ਕਾਬੁਲ – ਅਫ਼ਗਾਨਿਸਤਾਨ ਵਿਚ ਹੁਣ ਮੌਲਵੀ ਨਵੀਂ ਸਰਕਾਰ ਚਲਾਉਣਗੇ। ਕਾਬੁਲ ’ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਨੇ ਕਿਹਾ ਹੈ ਕਿ ਆਗਾਮੀ ਸਰਕਾਰ ਦੀ ਅਗਵਾਈ ਮੌਲਵੀ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਕਾਬੁਲ ਵਿਚ ਇਕ ਸਭਾ ’ਚ ਤਾਲਿਬਾਨ ਨੇ ਕਿਹਾ ਕਿ 20 ਸਾਲਾਂ ਦਾ ਉਨ੍ਹਾਂ ਦਾ ਸੰਘਰਸ਼ ਬੇਕਾਰ ਨਹੀਂ ਜਾਣਾ ਚਾਹੀਦਾ ਅਤੇ ਮੌਲਵੀਆਂ ਨੂੰ ਅਫ਼ਗਾਨਿਸਤਾਨ ਦੀ ਸਰਕਾਰ ਦੀ ਅਗਵਾਈ ਕਰਨੀ ਚਾਹੀਦੀ।
ਅੱਤਵਾਦੀ ਸੰਗਠਨ ਨੇ ਇਕ ਮਜ਼ਬੂਤ ਸਿਆਸੀ ਵਿਵਸਥਾ ਦੇ ਨਿਰਮਾਣ ਵਿਚ ਸਹਿਯੋਗ ਲਈ ਮੌਲਵੀਆਂ ਦੀ ਇਹ ਸਭਾ ਬੁਲਾਈ ਸੀ। ਤਾਲਿਬਾਨ ਨੇ ਆਮ ਲੋਕਾਂ ਤੋਂ ਵੀ ਨਵੀਂ ਸਰਕਾਰ ਲਈ ਸਹਿਯੋਗ ਮੰਗਿਆ ਹੈ। ਅਫ਼ਗਾਨਿਸਤਾਨ ਦੀ ਸਮਾਚਾਰ ਏਜੰਸੀ ਖਾਮਾ ਪ੍ਰੈੱਸ ਦੇ ਮੁਤਾਬਕ ਤਾਲਿਬਾਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਕਿਹਾ ਹੈ ਕਿ ਉਹ ਮਿਲੀ-ਜੁਲੀ ਸਰਕਾਰ ਬਣਾ ਰਹੇ ਹਨ, ਜਿਸ ਵਿਚ ਸਾਰੇ ਲੋਕਾਂ ਦੇ ਅਧਿਕਾਰ ਸੁਰੱਖਿਅਤ ਰਹਿਣਗੇ। ਮੁਜਾਹਿਦ ਨੇ ਕਿਹਾ, ਭੇਦਭਾਵਪੂਰਨ, ਭਾਸ਼ਾਈ ਅਤੇ ਫਿਰਕੂ ਮੁੱਲਾਂ ਦੇ ਬਾਵਜੂਦ ਲੋਕਾਂ ਨੂੰ ਨਾਲ ਆਉਣਾ ਚਾਹੀਦਾ ਅਤੇ ਇਕ ਅਫ਼ਗਾਨ ਦੇ ਰੂਪ ਵਿਚ ਅਫ਼ਗਾਨਿਸਤਾਨ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ। ਮੁਜਾਹਿਦ ਨੇ ਇਨ੍ਹਾਂ ਦੋਸ਼ਾਂ ਨੂੰ ਵੀ ਖਾਰਿਜ ਕੀਤਾ ਕਿ ਤਾਲਿਬਾਨ ਦੂਜੇ ਦੇਸ਼ਾਂ ਨੂੰ ਹਥਿਆਰ ਤੇ ਫ਼ੌਜੀ ਗੱਡੀਆਂ ਦੀ ਤਸਕਰੀ ਕਰ ਰਹੇ ਹਨ।