ਸਿੰਗਾਪੁਰ – ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਚੀਨ ‘ਤੇ ਦੱਖਣੀ ਚੀਨ ਸਾਗਰ ‘ਚ ਨਾਜਾਇਜ਼ ਤਰੀਕੇ ਨਾਲ ਆਪਣੇ ਦਾਅਵਾ ਕਰਦਿਆਂ ਖੇਤਰੀ ਦੇਸ਼ਾਂ ਨੂੰ ਧਮਕਾਉਣ ਤੇ ਉਨ੍ਹਾਂ ‘ਤੇ ਦਬਾਅ ਪਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੱਖਣ-ਪੂਰਬੀ ਏਸ਼ੀਆ ਦੇ ਦੌਰੇ ਦੌਰਾਨ ਪਹਿਲੀ ਵਾਰ ਚੀਨ ‘ਤੇ ਇੰਨਾ ਸਖ਼ਤ ਵਾਰ ਕੀਤਾ ਹੈ।
ਸਿੰਗਾਪੁਰ ਤੇ ਵੀਅਤਨਾਮ ਦੀ ਸੱਤ ਦਿਨਾ ਯਾਤਰਾ ਦੌਰਾਨ ਹੈਰਿਸ ਨੇ ਚੀਨ ਦੇ ਸੁਰੱਖਿਆ ਵਧਾਉਣ ਅਤੇ ਆਰਥਿਕ ਪ੍ਰਭਾਵ ਕਾਰਨ ਗਹਿਰੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਵਾਦਤ ਖੇਤਰਾਂ ਦੇ ਹੱਲ ਲਈ ਅਮਰੀਕਾ ਅੱਗੇ ਆ ਸਕਦਾ ਹੈ। ਉਨ੍ਹਾਂ ਕਿਹਾ ਕਿ 21 ਮੈਂਬਰੀ ਏਸ਼ੀਆ ਪ੍ਰਸ਼ਾਂਤ ਵਪਾਰ ਸਮੂਹ ਏਪੇਕ ‘ਚ ਅਮਰੀਕਾ, ਚੀਨ ਤੇ ਰੂਸ ਸ਼ਾਮਲ ਹਨ। ਅਮਰੀਕਾ ਨੇ ਇਸ ਬੈਠਕ ਦੀ ਮੇਜ਼ਬਾਨੀ 2023 ‘ਚ ਕਰਨ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਦੱਖਣੀ ਚੀਨ ਸਾਗਰ ਦੇ ਵੱਡੇ ਹਿੱਸੇ ‘ਤੇ ਆਪਣਾ ਦਾਅਵਾ ਕਰਨਾ, ਧਮਕਾਉਣਾ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਸ ਦੇ ਇਨ੍ਹਾਂ ਨਾਜਾਇਜ਼ ਦਾਅਵਿਆਂ ਨੂੰ 2016 ‘ਚ ਹੀ ਹੇਗ ਵਿਚ ਕੌਮਾਂਤਰੀ ਟਿ੍ਬਿਊਨਲ ਨੇ ਖ਼ਾਰਿਜ ਕਰ ਦਿੱਤਾ ਹੈ। ਪਰ ਚੀਨ ਨੇ ਇਸ ਫ਼ੈਸਲੇ ਨੂੰ ਠੁਕਰਾਉਂਦੇ ਹੋਏ ਅਖੌਤੀ ਨਾਈਨ ਡੈਸ਼ ਲਾਈਨ ਦੇ ਜਲ ਖੇਤਰ ਨੂੰ ਆਪਣੇ ਨਕਸ਼ੇ ‘ਚ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਇਸ ਖੇਤਰ ‘ਚ ਬਰੂਨੇਈ, ਮਲੇਸ਼ੀਆ, ਫਿਲਪੀਨਜ਼ ਤੇ ਵੀਅਤਨਾਮ ਦੇ ਕੁਝ ਹਿੱਸੇ ਆਉਂਦੇ ਹਨ। ਇਸ ਦਰਮਿਆਨ, ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਾਂਗ ਵੇਨਬਿਨ ਨੇ ਹੈਰਿਸ ਦੇ ਬਿਆਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕੀ ਅਮਰੀਕਾ ਅਫ਼ਗਾਨਿਸਤਾਨ ‘ਚ ਦਖ਼ਲ ਦੇਣਾ ਤੇ ਫਿਰ ਆਪਣੀਆਂ ਫ਼ੌਜਾਂ ਨੂੰ ਵਾਪਸ ਲੈ ਜਾਣਾ ਕੀ ਕੌਮਾਂਤਰੀ ਨਿਯਮਾਂ ‘ਤੇ ਅਧਾਰਤ ਹੈ? ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ‘ਚ ਜੋ ਕੁਝ ਵੀ ਹੋ ਰਿਹਾ ਹੈ ਉਹ ਦੱਸਦਾ ਹੈ ਕਿ ਕੌਮਾਂਤਰੀ ਨਿਯਮਾਂ ਦਾ ਪਾਲਣ ਕਰਨ ਦਾ ਤਰੀਕਾ ਕੀ ਹੈ।