ਨਵੀਂ ਦਿੱਲੀ – ਦੁਨੀਆ ਦੀ ਸਭ ਤੋਂ ਵੱਡੀ ਅਮਰੀਕਾ ਦੀ ਬਾਸਕਟਬਾਲ ਸੰਸਥਾ ਐੱਨਬੀਏ (ਰਾਸ਼ਟਰੀ ਬਾਸਕਟਬਾਲ ਸੰਘ) ਪੂਰੇ ਵਿਸ਼ਵ ਤੋਂ ਕੁਝ ਚੋਣਵੀਆਂ ਧੀਆਂ ਨੂੰ ਆਪਣੇ ਮਹਿਲਾ ਵਰਚੁਅਲ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਇਸ ਖੇਡ ਦੀਆਂ ਬਰੀਕੀਆਂ ਸਿਖਾਉਂਦੀ ਹੈ। ਇਸ ਕੜੀ ਵਿਚ ਭਾਰਤ ਤੋਂ ਪੰਜ ਕੁੜੀਆਂ ਦੀ ਚੋਣ ਕੀਤੀ ਗਈ ਸੀ ਤੇ ਇਨ੍ਹਾਂ ਵਿਚੋਂ ਇਕ ਨੋਇਡਾ ਤੋਂ ਆਉਣ ਵਾਲੀ ਪਰਣਿਕਾ ਸ਼੍ਰੀਵਾਸਤਵ ਵੀ ਹੈ। ਪਰਣਿਕਾ ਨੇ ਦੈਨਿਕ ਜਾਗਰਣ ਨਾਲ ਗੱਲਬਾਤ ਵਿਚ ਦੱਸਿਆ ਕਿ ਇਸ ਮੁਹਿੰਮ ਨਾਲ ਨਾ ਉਹ ਸਿਰਫ਼ ਆਪਣੀ ਖੇਡ ਵਿਚ ਸੁਧਾਰ ਲਿਆ ਸਕੇਗੀ ਬਲਕਿ ਇਹ ਉਨ੍ਹਾਂ ਦੇ ਮਹਿਲਾ ਐੱਨਬੀਏ ਲੀਗ (ਡਬਲਯੂਐੱਨਬੀਏ) ਵਿਚ ਖੇਡਣ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਪਹਿਲਾ ਕਦਮ ਵੀ ਹੋਵੇਗਾ।
ਪਰਣਿਕਾ ਨੇ ਕਿਹਾ ਕਿ ਐੱਨਬੀਏ ਮਹਿਲਾ ਵਰਚੁਅਲ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਤੇ ਇਸ ਵਿਚ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਹਰ ਹਫ਼ਤੇ ਅਮਰੀਕਾ ਦੀਆਂ ਕਈ ਮਹਿਲਾ ਐੱਨਬੀਏ ਲੀਗ ਦੀਆਂ ਮੌਜੂਦਾ ਤੇ ਸਾਬਕਾ ਖਿਡਾਰਨਾਂ ਆ ਕੇ ਨਾ ਸਿਰਫ਼ ਖੇਡ ਬਾਰੇ ਦੱਸ ਰਹੀਆਂ ਹਨ ਬਲਕਿ ਇਕ ਤਰ੍ਹਾਂ ਪੂਰੀ ਟ੍ਰੇਨਿੰਗ ਵੀ ਚੱਲ ਰਹੀ ਹੈ ਜਿਸ ਨਾਲ ਮੇਰੀ ਖੇਡ ਵਿਚ ਕਾਫੀ ਸੁਧਾਰ ਆਵੇਗਾ। 16 ਸਾਲ ਦੀ ਪਰਣਿਕਾ ਨੋਇਡਾ ਦੇ ਦਿੱਲੀ ਪਬਲਿਕ ਸਕੂਲ ਵਿਚ 11ਵੀਂ ਦੀ ਵਿਦਿਆਰਥਣ ਹੈ ਤੇ ਉਨ੍ਹਾਂ ਨੇ ਇੱਥੋਂ ਆਪਣੇ ਬਾਸਕਟਬਾਲ ਦੇ ਸਫ਼ਰ ਦੀ ਸ਼ੁਰੂਆਤ ਕੀਤੀ। ਪਰਣਿਕਾ ਨੇ ਕਿਹਾ ਕਿ ਮੈਂ ਪਹਿਲਾਂ ਰਾਂਚੀ ਵਿਚ ਸੀ। ਕਲਾਸ-4 ਵਿਚ ਮੈਂ ਨੋਇਡਾ ਆ ਗਈ ਤਾਂ ਸਕੂਲ ਵਿਚ ਕਈ ਸੀਨੀਅਰ ਨੂੰ ਬਾਸਕਟਬਾਲ ਖੇਡਦੇ ਦੇਖਿਆ। ਤਦ ਮੇਰੇ ਅੰਦਰ ਵੀ ਇਸ ਖੇਡ ਪ੍ਰਤੀ ਇੱਛਾ ਜਾਗੀ ਤੇ ਕੋਚ ਨੇ ਮੇਰੇ ਲੰਬੇ ਕੱਦ ਨੂੰ ਦੇਖਦੇ ਹੋਏ ਮੈਨੂੰ ਵੀ ਇਸ ਖੇਡ ਵਿਚ ਸ਼ਾਮਲ ਕਰ ਲਿਆ। ਤਦ ਤੋਂ ਮੈਂ ਖੇਡਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਬਾਸਕਟਬਾਲ ਨੂੰ ਆਪਣੇ ਜੀਵਨ ਵਿਚ ਕਰੀਅਰ ਦੇ ਰੂਪ ਵਿਚ ਦੇਖਣ ਲੱਗੀ। ਪਰਣਿਕਾ ਨੇ ਆਪਣੇ ਸੁਪਨੇ ਬਾਰੇ ਅੱਗੇ ਕਿਹਾ ਕਿ ਮੈਂ ਮਹਿਲਾ ਤੇ ਮਰਦ ਦੋਵੇਂ ਐੱਨਬੀਏ ਲੀਗ ਦੇਖਦੀ ਆ ਰਹੀ ਹਾਂ। ਜਿਸ ਤੋਂ ਬਾਅਦ ਮੇਰੇ ਮਨ ਵਿਚ ਆਉਂਦਾ ਹੈ ਕਿ ਕਦ ਮੈਂ ਇਸ ਦਾ ਹਿੱਸਾ ਬਣਾਂਗੀ। ਇਹ ਮੇਰਾ ਸਭ ਤੋਂ ਵੱਡਾ ਸੁਪਨਾ ਹੈ ਕਿ ਕਦ ਮੈਂ ਮਹਿਲਾ ਐੱਨਬੀਏ ਵਿਚ ਖੇਡਾਂਗੀ। ਜ਼ਿਕਰਯੋਗ ਹੈ ਕਿ 14-17 ਸਾਲ ਦੀਆਂ ਧੀਆਂ ਲਈ ਚਲਾਏ ਜਾ ਰਹੇ ਇਸ ਪ੍ਰੋਗਰਾਮ ਵਿਚ ਪੂਰੇ ਵਿਸ਼ਵ ਤੋਂ ਸਿਰਫ਼ 50 ਕੁੜੀਆਂ ਨੂੰ ਚੁਣਿਆ ਗਿਆ ਸੀ। ਇਨ੍ਹਾਂ ਵਿਚ ਭਾਰਤ ਦੀ ਪਰਣਿਕਾ ਤੋਂ ਇਲਾਵਾ ਸ਼ੋਮੀਰਾ ਬਿਦਾਏ, ਕਾਵਿਆ ਸਿੰਗਲਾ, ਸੁਨੀਸ਼ਾ ਕਾਰਤਿਕ ਤੇ ਯਸ਼ਨੀਤ ਕੌਰ ਵੀ ਸ਼ਾਮਲ ਹੈ। ਇਸ ਪ੍ਰੋਗਰਾਮ ਦੇ ਤਹਿਤ ਇਨ੍ਹਾਂ ਕੁੜੀਆਂ ਨੂੰ ਅੱਠ ਹਫ਼ਤੇ ਤਕ ਅਭਿਆਸ ਕਰਵਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਹੋ ਚੁੱਕੀ ਹੈ। ਪਰਣਿਕਾ ਭਾਰਤੀ ਬਾਸਕਟਬਾਲ ਸੰਘ ਵੱਲੋਂ ਕਰਵਾਈਆਂ ਰਾਸ਼ਟਰੀ ਖੇਡਾਂ ਵਿਚ ਤਿੰਨ ਵਾਰ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਵੀ ਕਰ ਚੁੱਕੀ ਹੈ। 2019 ਵਿਚ ਉਨ੍ਹਾਂ ਨੇ ਖੇਲੋ ਇੰਡੀਆ ਯੂਥ ਗੇਮਜ਼ ਵਿਚ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਕੀਤੀ ਸੀ।
previous post