ਨਵੀਂ ਦਿੱਲੀ – ਲਗਾਤਾਰ ਦੋ ਦਿਨਾਂ ਤੋਂ ਆਈਟੀ ਪੋਰਟਲ ਦੇ ਕੰਮ ਨਾ ਕਰਨ ‘ਤੇ ਵਿੱਤ ਮੰਤਰਾਲੇ ਨੇ ਸਖ਼ਤ ਰੁਖ਼ ਅਪਣਾਇਆ ਹੈ। ਮੰਤਰਾਲੇ ਨੇ ਇੰਫੋਸਿਸ ਦੇ ਐੱਮਡੀ ਅਤੇ ਸੀਈਓ ਸਲਿਲ ਪਾਰੇਖ ਨੂੰ ਸੰਮਨ ਭੇਜ ਕੇ ਉਨ੍ਹਾਂ ਤੋਂ ਇਨਕਮ ਟੈਕਸ ਦੇ ਈ-ਫਾਈਲਿੰਗ ਪੋਰਟਲ ਵਿਚ ਆ ਰਹੀ ਗੜਬੜੀ ਦੇ ਬਾਰੇ ਵਿਚ ਜਾਣਕਾਰੀ ਦੇਣ ਲਈ ਕਿਹਾ ਹੈ। ਸੰਮਨ ‘ਚ ਲਿਖਿਆ ਗਿਆ ਹੈ ਕਿ ਸਲਿਲ 23 ਅਗਸਤ (ਸੋਮਵਾਰ) ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਦੱਸਣ ਕਿ ਢਾਈ ਮਹੀਨੇ ਬਾਅਦ ਵੀ ਪੋਰਟਲ ‘ਚ ਗੜਬੜੀ ਕਿਉਂ ਜਾਰੀ ਹੈ। ਪੋਰਟਲ ਨੂੰ ਦੇਸ਼ ਦੀ ਨਾਮੀ ਆਈਟੀ ਕੰਪਨੀ ਇੰਫੋਸਿਸ ਨੇ ਬਣਾਇਆ ਹੈ। 7 ਜੂਨ ਨੂੰ ਇਸ ਨੂੰ ਲਾਂਚ ਕੀਤਾ ਗਿਆ ਸੀ। ਮਾਹਿਰਾਂ ਮੁਤਾਬਕ ਪੋਰਟਲ ‘ਤੇ 90 ਵੱਖ-ਵੱਖ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਹਨ, ਜਿਨ੍ਹਾਂ ਨੂੰ ਛੇਤੀ ਹੀ ਦੂਰ ਕੀਤੇ ਜਾਣ ਦੀ ਲੋੜ ਹੈ। ਕਰਦਾਤਿਆਂ ਨੂੰ ਫਾਈਲਿੰਗ ‘ਚ ਆ ਰਹੀਆਂ ਦਿੱਕਤਾਂ ਨੂੰ ਦੇਖਦੇ ਹੋਏ ਆਮਦਨ ਕਰ ਵਿਭਾਗ ਨੂੰ ਨਾ ਸਿਰਫ਼ ਰਿਫੰਡ ਵਾਪਸੀ ਲਈ ਮੈਨੂਅਲ ਫਾਈਲਿੰਗ ਦੀ ਇਜਾਜ਼ਤ ਦੇਣੀ ਪਈ ਬਲਕਿ ਪੈਨਸ਼ਨ ਫੰਡ ਅਤੇ ਸਾਵਰੇਨ ਵੈਲਥ ਫੰਡ ਨਾਲ ਸਬੰਧਤ ਫਾਰਮ ਦੀ ਇਲੈਕਟ੍ਰਾਨਿਕ ਫਾਈਲਿੰਗ ਲਈ ਤੈਅ ਤਰੀਕਾਂ ਨੂੰ ਅੱਗੇ ਵਧਾਉਣਾ ਪਿਆ।
ਪੋਰਟਲ ‘ਚ ਆ ਰਹੀਆਂ ਦਿੱਕਤਾਂ ਨੂੰ ਦੇਖਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 22 ਜੂਨ ਨੂੰ ਇੰਫੋਸਿਸ ਦੇ ਪ੍ਰਮੁੱਖ ਅਧਿਕਾਰੀਆਂ ਦੀ ਬੈਠਕ ਬੁਲਾਈ ਸੀ। ਉਸ ਸਮੇਂ ਵਿੱਤ ਮੰਤਰੀ ਨੇ ਇੰਫੋਸਿਸ ਤੋਂ ਸਾਰੀਆਂ ਸ਼ਿਕਾਇਤਾਂ ਨੂੰ ਤਰਜੀਹ ਦੇ ਆਧਾਰ ‘ਤੇ ਨਿਪਟਾਉਣ ਲਈ ਕਿਹਾ ਸੀ। ਬੈਠਕ ਤੋਂ ਬਾਅਦ ਇਕ ਬਿਆਨ ‘ਚ ਕਿਹਾ ਗਿਆ ਸੀ ਕਿ ਕੰਪਨੀ ਦੇ ਸੀਈਓ ਸਲਿਲ ਪਾਰੇਖ ਅਤੇ ਸੀਓਓ ਪ੍ਰਵੀਣ ਰਾਓ ਨੇ ਉਠਾਏ ਗਏ ਮੁੱਦਿਆਂ ਨੂੰ ਸਵੀਕਾਰ ਕੀਤਾ ਹੈ।