Breaking News Latest News News Punjab

ਪੈਟਰੋਲੀਅਮ ਪਦਾਰਥਾਂ ਤੋਂ ਕੇਂਦਰ ਦੀ ਕਮਾਈ 300 ਫ਼ੀਸਦੀ ਵਧੀ, ਚੀਮਾ ਨੇ ਕੀਤੀ ਤੇਲ ਕੀਮਤਾਂ ’ਚ ਵਾਧੇ ਦੀ ਆਲੋਚਨਾ

ਚੰਡੀਗੜ੍ਹ – ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਤਾਜ਼ੇ ਵਾਧੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਅਸਮਾਨੀ ਚੜ੍ਹੀ ਮਹਿੰਗਾਈ ਨੇ ਹਰੇਕ ਵਰਗ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਕੇਂਦਰ ਸਰਕਾਰ ਪੈਟਰੋਲੀਅਮ ਪਦਾਰਥਾਂ ਤੋਂ 300 ਪ੍ਰਤੀਸ਼ਤ ਦੇ ਵਾਧੇ ਨਾਲ ਟੈਕਸ ਇਕੱਠਾ ਕਰ ਰਹੀ ਹੈ, ਅਜੇ ਵੀ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਰੁਕ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਬੇਕਾਬੂ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਲਈ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਮੁੱਖ ਜ਼ਿੰਮੇਵਾਰ ਹੈ, ਉੱਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਮਹਿੰਗਾਈ ’ਤੇ ਤੇਲ ਛਿੜਕਣ ’ਚ ਕੋਈ ਕਸਰ ਨਹੀਂ ਛੱਡੀ। ਨਤੀਜੇ ਵਜੋਂ ਤੇਲ, ਘਿਉ, ਗੈਸ, ਦਾਲਾਂ ਸਮੇਤ ਹੋਰ ਘਰੇਲੂ ਵਸਤਾਂ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਵਧ ਰਹੀਆਂ ਹਨ।
ਚੀਮਾ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਸਵਾਲ ਚੁੱਕਦਿਆਂ ਪੁੱਛਿਆ, ‘ਜਿਹੜੇ 2014 ’ਚ ਵੋਟਾਂ ਲੈਣ ਲਈ ਗੈਸ ਸਿਲੰਡਰ ਲੈ ਕੇ ਮਹਿੰਗਾਈ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ, ਉਹ ਹੁਣ ਕਿਥੇ ਹਨ? ਉਸ ਵੇਲੇ 410 ਰੁਪਏ ਵਾਲਾ ਗੈਸ ਸਿਲੰਡਰ ਜੇ ਮਹਿੰਗਾ ਸੀ ਤਾਂ ਹੁਣ 896 ਰੁਪਏ ’ਚ ਮਿਲਣ ਵਾਲੇ ਸਿਲੰਡਰ ਬਾਰੇ ਭਾਜਪਾ ਨੇਤਾ ਕਿਉਂ ਨਹੀਂ ਬੋਲਦੇ? ਕੀ ਭਾਜਪਾ ਵਾਲਿਆਂ ਨੂੰ ਪਤਾ ਨਹੀਂ ਲੱਗਿਆ ਕਿ ਦੋ ਦਿਨ ਪਹਿਲਾਂ ਗੈਸ ਸਿਲੰਡਰ ਸਿੱਧਾ 25 ਰੁਪਏ ਮਹਿੰਗਾ ਕਰ ਦਿੱਤਾ ਗਿਆ?
ਚੀਮਾ ਨੇ ਕਿਹਾ ਕਿ ਅਸਮਾਨ ਛੂੰਹਦੀਆਂ ਤੇਲ, ਪੈਟਰੋਲ, ਗੈਸ, ਘਿਉ ਅਤੇ ਹੋਰ ਰਸੋਈ ਵਸਤਾਂ ਦੀਆਂ ਕੀਮਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਸੱਤਾਧਾਰੀ ਸਰਕਾਰਾਂ ਲੋਕਾਂ ਨੂੰ ਲੁੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੈਟਰੋਲ ’ਤੇ 70 ਫ਼ੀਸਦੀ ਟੈਕਸ ਵਸੂਲ ਕੇ ਆਪਣਾ ਅਤੇ ਕਾਰੋਬਾਰੀ ਘਰਾਣਿਆਂ ਦਾ ਖ਼ਜ਼ਾਨਾ ਭਰਨ ’ਚ ਲੱਗੀ ਹੋਈ ਹੈ।
ਚੀਮਾ ਨੇ ਦੱਸਿਆ ਕਿ ਕਿ ਮੋਦੀ ਸਰਕਾਰ ਦੇ ਰਾਜ ’ਚ ਪੈਟਰੋਲ ’ਤੇ ਆਬਕਾਰੀ ਕਰ 3 ਗੁਣਾ ਵੱਧ ਕੇ 33 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਡੀਜ਼ਲ ਦਾ ਹਾਲ ਇਸ ਤੋਂ ਵੀ ਮਾੜਾ ਹੈ ਕਿਉਂਕਿ ਡੀਜ਼ਲ ’ਤੇ 2014 ਨਾਲੋਂ 10 ਗੁਣਾ ਵੱਧ ਐਕਸਾਈਜ਼ ਡਿਊਟੀ ਲਾਗੂ ਹੋਣ ਕਾਰਨ ਇਸ ਵੇਲੇ 32 ਰੁਪਏ ਪ੍ਰਤੀ ਲੀਟਰ ਟੈਕਸ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਨੇ ਲਗਾਤਾਰ ਤੇਲ ਉੱਤੇ ਟੈਕਸ ਵਧਾ ਕੇ ਖ਼ਜ਼ਾਨੇ ’ਚ 300 ਫ਼ੀਸਦੀ ਵਾਧਾ ਕਰਕੇ ਆਮ ਲੋਕਾਂ ਦੀਆਂ ਜੇਬਾਂ ਖ਼ਾਲੀ ਕੀਤੀਆਂ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor