ਬੀਜਿੰਗ – ਚੀਨ ਦੇ ਵਿਦੇਸ਼ ਮੰਤਰੀ ਵਾਂਗਯੀ ਨੇ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਨੂੰ ਅਫਗਾਨਿਸਤਾਨ ਨੂੰ ਲੈ ਕੇ ਫੋਨ ’ਤੇ ਗੱਲ ਕੀਤੀ। ਐਤਵਾਰ ਨੂੰ ਹੋਈ ਗੱਲਬਾਤ ’ਚ ਚੀਨੀ ਆਗੂ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਫਿਰਕੇ ਨੂੰ ਅਫਗਾਨਿਸਤਾਨ ਦੇ ਨਵੇਂਤਾਲਿਬਾਨੀ ਸ਼ਾਸਕਾਂ ਨਾਲ ਸੰਪਰਕ ਸਥਾਪਤ ਕਰਨਾ ਚਾਹੀਦਾ ਹੈ। ਤੇ ਉਨ੍ਹਾਂ ਦਾ ਸਕਾਰਾਤਮਕ ਰੂਪ ਨਾਲ ਮਾਰਗਦਰਸ਼ਨ ਕਰਨਾ ਚਾਹੀਦਾ ਹੈ।ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਵਾਂਗ ਨੇ ਇਹ ਵੀ ਕਿਹਾ ਕਿ ਅਫ਼ਗਾਨਿਸਤਾਨ ਨੂੰ ਆਰਥਿਕ ਤੇ ਮਨੁੱਖੀ ਮਦਦ ਮੁਹੱਈਆ ਕਰਾਉਣ ਲਈ ਅਮਰੀਕਾ ਨੂੰ ਕੌਮਾਂਤਰੀ ਭਾਈਚਾਰੇ ਨਾਲ ਕੰਮ ਕਰਨਾ ਚਾਹੀਦਾ ਹੈ। ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ਨੂੰ ਸੁਚਾਰੂ ਢੰਗ ਨਾਲ ਸਰਕਾਰ ਚਲਾਉਣ ’ਚ ਮਦਦ ਕਰਨੀ ਚਾਹੀਦੀ ਹੈ ਤੇ ਸਮਾਜਿਕ ਸਥਿਰਤਾ ਤੇ ਅਫ਼ਗਾਨੀ ਕਰੰਸੀ ਡਿੱਗਦੀ ਕੀਮਤ ਨੂੰ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ।ਚੀਨੀ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਅਮਰੀਕਾ ਅੱਤਵਾਦ ਖ਼ਿਲਾਫ਼ ਲੜਾਈ ’ਚ ਦੋਹਰਾ ਮਾਪਦੰਡ ਨਹੀਂ ਅਪਣਾਏਗਾ। ਇਸ ਦੀ ਥਾਂ ਅਫ਼ਗਾਨਿਸਤਾਨ ਦੀ ਖ਼ੁਦਮੁਖ਼ਤਿਆਰੀ ਦਾ ਸਨਮਾਨ ਕਰਦੇ ਹੋਏ ਅੱਤਵਾਦ ਖ਼ਿਲਾਫ਼ ਲੜਾਈ ਤੇ ਹਿੰਸਾ ਰੋਕਣ ’ਚ ਉਸ ਦੀ ਮਦਦ ਕਰੇ।ਪਾਕਿਸਤਾਨ ਦੇ ਅਧਿਕਾਰੀਆਂ ਨੇ ਵੀ ਆਲਮੀ ਭਾਈਚਾਰੇ ਨੂੰ ਤਾਲਿਬਾਨ ਨੂੰ ਇਕ ਮੌਕਾ ਦੇਣ ਲਈ ਕਿਹਾ ਹੈ। ਹੁਣੇ ਜਿਹੇ ਤਜਾਕਿਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ ਤੇ ਈਰਾਨ ਦੇ ਦੌਰੇ ਦੌਰਾਨ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਇਹ ਸੰਦੇਸ਼ ਦਿੱਤਾ ਸੀ।