ਲੰਡਨ – ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਦਾ ਮੰਨਣਾ ਹੈ ਕਿ ਮੈਦਾਨ ‘ਤੇ ਵਿਰਾਟ ਕੋਹਲੀ ਦਾ ਜੋਸ਼ ਤੇ ਉਤਸ਼ਾਹ ਦੇਖ ਕੇ ਲਗਦਾ ਹੈ ਕਿ ਟੈਸਟ ਕ੍ਰਿਕਟ ਉਨ੍ਹਾਂ ਲਈ ਹੁਣ ਸਭ ਕੁਝ ਹੈ ਤੇ ਉਨ੍ਹਾਂ ਦਾ ਇਹ ਜਨੂਨ ਇਸ ਫਾਰਮੈਟ ਦੇ ਲਈ ਚੰਗਾ ਹੈ, ਜਿਸ ਨੂੰ ਇਸ ਸਮੇਂ ਸਭ ਤੋਂ ਵੱਧ ਪਿਆਰ ਦੀ ਲੋੜ ਹੈ। ਪੀਟਰਸਨ ਨੇ ਕਿਹਾ ਕਿ ਕੋਹਲੀ ਆਪਣੀ ਮਿਹਨਤ ਨਾਲ ਸਚਿਨ ਤੇਂਦੁਲਕਰ ਤੇ ਰਾਹੁਲ ਦ੍ਰਾਵਿੜ ਦੇ ਨਕਸ਼ੇ-ਕਦਮ ‘ਤੇ ਚੱਲ ਪਏ ਹਨ। ਜੋ ਮਹਾਨ ਟੈਸਟ ਕ੍ਰਿਕਟਰ ਰਹੇ ਹਨ। ਉਨ੍ਹਾਂ ਨੇ ਆਪਣੇ ਬਲਾਗ ਵਿਚ ਲਿਖਿਆ ਕਿ ਵਿਰਾਟ ਕੋਹਲੀ ਨੂੰ ਜਿੰਨਾ ਮੈਂ ਜਾਣਦਾ ਹਾਂ, ਮੈਨੂੰ ਪਤਾ ਹੈ ਕਿ ਆਪਣੇ ਸਟਾਰ ਖਿਡਾਰੀਆਂ ਦੇ ਨਕਸ਼ੇ-ਕਦਮ ‘ਤੇ ਤੁਰਨ ਲਈ ਉਨ੍ਹਾਂ ਨੇ ਕਿੰਨੀ ਮਿਹਨਤ ਕੀਤੀ ਹੈ। ਉਨ੍ਹਾਂ ਦੇ ਸਟਾਰ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਤੇ ਟੈਸਟ ਕ੍ਰਿਕਟ ਦੇ ਬਾਕੀ ਦਿੱਗਜ ਹਨ। ਕੋਹਲੀ ਨੂੰ ਪਤਾ ਹੈ ਕਿ ਖੇਡ ਦਾ ਦਿੱਗਜ ਬਣਨ ਲਈ ਉਨ੍ਹਾਂ ਨੂੰ ਟੀ-20 ਦੇ ਨਾਲ ਟੈਸਟ ਕ੍ਰਿਕਟ ਵਿਚ ਵੀ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਇਹੀ ਕਾਰਨ ਹੈ ਕਿ ਉਹ ਇਸ ਫਾਰਮੈਟ ਨੂੰ ਇੰਨੀ ਅਹਿਮੀਅਤ ਦਿੰਦੇ ਹਨ। ਉਹ ਵੀ ਅਜਿਹੇ ਸਮੇਂ ਵਿਚ ਜਦ ਟੈਸਟ ਕ੍ਰਿਕਟ ਨੂੰ ਇਸ ਦੀ ਸਖ਼ਤ ਲੋੜ ਹੈ। ਇਕ ਵਿਸ਼ਵ ਪੱਧਰੀ ਸੁਪਰ ਸਟਾਰ ਕ੍ਰਿਕਟਰ ਦਾ ਟੈਸਟ ਕ੍ਰਿਕਟ ਲਈ ਇਹ ਜਨੂਨ ਦੇਖ ਕੇ ਚੰਗਾ ਲਗਦਾ ਹੈ। ਕੋਹਲੀ ਦੀ ਕਪਤਾਨੀ ਵਿਚ ਭਾਰਤ ਨੰਬਰ ਇਕ ਟੈਸਟ ਟੀਮ ਬਣਿਆ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਵੀ ਪੁੱਜਾ ਜਿਸ ਵਿਚ ਉਸ ਨੂੰ ਨਿਊਜ਼ੀਲੈਂਡ ਨੇ ਹਰਾਇਆ। ਭਾਰਤ ਨੇ ਇਸ ਹਫ਼ਤੇ ਲਾਰਡਜ਼ ‘ਤੇ ਇੰਗਲੈਂਡ ਨੂੰ ਦੂਜੇ ਟੈਸਟ ਵਿਚ 151 ਦੌੜਾਂ ਨਾਲ ਮਾਤ ਦਿੱਤੀ।
ਪਹਿਲਾਂ ਆਸਟ੍ਰੇਲੀਆ ਵਿਚ ਤੇ ਹੁਣ ਇੰਗਲੈਂਡ ਵਿਚ ਟੀਮ ਨੂੰ ਜਿੱਤਦੇ ਦੇਖ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ ਹੋਵੇਗੀ। ਉਨ੍ਹਾਂ ਦਾ ਜੋਸ਼, ਉਨ੍ਹਾਂ ਦਾ ਜਨੂਨ ਤੇ ਟੀਮ ਦੇ ਪ੍ਰਤੀ ਸਰਮਪਣ ਦਿਖਾਈ ਦਿੰਦਾ ਹੈ। ਟੈਸਟ ਕ੍ਰਿਕਟ ਅਜੇ ਵੀ ਉਨ੍ਹਾਂ ਲਈ ਸਭ ਕੁਝ ਹੈ ਤੇ ਇਸੇ ਤਰ੍ਹਾਂ ਦੇ ਪਲ਼ ਉਨ੍ਹਾਂ ਦੇ ਕਰੀਅਰ ਨੂੰ ਪਰਿਭਾਸ਼ਤ ਕਰਨਗੇ।
ਪੀਟਰਸਨ ਨੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਦੂਜੇ ਟੈਸਟ ਵਿਚ ਦੋਵਾਂ ਪਾਰੀਆਂ ਵਿਚ ਚਾਰ-ਚਾਰ ਵਿਕਟਾਂ ਲਈਆ। ਉਨ੍ਹਾਂ ਨੇ ਕਿਹਾ ਕਿ ਮੁਹੰਮਦ ਸਿਰਾਜ ਨੇ ਪੰਜਵੇਂ ਦਿਨ ਜਿਸ ਤਰ੍ਹਾਂ ਦੀ ਗੇਂਦਬਾਜ਼ੀ ਕੀਤੀ ਉਹ ਤਾਰੀਫ਼ ਦੇ ਕਾਬਿਲ ਹੈ।