ਨਵੀਂ ਦਿੱਲੀ – ਭਾਰਤੀ ਟੀਮ ਦਾ ਪੂਰਾ ਧਿਆਨ ਅਜੇ ਇੰਗਲੈਂਡ ਵਿਚ ਮੌਜੂਦਾ ਟੈਸਟ ਸੀਰੀਜ਼ ਨੂੰ ਜਿੱਤਣ ‘ਤੇ ਲੱਗਾ ਹੋਇਆ ਹੈ ਪਰ ਕਪਤਾਨ ਵਿਰਾਟ ਕੋਹਲੀ ਤੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ .ਆਈ.) ਦੇ ਚੋਟੀ ਦੇ ਅਧਿਕਾਰੀ ਆਗਾਮੀ ਟੀ-20 ਵਿਸ਼ਵ ਕੱਪ ਨੂੰ ਲੈ ਕੇ ਵੀ ਚਰਚਾ ਕਰ ਰਹੇ ਹਨ। ਲਾਰਡਸ ਵਿਚ ਦੂਜੇ ਟੈਸਟ ਮੈਚ ‘ਚ ਜਿੱਤ ਨਾਲ ਕੋਹਲੀ ‘ਤੇ ਕਾਫੀ ਦਬਾਅ ਘੱਟ ਹੋਇਆ ਪਰ ਉਹ ਜਾਣਦਾ ਹੈ ਕਿ ਕਪਤਾਨੀ ਵਿਚ ਉਸਦਾ ਭਵਿੱਖ ਕਾਫੀ ਹੱਦ ਤਕ ਸੰਯੁਕਤ ਅਰਬ ਅਮੀਰਾਤ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਟੀਮ ਦੇ ਪ੍ਰਦਰਸ਼ਨ ‘ਤੇ ਨਿਰਭਰ ਹੈ, ਜਿੱਥੇ ਭਾਰਤੀ ਟੀਮ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਕਰਨੀ ਹੈ।
ਪਤਾ ਲੱਗਾ ਹੈ ਕਿ ਬੀ. ਸੀ. ਸੀ. ਆਈ. ਮੁੱਖ ਸੌਰਭ ਗਾਂਗੁਲੀ, ਸਕੱਤਰ ਜੈ ਸ਼ਾਹ ਤੇ ਉਪ ਮੁਖੀ ਰਾਜੀਵ ਸ਼ੁਕਲਾ ਨੇ ਦੂਜੇ ਟੈਸਟ ਮੈਚ ਦੌਰਾਨ ਕਪਤਾਨ ਦੇ ਨਾਲ ਰਸਮੀ ਮੀਟਿੰਗ ਕੀਤੀ। ਜਿਸ ਵਿਚ ਟੀ-20 ਵਿਸ਼ਵ ਕੱਪ ਨਾਲ ਜੁੜੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ ਗਈ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ- ਹਾਂ ਬੀ. ਸੀ. ਸੀ. ਆਈ. ਦੇ ਅਧਿਕਾਰੀ ਨੇ ਕੋਹਲੀ ਨਾਲ ਮੁਲਾਕਾਤ ਕੀਤੀ ਪਰ ਉਨ੍ਹਾਂ ਵਿਚਾਲੇ ਗੱਲਬਾਤ ਦਾ ਬਿਓਰਾ ਦੇਣਾ ਠੀਕ ਨਹੀਂ ਹੋਵੇਗਾ ਪਰ ਟੀ-20 ਵਿਸ਼ਵ ਕੱਪ ਵਿਚ ਬਹੁਤ ਘੱਟ ਸਮਾਂ ਬੱਚਿਆ ਹੋਵੇਗਾ ਅਤੇ ਭਾਰਤ ਨੂੰ ਆਈ. ਪੀ. ਐੱਲ. ਤੋਂ ਪਹਿਲਾਂ ਕੋਈ ਮੈਚ (ਸੀਮਿਤ ਓਵਰਾਂ ਦਾ) ਨਹੀਂ ਖੇਡਣਾ ਹੈ, ਇਸ ਲਈ ਇਹ ਚਰਚਾ ਕਾਫੀ ਹੱਦ ਇਸ ਪ੍ਰਤੀਯੋਗਿਤਾ ਲਈ ਖਾਤਾ ਤਿਆਰ ਕਰਨ ਨਾਲ ਹੀ ਜੁੜੀ ਰਹੀ।