ਕਾਬੁਲ – ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਔਰਤਾਂ ‘ਚ ਖ਼ੌਫ਼ ਹੈ। ਤਾਲਿਬਾਨ ਵੀ ਇਸ ਗੱਲ ਨੂੰ ਮੰਨ ਰਿਹਾ ਹੈ। ਉਸ ਨੇ ਇਹ ਸਵੀਕਾਰ ਕੀਤਾ ਹੈ ਕਿ ਉਸ ਦੇ ਮੌਜੂਦਾ ਸ਼ਾਸਨ ‘ਚ ਔਰਤਾਂ ਸੁਰੱਖਿਅਤ ਨਹੀਂ ਹਨ। ਇਸ ਦੇ ਨਾਲ ਹੀ ਉਸ ਨੇ ਅਫ਼ਗਾਨ ਔਰਤਾਂ ਨੂੰ ਘਰ ਤੋਂ ਹੀ ਕੰਮ ਕਰਨ ਲਈ ਫਰਮਾਨ ਜਾਰੀ ਕੀਤਾ ਹੈ।
ਸੀਐੱਨਐੱਨ ਮੁਤਾਬਕ, ਤਾਲਿਬਾਨ ਦੇ ਤਰਜਮਾਨ ਜਬੀਉੱਲਾ ਮੁਜ਼ਾਹਿਦ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਔਰਤਾਂ ਨੂੰ ਕੰਮ ਕਰਨ ਲਈ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ। ਇਹ ਉਪਾਅ ਜ਼ਰੂਰੀ ਹੈ, ਕਿਉਂਕਿ ਇਹ ਸੰਗਠਨ ਬਦਲ ਰਿਹਾ ਹੈ ਤੇ ਔਰਤਾਂ ਦਾ ਸਨਮਾਨ ਕਰਨਾ ਨਹੀਂ ਆਉਂਦਾ ਹੈ। ਤਾਲਿਬਾਨ ਆਪਣੇ ਪਹਿਲਾਂ ਦੇ ਸ਼ਾਸਨ ਦੇ ਮੁਕਾਬਲੇ ਇਸ ਵਾਰ ਔਰਤਾਂ ਪ੍ਰਤੀ ਜ਼ਿਆਦਾ ਉਦਾਰ ਰਹੇਗਾ। ਤਾਲਿਬਾਨ ਦਾ ਇਹ ਨਿਰਦੇਸ਼ ਵਿਸ਼ਵ ਬੈਂਕ ਦੇ ਉਸ ਕਦਮ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ‘ਚ ਇਸ ਬੈਂਕ ਨੇ ਅੌਰਤਾਂ ਦੀ ਸੁਰੱਖਿਆ ਨੂੰ ਲੈ ਕੇ ਅਫ਼ਗਾਨਿਸਤਾਨ ਦੀ ਵਿੱਤੀ ਮਦਦ ਰੋਕ ਦਿੱਤੀ ਹੈ। ਵਿਸ਼ਵ ਬੈਂਕ ਦੇ ਇਸ ਕਦਮ ਦੇ ਕੁਝ ਘੰਟੇ ਬਾਅਦ ਹੀ ਸੰਯੁਕਤ ਰਾਸ਼ਟਰ ਨੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ‘ਚ ਹੋਈਆਂ ਮਨੁੱਖੀ ਅਧਿਕਾਰ ਦੇ ਘਾਣ ਦੀਆਂ ਘਟਨਾਵਾਂ ਦੀ ਪਾਰਦਰਸ਼ੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਇਸ ਅੱਤਵਾਦੀ ਜਥੇਬੰਦੀ ਨੇ ਸਾਲ 1996 ਤੋਂ ਲੈ ਕੇ 2001 ਦੇ ਆਪਣੇ ਸ਼ਾਸਨ ਦੌਰਾਨ ਕੰਮ ਵਾਲੀਆਂ ਥਾਵਾਂ ‘ਤੇਔਰਤਾਂ ਦੇ ਕੰਮ ਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਕੱਲੇ ਘਰ ਤੋਂ ਨਿਕਲਣ ‘ਤੇ ਰੋਕ ਲਗਾਉਣ ਦੇ ਨਾਲ ਹੀ ਅੌਰਤਾਂ ਨੂੰ ਬੁਰਕਾ ਪਾਉਣ ਲਈ ਮਜਬੂਰ ਕੀਤਾ ਗਿਆ ਸੀ।