਾਂ ਵਿਚੋਂ ਕੁਝ ਉਹ ਬੱਚੇ ਸਨ ਜੋ ਕੋਰੋਨਾ ਕਾਲ ਦੌਰਾਨ ਲੱਗੇ ਪਹਿਲੇ ਲਾਕ-ਡਾਊਨ ਵਿਚ ਦੁਬਈ ਵਿਚ ਫਸ ਗਏ ਅਤੇ ਖੁਦਕੁਸ਼ੀਆਂ ਕਰਨ ਲੱਗੇ। ਇਸ ਦੀ ਭਿਣਕ ਜਦੋਂ ਉਨ੍ਹਾਂ ਨੂੰ ਪਈ ਤਾਂ ਉਨ੍ਹਾਂ ਕੁਝ ਬੱਚਿਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇਹ ਬੁਜ਼ਦਿਲੀ ਭਰੇ ਕਦਮ ਚੁੱਕਣ ਤੋਂ ਵਰਜਿਆ ਪਰ ਜਦੋਂ ਉਨ੍ਹਾਂ ਦੀਆਂ ਪਰੇਸ਼ਾਨੀਆਂ ਸੁਣੀਆਂ ਤਾਂ ਦਿਲ ਪਸੀਜ ਗਿਆ ਅਤੇ 166 ਦੇ ਕਰੀਬ ਨੌਜਵਾਨਾਂ ਨੂੰ ਆਪਣੇ ਕੈਂਪ ਵਿਚ ਸ਼ਰਨ ਦਿੱਤੀ। ਉਨ੍ਹਾਂ ਨੂੰ ਰਾਸ਼ਨ ਦੇ ਨਾਲ ਨਾਲ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ। ਫਿਰ 4 ਚਾਰਟਰਡ ਪਲੇਨ ਕਰਕੇ ਉਨ੍ਹਾਂ ਨੂੰ ਘਰੋ-ਘਰੀਂ ਪਹੁੰਚਾਇਆ। ਉਨ੍ਹਾਂ ਕਿਹਾ ਕਿ ਦਿਲ ਨੂੰ ਇਸ ਗੱਲ ਦਾ ਸਕੂਨ ਸੀ ਕਿ ਕਮਾਈ ਦੀ ਆਸ ਵਿਚ ਵਿਦੇਸ਼ ਗਏ ਮਾਪਿਆਂ ਦੀਆਂ ਅੱਖਾਂ ਦੇ ਨੂਰ ਉਨ੍ਹਾਂ ਦੇ ਸਪੁਰਦ ਕੀਤੇ ਤੇ ਕਈ ਘਰਾਂ ਦੇ ਚਿਰਾਗ ਬੁਝਣੋਂ ਬਚਾ ਲਏ।
ਡਾ. ਓਬਰਾਏ ਨੂੰ ਜਦੋਂ ਪੁੱਛਿਆ ਕਿ ਸਮਾਜ ਸੇਵਾ ਦੀ ਇਹ ਚਿਣਗ ਕਿਵੇਂ ਲੱਗੀ ਤਾਂ ਉਨ੍ਹਾਂ ਦੱਸਿਆ ਕਿ ਕਈ ਸਾਲ ਪਹਿਲਾਂ ਯੂਏਈ ’ਚ ਇਕ ਪਕਿਸਤਾਨੀ ਦੇ ਕਤਲ ਬਦਲੇ 17 ਭਾਰਤੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਜਿਸ ਬਾਰੇ ਸੁਣ ਕੇ ਮਨ ਭਾਵੁਕ ਹੋ ਗਿਆ ਤੇ ਉਨ੍ਹਾਂ ਦਾ ਕੇਸ ਲੜਿਆ। ਇਸ ਕੇਸ ਵਿਚ ਭਾਰਤ ਸਰਕਾਰ ਦੀ ਮਦਦ ਨਾਲ ਉਹ ਇਨ੍ਹਾਂ ਭਾਰਤੀਆਂ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਵਿਚ ਕਾਮਯਾਬ ਰਹੇ। ਬੱਸ ਉਦੋਂ ਚੁੱਕੇ ਇਸ ਕਦਮ ਨੇ ਜੋ ਆਤਮਕ ਸਕੂਨ ਦਿੱਤਾ ਉਸੇ ਸਦਕਾ ਸਰਬੱਤ ਦਾ ਭਲਾ ਟਰੱਸਟ ਹੋਂਦ ਵਿਚ ਆਇਆ ਤੇ ਸਰਬੱਤ ਦੇ ਭਲੇ ਲਈ ਕਾਰਜ ਜਾਰੀ ਹਨ।
ਹਰਫਨਮੌਲਾ ਡਾ. ਓਬਰਾਏ ਨੂੰ ਹਰ ਇਨਸਾਨ ਦੇ ਨਾਲ-ਨਾਲ ਹਰ ਪਾਰਟੀ ਵੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਦੇਖਣ ਦੀ ਚਾਹਵਾਨ ਹੈ। ਇਸ ਦੀਆਂ ਅਫ਼ਵਾਹਾਂ ਅਕਸਰ ਹੀ ਚੋਣਾਂ ਦੇ ਦਿਨਾਂ ਵਿਚ ਗਰਮਾ ਜਾਂਦੀਆਂ ਹਨ ਪਰ ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ, ‘ਮੈਂ ਕਦੇ ਵੀ ਰਾਜਨੀਤੀ ਵਿਚ ਨਹੀਂ ਆਉਣਾ ਚਾਹਾਵਾਂਗਾ। ਇਹ ਨਹੀਂ ਕਿ ਮੈਨੂੰ ਸਿਆਸਤ ਤੋਂ ਕੋਈ ਖੌਫ਼ ਹੈ ਪਰ ਇਹ ਜ਼ਰੂਰ ਡਰ ਹੈ ਕਿ ਕਿਤੇ ਇਸ ਵਿਚ ਕਦਮ ਰੱਖਦਿਆਂ ਹੀ ਮੈਂ ਆਪਣੇ ਸਰਬੱਤ ਦੇ ਭਲੇ ਦੇ ਮਿਸ਼ਨ ਤੋਂ ਭਟਕ ਨਾ ਜਾਵਾਂ। ਮੈਂ ਸਮਝਦਾ ਹਾਂ ਕਿ ਮੈਂ ਸਿਆਸਤ ਲਈ ਨਹੀਂ ਬਣਿਆ, ਇਸ ਲਈ ਹਰ ਪਾਰਟੀ ਨੂੰ ਮੁੱਖ ਮੰਤਰੀ ਦੀ ਆਫਰ ਲਈ ਮੇਰਾ ਸਦਾ ਇਨਕਾਰ ਹੀ ਹੈ’।
previous post