ਨਵੀਂ ਦਿੱਲੀ – ਇੰਗਲੈਂਡ ਦੇ ਮੌਜੂਦਾ ਦੌਰੇ ਦੌਰਾਨ ਲੀਡਜ਼ ਦੇ ਹੇਡਿੰਗਲੇ ਸਟੇਡੀਅਮ ਵਿਚ ਬੁੱਧਵਾਰ ਤੋਂ ਸ਼ੁਰੂ ਹੋਏ ਤੀਜੇ ਟੈਸਟ ਦੀ ਪਹਿਲੀ ਪਾਰੀ ਵਿਚ ਟੀਮ ਇੰਡੀਆ ਸਿਰਫ਼ 78 ਦੌੜਾਂ ‘ਤੇ ਹੀ ਸਿਮਟ ਗਈ। ਭਾਰਤ ਵੱਲੋਂ ਸਿਰਫ਼ ਰੋਹਿਤ ਸ਼ਰਮਾ (19) ਤੇ ਅਜਿੰਕੇ ਰਹਾਣੇ (18) ਹੀ ਦੋ ਅੰਕਾਂ ਵਿਚ ਪੁੱਜ ਸਕੇ।
ਇੰਗਲੈਂਡ ਵੱਲੋਂ ਜੇਮਜ਼ ਐਂਡਰਸਨ (3/06) ਸਭ ਤੋਂ ਕਾਮਯਾਬ ਗੇਂਦਬਾਜ਼ ਰਹੇ। ਇਸ ਨਾਲ ਹੀ ਭਾਰਤੀ ਕਪਤਾਨ ਵਿਰਾਟ ਕੋਹਲੀ 50 ਅੰਤਰਰਾਸ਼ਟਰੀ ਪਾਰੀਆਂ ਵਿਚ ਸੈਂਕੜਾ ਨਹੀਂ ਲਾ ਸਕੇ ਹਨ। 78 ਦੌੜਾਂ ਦਾ ਸਕੋਰ ਇੰਗਲੈਂਡ ਖ਼ਿਲਾਫ਼ ਭਾਰਤ ਦਾ ਤੀਜਾ ਘੱਟੋ ਘੱਟ ਸਕੋਰ ਹੈ। ਇਸ ਤੋਂ ਪਹਿਲਾਂ 1974 ਵਿਚ ਲਾਰਡਜ਼ ਵਿਚ ਟੀਮ ਇੰਡੀਆ 42 ਜਦਕਿ 1952 ਵਿਚ ਮਾਨਚੈਸਟਰ ਵਿਚ 58 ਦੌੜਾਂ ‘ਤੇ ਸਿਮਟ ਗਈ ਸੀ।