ਕਾਬੁਲ – ਕਾਬੁਲ ਹਵਾਈ ਅੱਡੇ ’ਤੇ ਬੰਬ ਧਮਾਕਾ ਹੋਣ ਦੀ ਖ਼ਬਰ ਹੈ, ਜਿਸ ’ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸਮਾਚਾਰ ਏਜੰਸੀ ਏਐੱਨਆਈ ਨੇ ਪੈਂਟਾਗਨ ਦੇ ਪ੍ਰੈੱਸ ਸਕੱਤਰ ਜਾਨ ਕਿਰਬੀ ਦੇ ਹਵਾਲੇ ਨਾਲ ਦੱਸਿਆ ਕਿ ਇਹ ਧਮਾਕਾ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਇਆ ਹੈ। ਫਿਲਹਾਲ ਜ਼ਖ਼ਮੀਆਂ ਦੀ ਗਿਣਤੀ ਸਪੱਸ਼ਟ ਨਹੀਂ ਹੋ ਸਕੀ।ਉੱਥੇ, ਤੁਰਕੀ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਕਾਬੁਲ ਹਵਾਈ ਅੱਡੇ ਦੇ ਬਾਹਰ ਦੋ ਬੰਬ ਧਮਾਕੇ ਹੋਏ ਹਨ।ਜ਼ਿਕਰਯੋਗ ਹੈ ਕਿ ਆਸਟ੍ਰੇਲੀਆ, ਅਮਰੀਕਾ ਅਤੇ ਬਰਤਾਨੀਆ ਸਮੇਤ ਕਈ ਹੋਰ ਸਹਿਯੋਗੀ ਦੇਸ਼ਾਂ ਵੱਲੋਂ ਇਸ ਬਾਰੇ ਅਲਰਟ ਜਾਰੀ ਕੀਤਾ ਗਿਆ ਸੀ।
ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਕਾਬੁਲ ਹਵਾਈ ਅੱਡੇ ਤੋਂ ਦੂਰ ਹੀ ਰਹਿਣ। ਬਰਤਾਨਵੀ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵੱਲੋਂ ਕਾਬੁਲ ਹਵਾਈ ਅੱਡੇ ’ਤੇ ਮੌਜ਼ੂਦ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾ ਸਕਦੇ ਹਨ। ਇਹੀ ਨਹੀਂ, ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਵੱਲੋਂ ਵੀ ਲੋਕਾਂ ਨੂੰ ਚੌਕਸ ਕੀਤਾ ਗਿਆ ਸੀ।
ਕਾਬੁਲ ’ਚ ਅਮਰੀਕੀ ਦੂਤਘਰ ਵੱਲੋਂ ਜਾਰੀ ਅਲਰਟ ’ਚ ਕਿਹਾ ਗਿਆ ਸੀ ਕਿ ਅਮਰੀਕੀ ਅਤੇ ਅਫ਼ਗਾਨ ਨਾਗਰਿਕ ਹਵਾਈ ਅੱਡੇ ਵੱਲੋਂ ਯਾਤਰਾ ਕਰਨੀ ਟਾਲ ਦੇਣ। ਇਹੀ ਨਹੀਂ, ਹਵਾਈ ਅੱਡੇ ਦੇ ਗੇਟ ’ਤੇ ਜੋ ਵੀ ਲੋਕ ਪਹਿਲਾਂ ਤੋਂ ਮੌਜ਼ੂਦ ਹਨ, ਉਹ ਤੁਰੰਤ ਉੱਥੋਂ ਦੂਰ ਚਲੇ ਜਾਣ। ਆਸਟ੍ਰੇਲੀਆ ਨੇ ਵੀ ਲੋਕਾਂ ਨੂੰ ਚੌਕਸ ਕਰਦੇ ਹੋਏ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ।
ਬਰਤਾਨੀਆ ਦੇ ਹਥਿਆਰਬੰਦ ਬਲਾਂ ਦੇ ਮੰਤਰੀ ਜੇਮਸ ਹੈਪੀ ਨੇ ਕਿਹਾ ਸੀ ਕਿ ਕਾਬੁਲ ਏਅਰਪੋਰਟ ’ਤੇ ਅੱਤਵਾਦੀ ਹਮਲੇ ਨੂੰ ਲੈ ਕੇ ਰਿਪੋਰਟ ਆਈ ਹੈ। ਇਸ ਤਰ੍ਹਾਂ ਲੋਕਾਂ ਨੂੰ ਏਅਰਪੋਰਟ ਤੋਂ ਦੂਰ ਚਲੇ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਇਹ ਖ਼ਤਰਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵੱਲੋਂ ਕੀਤਾ ਗਿਆ ਹੈ। ਨਾਟੋ ਦੇ ਡਿਪਲੋਮੈਟ ਅਤੇ ਤਾਲਿਬਾਨੀ ਆਗੂਆਂ ਵੱਲੋਂ ਵੀ ਕਾਬੁਲ ਏਅਰਪੋਰਟ ਦੇ ਇਲਾਕੇ ’ਚ ਆਈਐੱਸ ਵੱਲੋਂ ਹਮਲੇ ਦਾ ਖ਼ਤਰਾ ਹੋਣ ਦੀ ਗੱਲ ਆਖੀ ਗਈ ਸੀ।