ਚੰਡੀਗੜ੍ਹ – ਇਕ ਦਿਨਾ ਮੌਨਸੂਨ ਸੈਸ਼ਨ ਬੁਲਾ ਕੇ ਕੈਪਟਨ ਸਰਕਾਰ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਏ ਹਨ। ਪੰਜਾਬ ਵਜ਼ਾਰਤ ਨੇ ਤਿੰਨ ਸਤੰਬਰ ਨੂੰ ਇਕ ਦਿਨਾ ਵਿਸ਼ੇਸ਼ ਇਜਲਾਸ ਬੁਲਾ ਕੇ ਜਿੱਥੇ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਲਈ ਹੈ, ਉਥੇ ਰਾਜਨੀਤਕ ਵਿਰੋਧੀਆਂ ਦੀਆਂ ਸਾਰੀਆਂ ਚਾਲਾਂ ਪੁੱਠੀਆਂ ਪਾ ਦਿੱਤੀਆਂ ਹਨ। ਕੈਪਟਨ ਸਰਕਾਰ ਦਾ ਇਹ ਆਖ਼ਰੀ ਸੈਸ਼ਨ ਹੋਣ ਕਾਰਨ ਸੈਸ਼ਨ ਕਾਫ਼ੀ ਹੰਗਾਮਾ ਭਰਪੂਰ ਰਹਿਣ ਦੀਆਂ ਸੰਭਾਵਨਾਵਾਂ ਸਨ।
ਸਰਕਾਰ ਨੂੰ ਖੁਫ਼ੀਆ ਕਨਸੋਆਂ ਮਿਲ ਰਹੀਆਂ ਸਨ ਕਿ ਸੈਸ਼ਨ ਵਿਚ ਮੁੱਖ ਮੰਤਰੀ ਖਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਸਰਕਾਰ ਨੇ ਜਿੱਥੇ ਸੰਵਿਧਾਨ ਦੀ ਧਾਰਾ 174 (1) ਤਹਿਤ ਛੇ ਮਹੀਨੇ ਦੇ ਅੰਦਰ-ਅੰਦਰ ਸੈਸ਼ਨ ਬੁਲਾਉਣ ਦੀ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਹੈ, ਉਥੇ ਇਕ ਦਿਨਾ ਸੈਸ਼ਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰ ਦਿੱਤਾ ਹੈ। ਯਾਨੀ ਵਿਸ਼ੇਸ਼ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ’ਤੇ ਹੀ ਚਰਚਾ ਕੀਤੀ ਜਾ ਸਕੇਗੀ। ਕੋਈ ਸਵਾਲ ਜਵਾਬ ਜਾਂ ਹੋਰ ਪ੍ਰਸਤਾਵ ਪੇਸ਼ ਨਹੀਂ ਕੀਤਾ ਜਾ ਸਕੇਗਾ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਕ ਦਿਨਾ ਸੈਸ਼ਨ ਬੁਲਾਉਣ ਦੀ ਕੈਪਟਨ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੂੰ ਡਰ ਸੀ ਕਿ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਮਤਾ ਆ ਸਕਦਾ ਹੈ। ਚੀਮਾ ਨੇ ਕਿਹਾ ਕਿ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਤੇ ਹੋਰ ਵਿਧਾਇਕ ਮੁੱਖ ਮੰਤਰੀ ’ਤੇ ਭਰੋਸਾ ਨਾ ਹੋਣ ਦੀ ਗੱਲ ਆਖ ਚੁੱਕੇ ਹਨ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਅੰਮ੍ਰਿਤਸਰ ਸਥਿਤ ਘਰ ਵਿਚ ਹੋਈ ਮੀਟਿੰਗ ’ਚ 57 ਵਿਧਾਇਕਾਂ ਨੇ ਦਸਤਖ਼ਤ ਕਰਕੇ ਕਾਂਗਰਸ ਪ੍ਰਧਾਨ ਦੇ ਅਹੁਦਾ ਸੰਭਾਲਣ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਡਰ ਸੀ ਕਿ ਉਨ੍ਹਾਂ ਦੀ ਮੁੱਖ ਮੰਤਰੀ ਦੀ ਕੁਰਸੀ ਜਾ ਸਕਦੀ ਹੈ।
ਕਾਂਗਰਸੀ ਮੰਤਰੀ ਤੇ ਵਿਧਾਇਕ ਸ਼ਰ੍ਹੇਆਮ ਮੁੱਖ ਮੰਤਰੀ ’ਤੇ ਭਰੋਸਾ ਨਾ ਹੋਣ ਤੇ ਅਕਾਲੀ ਦਲ ਨਾਲ ਮਿਲੇ ਹੋਏ ਦਾ ਦੋਸ਼ ਲਾ ਕੇ ਹਾਈਕਮਾਨ ਤੋਂ ਮੁੱਖ ਮੰਤਰੀ ਬਦਲਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਲੋਕਤੰਤਰ ਦਾ ਕਤਲ ਕੀਤਾ ਹੈ। ਉਨ੍ਹਾਂ ਪੰਦਰਾਂ ਦਿਨਾਂ ਦਾ ਸੈਸ਼ਨ ਬੁਲਾਉਣ ਅਤੇ ਸਦਨ ਦੀ ਕਾਰਵਾਈ ਟੈਲੀਕਾਸਟ ਕਰਨ ਦੀ ਮੰਗ ਕੀਤੀ ਹੈ।
ਸਭ ਤੋਂ ਅਹਿਮ ਗੱਲ ਹੈ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਪਹਿਲਾਂ ਹੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਬਿਜਲੀ ਸਮਝੌਤੇ ਰੱਦ ਕਰਨ ਲਈ ਪ੍ਰਸਤਾਵ ਲਿਆਉਣ ਦੀ ਗੱਲ ਕਹਿ ਰਹੇ ਹਨ। ਆਗਾਮੀ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੀ ਸਰਕਾਰ ਨੂੰ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਦੇ ਮੁੱਦੇ ’ਤੇ ਘੇਰਨ ਦੀ ਤਿਆਰੀ ਵਿਚ ਸਨ। ਸੱਤਾ ਧਿਰ ਦੇ ਵਿਧਾਇਕ ਵੀ ਮਾਫ਼ੀਆ ਰਾਜ, ਬੇਲਗਾਮ ਅਫਸਰਸ਼ਾਹੀ ਸਮੇਤ ਕਈ ਹੋਰ ਮੁੱਦਿਆਂ ਨੂੰ ਲੈ ਕੇ ਨਿਰਾਸ਼ ਹਨ ਜਿਸ ਕਰਕੇ ਸੈਸ਼ਨ ਕਾਫੀ ਹੰਗਾਮਾ ਭਰਪੂਰ ਰਹਿ ਸਕਦਾ ਸੀ।
ਸੰਵਿਧਾਨਕ ਮਸਲਿਆਂ ਦੇ ਮਾਹਰ ਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਹਿਣ ਨੂੰ ਵਿਸ਼ੇਸ਼ ਇਜਲਾਸ ਹੈ ਪਰ ਇਸ ਸੈਸ਼ਨ ਵਿਚ ਵੀ ਬੇਭਰੋਸਗੀ ਦਾ ਮਤਾ ਆ ਸਕਦਾ ਹੈ। ਜੇ ਸਮੇਂ ਤੋਂ ਪਹਿਲਾਂ ਕੋਈ ਪਾਰਟੀ ਵਿਧਾਨ ਸਭਾ ਦੇ ਸਕੱਤਰ ਨੂੰ ਬੇਭਰੋਸਗੀ ਦਾ ਨੋਟਿਸ ਦਿੰਦੀ ਹੈ ਤਾਂ ਸਪੀਕਰ ਸਦਨ ਸਾਹਮਣੇ ਨੋਟਿਸ ਰੱਖ ਸਕਦਾ ਹੈ। ਇਸ ਲਈ 20 ਫੀਸਦੀ ਵਿਧਾਇਕਾਂ ਦੇ ਸਮਰਥਨ ਦੀ ਜ਼ਰੂਰਤ ਹੁੰਦੀ ਹੈ।
ਪੰਜਾਬ ਮੰਤਰੀ ਮੰਡਲ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 3 ਸਤੰਬਰ ਨੂੰ ਬਲਾਉਣ ਦੇ ਪ੍ਰਸਤਾਵ ’ਤੇ ਮੋਹਰ ਲਗਾ ਦਿੱਤੀ ਹੈ। ਮੰਤਰੀ ਮੰਡਲ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਵਿਸ਼ੇਸ਼ ਇਜਲਾਸ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਇਤਿਹਾਸਕ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਮਰਪਿਤ ਹੋਵੇਗਾ। ਜਾਣਕਾਰੀ ਅਨੁਸਾਰ ਸੈਸ਼ਨ 10 ਵਜੇ ਸਵੇਰੇ ਸ਼ੋਕ ਮਤਿਆਂ ਨਾਲ ਸ਼ੁਰੂ ਹੋਵੇਗਾ।
ਇਸ ਤੋਂ ਬਾਅਦ ਸਵੇਰੇ 11 ਵਜੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਰਾਜਪਾਲ ਵੀਪੀ ਬਦਨੌਰ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵਿਸ਼ੇਸ਼ ਸੈਸ਼ਨ ਲਈ ਮਹਿਮਾਨ ਵਜੋਂ ਸੱਦਾ ਪੱਤਰ ਦੇਣਗੇ।