ਪਟਿਆਲਾ – ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਜਿਥੇ ਪੂਰੀ ਦੁਨੀਆਂ ‘ਚ ਰੋਸ ਦੀ ਲਹਿਰ ਹੈ, ਉਥੇ ਹੀ ਆਪਣੇ ਦੇਸ਼ ਤੇ ਪਰਿਵਾਰ ਤੋਂ ਦੂਰ ਬੈਠੇ ਲੋਕਾਂ ਨੂੰ ਆਪਣਿਆਂ ਦੀ ਚਿੰਤਾ ਸਤਾਉਣ ਲੱਗੀ ਹੈ। ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਹੇ ਅਫ਼ਗਾਨਿਸਤਾਨ ਦੇ 40 ਵਿਦਿਆਰਥੀ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਚਿੰਤਤ ਹਨ। ਵਿਦਿਆਰਥੀਆਂ ਨੂੰ ਸਭ ਤੋਂ ਵੱਧ ਭਵਿੱਖ ਬਾਰੇ ਚਿੰਤਾ ਹੈ ਕਿ ਤਾਲਿਬਾਨੀ ਅਫਗਾਨ ਦੇ ਲੋਕਾਂ ਨਾਲ ਕੀ ਸਲੂਕ ਕਰਨਗੇ। ਇਨ੍ਹਾਂ ਵਿਦਆਰਥੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਵੀਜ਼ਾ ਮਿਲ ਜਾਂਦਾ ਹੈ, ਤਾਂ ਉਹ ਆਪਣੇ ਘਰ ਵਾਪਸ ਜਾਣ ਨੂੰ ਹੀ ਤਰਜੀਹ ਦੇਣਗੇ, ਕਿਉਂਕਿ ਇਸ ਸਮੇਂ ਪਰਿਵਾਰ ਮੁਸੀਬਤ ਵਿਚ ਹਨ। ਇੰਨਾ ਹੀ ਨਹੀਂ, ਕੁਝ ਵਿਦਿਆਰਥੀਆਂ ਦੇ ਵੀਜ਼ੇ ਵੀ ਖਤਮ ਹੋਣ ਜਾ ਰਹੇ ਹਨ, ਇਸ ਲਈ ਉਹ ਚਿੰਤਤ ਹਨ ਕਿ ਵੀਜ਼ੇ ਕਿਵੇਂ ਹਾਸਲ ਹੋਣਗੇ। ਇਨ੍ਹਾਂ ਵਿਦਿਆਰਥੀਆਂ ਨੇ ਭਾਰਤ ਸਰਕਾਰ ਨੂੰ ਮਦਦ ਦਾ ਕੰਮ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਕਾਬੁਲ ਦੇ ਵਸਨੀਕ ਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਜ਼ਬਿਉੱਲਾਹ ਰਾਸ਼ਿਦ ਨੇ ਦੱਸਿਆ ਕਿ ਇਸ ਸਮੇਂ ਬਹੁਤ ਜ਼ਿਆਦਾ ਡਰ ਹੈ ਕਿ ਲੋਕ ਘਰ ਤੋਂ ਬਾਹਰ ਨਹੀਂ ਆ ਰਹੇ ਹਨ। ਦਹਿਸ਼ਤ ਦਾ ਮਾਹੌਲ ਹੈ ਕਿਸੇ ਨਾਲ ਸੰਪਰਕ ਵੀ ਨਹੀਂ ਹੋ ਰਿਹਾ ਹੈ। ਰਾਸ਼ਿਦ ਨੇ ਕਿਹਾ ਕਿ ਤਾਲਿਬਾਨ ਨੂੰ ਪਾਕਿਸਤਾਨ ਦਾ ਸਮਰਥਨ ਸੀ, ਜਿਸ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਉਸਨੇ ਭਾਰਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਅਫਗਾਨਿਸਤਾਨ ‘ਚ ਬਹੁਤ ਵਿਕਾਸ ਕਾਰਜ ਕੀਤੇ ਹਨ।ਅਫਗਾਨਿਸਤਾਨ ਦੇ ਵਸਨੀਕ ਵਿਦਿਆਰਥੀ ਅਬਦੁੱਲ ਨੇ ਕਿਹਾ ਕਿ ਅਜਿਹਾ ਇਨੀਂ ਜਲਦੀ ਹੋਵੇਗਾ ਕਦੇ ਸੋਚਿਆ ਨਹੀਂ ਸੀ। ਕੁਝ ਦਿਨਾਂ ‘ਚ ਹੀ ਸਭ ਕੁਝ ਖਤਮ ਕਰ ਦਿੱਤਾ ਗਿਆ ਹੈ, ਲੋਕਾਂ ਦੇ ਸੁਪਨੇ, ਘਰ ਸਭ ਖਤਮ ਹੋ ਗਿਆ ਹੈ। ਅਬਦੁੱਲ ਨੇ ਇਸ ਸਥਿਤੀ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਤਾਲਿਬਾਨੀ ਭਰੋਸਾ ਦੇ ਰਹੇ ਹਨ ਕਿ ਉਹ ਸ਼ਾਂਤੀ ਬਣਾਈ ਰੱਖਣਗੇ ਪਰ 1996 ਤੇ 2000 ਤੱਕ ਪੈਦਾ ਕੀਤੇ ਹਾਲਾਤਾਂ ਕਰਕੇ ਵਿਸ਼ਵਾਸ਼ ਵੀ ਨਹੀਂ ਕੀਤਾ ਜਾ ਸਕਦਾ ਹੈ।