ਕਾਬੁਲ – ਅਫ਼ਗਾਨਿਸਤਾਨ ‘ਚ ਤਾਲਿਬਾਨ ਨੇ ਮਿਲੀਜੁਲੀ ਕੰਮ ਚਲਾਊ ਸਰਕਾਰ ਦੇ ਗਠਨ ਲਈ ਮੰਥਨ ਸ਼ੁਰੂ ਕਰ ਦਿੱਤਾ ਹੈ। ਇਸ ‘ਚ ਖੇਤਰੀ ਤਾਕਤਵਰ ਨੇਤਾਵਾਂ ਨੂੰ ਵੀ ਸ਼ਾਮਲ ਕੀਤੇ ਜਾਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।ਪਾਕਿਸਤਾਨੀ ਮੀਡੀਆ ਮੁਤਾਬਕ ਤਾਲਿਬਾਨ ਸ਼ੂਰਾ (ਸਲਾਹਕਾਰ ਕਮੇਟੀ) ਦੇ ਇਕ ਮੈਂਬਰ ਨੇ ਦੱਸਿਆ ਕਿ ਅਫ਼ਗਾਨਿਸਤਾਨ ‘ਚ ਛੇਤੀ ਕੰਮ ਚਲਾਊ ਸਰਕਾਰ ਦਾ ਗਠਨ ਕੀਤਾ ਜਾਵੇਗਾ। ਇਸ ‘ਚ ਤਾਲਿਬਾਨ ਕਮਾਂਡਰਾਂ ਦੇ ਨਾਲ ਹੀ ਦੇਸ਼ ਦੇ ਜਾਤੀ ਤੇ ਆਦਿਵਾਸੀ ਪਿੱਛੋਕੜ ਵਾਲੇ ਨੇਤਾਵਾਂ ਨੂੰ ਵੀ ਸ਼ਾਲ ਕੀਤਾ ਜਾਵੇਗਾ। ਤਾਲਿਬਾਨ ਸ਼ੂਰਾ ਦੇ ਮੈਂਬਰ ਨੇ ਦੱਸਿਆ ਕਿ ਅਜਿਹੇ ਇਕ ਦਰਜਨ ਨਾਵਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਸਿਖਰਲੇ ਸਰਕਾਰੀ ਅਹੁੱਦਿਆਂ ‘ਤੇ ਨਿਯੁਕਤ ਕੀਤਾ ਜਾ ਸਕਦਾ ਹੈ।
ਸਰਕਾਰ ਦੇ ਗਠਨ ਦੀ ਪ੍ਰਕਿਰਿਆ ਵੀ ਤੇਜ਼ ਕੀਤੀ ਜਾ ਰਹੀ ਹੈ। ਤਾਲਿਬਾਨ ਦੇ ਸਹਿ-ਸੰਸਥਾਪਕ ਮੁੱਲਾ ਅਬਦੁੱਲ ਗਨੀ ਬਰਾਦਰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਪਹਿਲਾਂ ਤੋਂ ਹੀ ਮੌਜੂਦ ਹਨ। ਤਾਲਿਬਾਨ ਦੇ ਫ਼ੌਜ ਮੁਖੀ ਮੁੱਲ੍ਹਾ ਮਹਿਮੂਦ ਯਾਕੂਬ ਸਲਾਹ ਕਰਨ ਲਈ ਕੰਧਾਰ ਤੋਂ ਕਾਬੁਲ ਲਈ ਰਵਾਨਾ ਹੋ ਚੁੱਕੇ ਹਨ।
ਰੂਸੀ ਰਾਸ਼ਟਰਪਤੀ ਦੇ ਅਫ਼ਗਾਨਿਸਤਾਨ ‘ਚ ਵਿਸ਼ੇਸ਼ ਨੁਮਾਇੰਦੇ ਜਾਮਿਰ ਕਾਬੁਲੋਵ ਨੇ ਦੱਸਿਆ ਕਿ ਸਰਕਾਰ ਗਠਨ ‘ਤੇ ਗੰਭੀਰ ਮੰਥਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਤੀਜੇ ‘ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ, ਪਰ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ, ਉਸ ਦੇ ਉਤਸ਼ਾਹ ਵਧਾਊ ਸੰਕੇਤ ਹਨ। ਤਾਲਿਬਾਨ ਸਰਕਾਰ ‘ਚ ਅਜਿਹੀ ਅਗਵਾਈ ਚਾਹੁੰਦਾ ਹੈ, ਜਿਸ ‘ਚ ਜਾਤੀ ਸਿਆਸਤੀ ਤਾਕਤ ਰੱਖਣ ਵਾਲੇ ਨੁਮਾਇੰਦੇ ਵੀ ਸ਼ਾਮਲ ਹੋਣ। ਕਾਬੁਲੋਵ ਨੇ ਕਿਹਾ ਹੈ ਕਿ ਸਭ ਕੁਝ ਠੀਕ ਰਿਹਾ ਤਾਂ ਕੌਮਾਂਤਰੀ ਸਮਰਥਨ ਨਾਲ ਅਫ਼ਗਾਨਿਸਤਾਨ ‘ਚ ਵਿਵਸਥਾ ਪੂਰੀ ਤਰ੍ਹਾਂ ਬਹਾਲ ਹੋਵੇਗੀ। ਸਾਨੂੰ ਅਫ਼ਗਾਨਿਸਤਾਨ ‘ਚ ਇਕ ਮਿਲੀ-ਜੁਲੀ ਕੰਮ ਚਲਾਊ ਸਰਕਾਰ ਦੇ ਗਠਨ ‘ਚ ਧੀਰਜ ਨਾਲ ਸ਼ਾਮਲ ਹੋਣਾ ਪਵੇਗਾ।