Breaking News India Latest News

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਚੋਣ ਪ੍ਰਚਾਰ ਖ਼ਤਮ: ਵੋਟਾਂ 22 ਨੂੰ, ਨਤੀਜੇ 25 ਅਗਸਤ ਨੂੰ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਚੋਣਾਂ ਲਈ ਪ੍ਰਚਾਰ ਸ਼ੁੱਕਰਵਾਰ ਸ਼ਾਮ ਨੂੰ ਖ਼ਤਮ ਹੋ ਗਿਆ। 22 ਅਗਸਤ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ 25 ਅਗਸਤ ਨੂੰ ਚੋਣ ਨਤੀਜੇ ਐਲਾਨੇ ਜਾਣਗੇ। ਇਸ ਚੋਣ ’ਚ ਲਗਪਗ 3.42 ਲੱਖ ਲੋਕ ਮਤਦਾਨ ਕਰਨਗੇ।

ਗੁਰਦੁਆਰਾ ਚੋਣ ਡਾਇਰੈਕਟੋਰੇਟ ਸ਼ਾਂਤੀਪੂਰਨ ਤੇ ਨਿਰਪੱਖ ਮਤਦਾਨ ਕਰਵਾਉਣ ਲਈ ਤਿਆਰੀ ਨੂੰ ਅੰਤਿਮ ਰੂਪ ਦੇਣ ’ਚ ਲੱਗਾ ਹੋਇਆ ਹੈ। 46 ਸੀਟਾਂ ਲਈ 132 ਆਜ਼ਾਦ ਸਮੇਤ 312 ਉਮੀਦਵਾਰ ਚੋਣ ਮੈਦਾਨ ’ਚ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ ਦਲ) ਨੇ ਸਾਰੀਆਂ 46 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਹਨ। ਉੱਥੇ, ਜਾਗੋ ਨੇ 41 ਤੇ ਸ਼੍ਰੋਮਣੀ ਅਕਾਲੀ ਦਲ (ਸਰਨਾ) ਦੇ 35 ਉਮੀਦਵਾਰ ਮੈਦਾਨ ’ਚ ਹਨ। ਪੂਰੀ ਦਿੱਲੀ ’ਚ 546 ਮਤਦਾਨ ਕੇਂਦਰ ਬਣਾਏ ਗਏ ਹਨ। ਗੁਰਦੁਆਰਾ ਡਾਇਰੈਕਟੋਰੇਟ ਨੇ 23 ਚੋਣ ਅਧਿਕਾਰੀ ਵੀ ਤਾਇਨਾਤ ਕੀਤੇ ਹਨ।

ਰੱਖੜੀ ਦੇ ਦਿਨ ਹੋਣ ਵਾਲੀ ਇਸ ਚੋਣ ’ਚ ਔਰਤਾਂ ਦੀ ਭੂਮਿਕਾ ਮਹੱਤਵਪੂਰਨ ਹੈ। ਮਰਦਾਂ ਤੋਂ ਜ਼ਿਆਦਾ ਮਹਿਲਾ ਵੋਟਰ ਹਨ। ਇਸ ਤਰ੍ਹਾਂ ਨਾਲ ਔਰਤਾਂ ਦਾ ਸਮਰਥਨ ਕਿਸੇ ਵੀ ਪਾਰਟੀ ਨੂੰ ਡੀਐੱਸਜੀਐੱਮਸੀ ਦੀ ਸੱਤਾ ਦਿਵਾ ਸਕਦਾ ਹੈ। ਇਸ ਨੂੰ ਧਿਆਨ ’ਚ ਰੱਖ ਕੇ ਸਾਰੀਆਂ ਪਾਰਟੀਆਂ ਉਨ੍ਹਾਂ ਦੀ ਹਮਾਇਤ ਹਾਸਲ ਕਰਨ ’ਚ ਲੱਗੀਆਂ ਹੋਈਆਂ ਹਨ। ਹਾਲਾਂਕਿ, ਸਾਰੀਆਂ ਪਾਰਟੀਆਂ ਨੇ ਔਰਤਾਂ ਨੂੰ ਟਿਕਟ ਦੇਣ ’ਚ ਕੁਤਾਹੀ ਵਰਤੀ ਹੈ। ਜਾਗੋ ਨੇ ਪੰਜ ਮਹਿਲਾ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਿਆ ਹੈ, ਜਦਕਿ ਅਕਾਲੀ ਦਲ ਬਾਦਲ ਤੇ ਅਕਾਲੀ ਦਲ ਸਰਨਾ ਨੇ ਇਕ-ਇਕ ਮਹਿਲਾ ਉਮੀਦਵਾਰ ਨੂੰ ਟਿਕਟ ਦਿੱਤੀ ਹੈ।

ਡੀਐੱਸਜੀਐੱਮਸੀ ਦੇ 55 ਮੈਂਬਰਾਂ ’ਚੋਂ 46 ਸੰਗਤ ਵੱਲੋਂ ਚੁਣੇ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਵੀ ਡੀਐੱਸਜੀਐੱਮਸੀ ਦੇ ਮੈਂਬਰ ਹੁੰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਨੁਮਾਇੰਦਾ ਵੀ ਇਸ ਦਾ ਮੈਂਬਰ ਹੁੰਦਾ ਹੈ। ਦਿੱਲੀ ਦੀਆਂ ਸਿੰਘ ਸਭਾਵਾਂ ਦੇ ਪ੍ਰਧਾਨਾਂ ’ਚੋਂ ਦੋ ਨੂੰ ਡੀਐੱਸਜੀਐੱਮਸੀ ਦਾ ਮੈਂਬਰ ਬਣਾਇਆ ਜਾਂਦਾ ਹੈ, ਜਿਨ੍ਹਾਂ ਦੀ ਚੋਣ ਲਾਟਰੀ ਜ਼ਰੀਏ ਹੁੰਦੀ ਹੈ।

Related posts

ਉਬੇਰ ਇੰਡੀਆ ਤੇ ਦੱਖਣੀ ਏਸ਼ੀਆ ਦੇ ਪ੍ਰੈਜ਼ੀਡੈਂਟ ਪ੍ਰਭਜੀਤ ਸਿੰਘ !

admin

‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਨਵਾਂ ਫੁਰਮਾਨ ਜਾਰੀ

editor

11 ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ

editor