ਬੀਜਿੰਗ – ਚੀਨ ਤੇ ਪਾਕਿਸਤਾਨ ਦੀ ਅਫ਼ਗਾਨਿਸਤਾਨ ‘ਚ ਤਾਲਿਬਾਨ ਸ਼ਾਸਨ ਨੂੰ ਆਲਮੀ ਮਾਨਤਾ ਦਿਵਾਉਣ ਦੀ ਰਣਨੀਤੀ ਬਾਰੇ ਮਾਹਰਾਂ ਨੇ ਦੋਵਾਂ ਦੇਸ਼ਾਂ ਨੂੰ ਚਿਰਕਾਲੀ ਨੁਕਸਾਨ ਦੀ ਚਿਤਾਵਨੀ ਦਿੱਤੀ ਹੈ।15 ਅਗਸਤ ਨੂੰ ਤਾਲਿਬਾਨ ਵੱਲੋਂ ਕਾਬੁਲ ‘ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਚੀਨ ਤੇ ਪਾਕਿਸਤਾਨ ਨੇ ਅਫ਼ਗਾਨਿਸਤਾਨ ਬਾਰੇ ਦੂਜੇ ਦੇਸ਼ਾਂ ਨਾਲ ਸੰਪਰਕ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਤਾਲਿਬਾਨ ਦੀ ਵਾਪਸੀ ਦੀ ਚਿੰਤਾ ਬਣੀ ਹੋਈ ਹੈ। ਇਸ ਦੇ ਉਦੈ ਨਾਲ ਅਲਕਾਇਦਾ ਤੇ ਇਸਲਾਮਿਕ ਸਟੇਟ ਵਰਗੇ ਅੱਤਵਾਦੀ ਸਮੂਹ ਫਿਰ ਤੋਂ ਸਿਰ ਚੁੱਕ ਸਕਦੇ ਹਨ।
ਹਾਂਗਕਾਂਗ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਇਕ ਲੇਖ ‘ਚ ਕੁਝ ਪਾਕਿਸਤਾਨੀ ਮਾਹਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਾਕਿਸਤਾਨ ਅਕਸਰ ਕਹਿੰਦਾ ਰਿਹਾ ਹੈ ਕਿ ਅਫ਼ਗਾਨਿਸਤਾਨ ‘ਚ ਉਸ ਦਾ ਕੋਈ ਪਸੰਦੀਦਾ ਸਹਿਯੋਗੀ ਨਹੀਂ ਹੈ। ਪਰ ਇਸ ਦੇ ਬਾਵਜੂਦ ਪਾਕਿਸਤਾਨੀ ਸਰਕਾਰ ਤਾਲਿਬਾਨ ਦੀ ਵਾਪਸੀ ਨਾਲ ਸਹਿਜ ਨਜ਼ਰ ਆ ਰਹੀ ਹੈ। ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਦੇ ਕੁਝ ਹੀ ਘੰਟਿਆਂ ਬਾਅਦ ਪਾਕਿਸਤਾਨ ਦੇ ਪੀਐੱਮ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਅਫ਼ਗਾਨ ਲੋਕਾਂ ਨੇ ਪੱਛਮ ਦੀ ਗ਼ੁਲਾਮੀ ਦੀਆਂ ਬੇੜੀਆਂ ਤੋੜ ਦਿੱਤੀਆਂ।
ਲੇਖ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਖ਼ਾਸ ਤੌਰ ‘ਤੇ ਚੀਨ ਤੇ ਰੂਸ ਦੇ ਕਰੀਬ ਮੰਨੇ ਜਾਣ ਵਾਲੇ ਕੌਮਾਂਤਰੀ ਭਾਈਚਾਰੇ ਨਾਲ ਤਾਲਿਬਾਨ ਨਾਲ ਸਮੂਹਿਕ ਸਫ਼ਾਰਤੀ ਸਬੰਧ ਸਥਾਪਿਤ ਕਰਨ ਲਈ ਪੈਰਵੀ ਕਰ ਰਿਹਾ ਹੈ। ਉਹ ਅਫ਼ਗਾਨਿਸਤਾਨ ‘ਚ ਮਿਲਿਆ ਜੁਲਿਆ ਪ੍ਰਸ਼ਾਸਨ ਯਕੀਨੀ ਬਣਾਉਣ, ਅੱਤਵਾਦੀ ਹਮਲਿਆਂ ਨੂੰ ਰੋਕਣ ਤੇ ਅੌਰਤਾਂ ਨੂੰ ਸਿੱਖਿਆ ਤੇ ਰੁਜ਼ਗਾਰ ਦੀ ਇਜਾਜ਼ਤ ਦੇਣ ਦੇ ਵਾਅਦੇ ‘ਤੇ ਤਾਲਿਬਾਨ ਲਈ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਬਰਤਾਨੀਆ, ਸੰਯੁਕਤ ਰਾਸ਼ਟਰ ਤੇ ਅਮਰੀਕਾ ‘ਚ ਪਾਕਿਸਤਾਨ ਦੀ ਸਾਬਕਾ ਰਾਜਦੂਤ ਮਲੀਹਾ ਲੋਧੀ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਗੁਆਂਢੀ ਦੇਸ਼ ‘ਚ ਸ਼ਾਂਤੀ ਨਾਲ ਸਭ ਤੋਂ ਵੱਧ ਲਾਭ ਤੇ ਸੰਘਰਸ਼ ਤੇ ਅਸਥਿਰਤਾ ਨਾਲ ਸਭ ਤੋਂ ਵੱਧ ਨੁਕਸਾਨ ਉਠਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਆਪਣੀ ਪੱਛਮੀ ਸਰਹੱਦ ‘ਤੇ ਸਥਿਰਤਾ ਨਾਲ ਉਦੋਂ ਹੀ ਫ਼ਾਇਦਾ ਹੋਵੇਗਾ, ਜਦੋਂ ਤਾਲਿਬਾਨ ਨਾਲ ਅਸਰਦਾਰ ਢੰਗ ਨਾਲ ਸ਼ਾਸਨ ਕਰਨ, ਹੋਰ ਜਾਤੀ ਸਮੂਹਾਂ ਨੂੰ ਸ਼ਾਮਲ ਕਰਨ ਤੇ ਦੀਰਘਕਾਲੀ ਸ਼ਾਂਤੀ ਸਥਾਪਿਤ ਕਰਨ ‘ਚ ਸਮਰੱਥ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਜੇਕਰ ਉਹ ਅਜਿਹਾ ਕਰਨ ‘ਚ ਅਸਮਰੱਥ ਰਿਹਾ ਤਾਂ ਅਫ਼ਗਾਨਿਸਤਾਨ ਨੂੰ ਬੇਯਕੀਨੀ ਭਰੇ ਤੇ ਅਸਥਿਰਤ ਭਵਿੱਖ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਹੜਾ ਪਾਕਿਸਤਾਨ ਦੇ ਹਿੱਤ ‘ਚ ਨਹੀਂ ਹੋਵੇਗਾ।
ਸਿੰਗਾਪੁਰ ‘ਚ ਐੱਸ ਰਾਜਾਰਤਨਮ ਸਕੂਲ ਆਫ ਇੰਟਰਨੈਸ਼ਨਲ ਸਟਡੀਜ਼ (ਆਰਐੱਸਆਈਐੱਸ) ਦੇ ਇਕ ਰਿਸਰਚ ਫੈਲੋ ਅਬਦੁੱਲ ਬਾਸਿਤ ਨੇ ਕਿਹਾ ਕਿ ਪਾਕਿਸਤਾਨ ਤਾਲਿਬਾਨ ਦੀ ਮਦਦ ਕਰਕੇ ਭਾਰਤ ਨੂੰ ਅਫ਼ਗਾਨਿਸਤਾਨ ਤੋਂ ਬਾਹਰ ਰੱਖਣਾ ਚਾਹੁੰਦਾ ਸੀ। ਦੂਜੇ ਪਾਸੇ ਤਾਲਿਬਾਨ ਦਾ ਮਕਸਦ ਪਾਕਿਸਤਾਨ ‘ਚ ਮਿਲੀ ਪਨਾਹ ਦਾ ਲਾਭ ਲੈ ਕੇ ਅਮਰੀਕਾ ਨੂੰ ਅਫ਼ਗਾਨਿਸਤਾਨ ਤੋਂ ਬਾਹਰ ਕਰਨਾ ਸੀ।