ਸਪੇਨ – ਟੈਨਿਸ ਜਗਤ ਦੇ ਬਿਗ ਥ੍ਰੀ ਵਿਚ ਸ਼ਾਮਲ ਰਾਫੇਲ ਨਡਾਲ ਨੇ ਬਿਨਾਂ ਕੋਈ ਗਰੈਂਡ ਸਲੈਮ ਖ਼ਿਤਾਬੀ ਜਿੱਤ ਦੇ ਆਪਣੇ 2021 ਸੈਸ਼ਨ ਦੇ ਅੰਤ ਦਾ ਐਲਾਨ ਕਰ ਦਿੱਤਾ ਹੈ। ਨਡਾਲ ਹੁਣ ਅਗਲੇ ਯੂਐੱਸ ਓਪਨ ਵਿਚ ਵੀ ਖੇਡਦੇ ਨਜ਼ਰ ਨਹੀਂ ਆਉਣਗੇ। ਪੈਰ ਵਿਚ ਸੱਟ ਕਾਰਨ ਨਡਾਲ ਨੇ ਇਹ ਫ਼ੈਸਲਾ ਲਿਆ ਤੇ ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ ਰਾਹੀਂ ਦਿੱਤੀ। ਨਡਾਲ ਨੇ ਟਵੀਟ ਕੀਤਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਇਕ ਸਾਲ ਤੋਂ ਮੈਂ ਪੈਰ ਦੀ ਸੱਟ ਦੀ ਮੁਸ਼ਕਲ ਨਾਲ ਜੂਝ ਰਿਹਾ ਹਾਂ ਤੇ ਮੈਨੂੰ ਇਸ ਮੁਸ਼ਕਲ ਦੇ ਹੱਲ ਲਈ ਕੁਝ ਸਮਾਂ ਲੈਣਾ ਪਵੇਗਾ ਜਾਂ ਘੱਟੋ ਘੱਟ ਸਥਿਤੀ ਵਿਚ ਸੁਧਾਰ ਕਰਨਾ ਪਵੇਗਾ। ਇਸ ਕਾਰਨ ਮੈਨੂੰ 2021 ਸੈਸ਼ਨ ਖ਼ਤਮ ਕਰਨਾ ਪੈ ਰਿਹਾ ਹੈ। 35 ਸਾਲਾ ਨਡਾਲ ਨੇ ਵਾਸ਼ਿੰਗਟਨ ਵਿਚ ਪੰਜ ਤੇ ਛੇ ਅਗਸਤ ਨੂੰ ਆਖ਼ਰੀ ਵਾਰ ਟੈਨਿਸ ਮੈਚ ਖੇਡਿਆ ਸੀ। ਉਹ ਯੂਐੱਸ ਓਪਨ ਦੇ ਪਿਛਲੀ ਵਾਰ ਦੇ ਜੇਤੂ ਡੋਮੀਨਿਕ ਥਿਏਮ ਤੋਂ ਬਾਅਦ ਦੂਜੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਸੈਸ਼ਨ ਨੂੰ ਵਿਚਾਲੇ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ ਜਦਕਿ ਗੋਡੇ ਵਿਚ ਸੱਟ ਕਾਰਨ ਅਗਲੇ ਯੂਐੱਸ ਓਪਨ ਵਿਚ ਰੋਜਰ ਫੈਡਰਰ ਵੀ ਖੇਡਦੇ ਨਜ਼ਰ ਨਹੀਂ ਆਉਣਗੇ। ਚਾਰ ਵਾਰ ਦੇ ਯੂਐੱਸ ਓਪਨ ਚੈਂਪੀਅਨ ਨੇ ਕਲੇ ਕੋਰਟ ਸੈਸ਼ਨ ਤੋਂ ਬਾਅਦ ਆਰਾਮ ਕਰਨ ਲਈ ਵਿੰਬਲਡਨ ਤੇ ਓਲੰਪਿਕ ਖੇਡਾਂ ਵਿਚ ਵੀ ਹਿੱਸਾ ਨਹੀਂ ਲਿਆ ਸੀ ਉਨ੍ਹਾਂ ਨੂੰ ਜੂਨ ਵਿਚ ਫਰੈਂਚ ਓਪਨ ਦੌਰਾਨ ਸੱਟ ਲੱਗੀ ਸੀ ਜਿੱਥੇ ਉਹ 2016 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ਵਿਚ ਨੋਵਾਕ ਜੋਕੋਵਿਕ ਹੱਥੋਂ ਹਾਰ ਕੇ ਆਪਣੇ ਖ਼ਿਤਾਬ ਦਾ ਬਚਾਅ ਕਰਨ ਵਿਚ ਨਾਕਾਮ ਰਹੇ ਸਨ ਜਿਸ ਤੋਂ ਬਾਅਦ ਨਡਾਲ ਵਾਪਸੀ ਨਹੀਂ ਕਰ ਸਕੇ।