ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਨੇ ਇਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਇਨਫੈਕਸ਼ਨ ਦੇ ਨਵੇਂ ਮਾਮਲਿਆਂ ’ਚ ਅਚਾਨਕ ਇਕ ਦਿਨ ’ਚ 12 ਹਜ਼ਾਰ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਤੇ ਪਿਛਲੇ 24 ਘੰਟਿਆਂ ’ਚ 37 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਹਨ। ਓਨਮ ਤੋਂ ਬਾਅਦ ਕੇਰਲ ’ਚ ਵੀ ਹਾਲਾਤ ਹੋਰ ਖ਼ਰਾਬ ਹੋ ਗਏ ਹਨ ਤੇ ਸੂਬੇ ’ਚ 24 ਹਜ਼ਾਰ ਤੋਂ ਜ਼ਿਆਦਾ ਮਰੀਜ਼ ਮਿਲੇ ਹਨ ਜੋ ਕੁੱਲ ਨਵੇਂ ਮਾਮਲਿਆਂ ਦਾ 65 ਫ਼ੀਸਦੀ ਤੋਂ ਵੀ ਜ਼ਿਆਦਾ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਇਕ ਦਿਨ ’ਚ 648 ਲੋਕਾਂ ਦੀ ਮੌਤ ਹੋਈ ਹੈ ਜੋ ਇਕ ਦਿਨ ਪਹਿਲਾਂ ਦੇ 354 ਦੇ ਮੁਕਾਬਲੇ ਲਗਪਗ ਦੁੱਗਣਾ ਹੈ। ਇਨ੍ਹਾਂ ’ਚੋਂ 288 ਮੌਤਾਂ ਮਹਾਰਾਸ਼ਟਰ ਤੇ 173 ਕੇਰਲ ’ਚ ਹੋਈਆਂ ਹਨ। ਇਸ ਦੌਰਾਨ ਠੀਕ ਹੋਣ ਵਾਲੇ ਮਰੀਜ਼ਾਂ ਤੋਂ ਜ਼ਿਆਦਾ ਨਵੇਂ ਮਾਮਲੇ ਮਿਲਣ ਨਾਲ ਸਰਗਰਮ ਮਾਮਲੇ ਵੀ ਲਗਪਗ ਤਿੰਨ ਹਜ਼ਾਰ ਵਧੇ ਹਨ ਤੇ ਕੁੱਲ ਸਰਗਰਮ ਮਾਮਲੇ 322327 ਹੋ ਗਏ ਹਨ ਜੋ ਕੁੱਲ ਮਾਮਲਿਆਂ ਦਾ 0.99 ਫ਼ੀਸਦੀ ਹੈ। ਮਰੀਜ਼ਾਂ ਦੇ ਉਭਰਨ ਦੀ ਦਰ ’ਚ ਮਾਮੂਲੀ ਗਿਰਾਵਟ ਆਈ ਹੈ ਤੇ ਇਕ ਦਿਨ ਪਹਿਲਾਂ ਦੇ 97.68 ਫ਼ੀਸਦੀ ਦੇ ਮੁਕਾਬਲੇ ਇਹ 97.67 ਫ਼ੀਸਦੀ ਦਰਜ ਕੀਤੀ ਗਈ ਹੈ।