ਅੰਮ੍ਰਿਤਸਰ – ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੀ ਚੁਣੀ ਗਈ ਨਵੀਂ ਕਮੇਟੀ ਨੂੰ ਤਖ਼ਤ ਸਾਹਿਬ ਦਾ 15 ਕਿਲੋ ਸੋਨਾ ਅਤੇ 32 ਕਰੋੜ ਦੇ ਕਰੀਬ ਐੱਫਡੀ ਨਾ ਸੌਂਪਣ ਤੇ ਗਾਇਬ ਕਰਨ ਦੀ ਸ਼ਿਕਾਇਤ ਸਾਬਕਾ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਤੇ ਸਕੱਤਰ ਮਹਿੰਦਰ ਸਿੰਘ ਛਾਬੜਾ ਖ਼ਿਲਾਫ਼ ਪੁੱਜੀ ਹੈ।
ਇਹ ਸ਼ਿਕਾਇਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਾਰਵਾਈ ਲਈ ਭੇਜ ਦਿੱਤੀ ਹੈ ਜਿਸ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੜਤਾਲ ਕਰਨ ਲਈ ਕਮੇਟੀ ਦਾ ਗਠਨ ਕੀਤਾ ਹੈ।
ਗਿਆਨੀ ਰਣਜੀਤ ਸਿੰਘ ਗੌਹਰ ਨੇ ਕਿਹਾ ਕਿ ਉਪਰੋਕਤ ਮਾਮਲੇ ਨਾਲ ਸਥਾਨਕ ਸੰਗਤਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਚੋਣ ਵਿਚ ਹਾਰ ਗਿਆ ਹੈ ਤਾਂ ਨਵੀਂ ਚੋਣ ਹੋਈ ਹੈ ਤਾਂ ਚੁਣੇ ਹੋਏ ਅਹੁਦੇਦਾਰਾਂ ਨੂੰ ਕਾਰਜਭਾਰ ਸੌਂਪਣ ਦੀ ਬਜਾਏ ਸਾਬਕਾ ਜਨਰਲ ਸਕੱਤਰ ਤੇ ਸਕੱਤਰ ਦਫ਼ਤਰ ਨੂੰ ਤਾਲੇ ਮਾਰ ਕੇ ਚਾਬੀਆਂ ਘਰ ਲੈ ਗਏ ਹਨ।
ਉਨ੍ਹਾਂ ਕਿਹਾ ਕਿ ਉਥੋਂ ਦਾ ਕੰਮ-ਕਾਜ ਦਫ਼ਤਰ ਬੰਦ ਹੋਣ ਕਾਰਨ ਰੁਕ ਗਿਆ ਹੈ, ਜਿਥੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਉਥੇ ਬਾਕੀ ਕੰਮ-ਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪੜਤਾਲੀਆ ਕਮੇਟੀ ਜਲਦ ਤੋਂ ਜਲਦ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੇਗੀ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਗਲੇਰੀ ਕਾਰਵਾਈ ਲਈ ਆਦੇਸ਼ ਜਾਰੀ ਹੋ ਸਕੇ।
ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ, ਗੁਰਪ੍ਰੀਤ ਸਿੰਘ ਝੱਬਰ ਨੂੰ ਸ਼ਾਮਲ ਕੀਤਾ ਗਿਆ ਹੈ। ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਸਕੱਤਰ ਗੁਰਮੀਤ ਸਿੰਘ ਕੋਆਰਡੀਨੇਟਰ ਹੋਣਗੇ। ਇਹ ਕਮੇਟੀ ਤੁਰੰਤ ਪਟਨਾ ਸਾਹਿਬ ਜਾ ਕੇ ਪੁਰਾਣੀ ਕਮੇਟੀ ਕੋਲੋਂ ਚਾਰਜ ਲੈ ਕੇ ਨਵੀਂ ਕਮੇਟੀ ਨੂੰ ਸੌਂਪੇਗੀ।