ਪਟਿਆਲਾ – ਬਿਜਲੀ ਸੰਕਟ ਤੋਂ ਬਾਅਦ ਹੁਣ ਪੰਜਾਬ ’ਤੇ ਕੋਲੇ ਦੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਸੂਬੇ ਨੂੰ ਬਾਹਰੋਂ ਮਿਲਣ ਵਾਲੇ ਕੋਲੇ ਦੀ ਸਪਲਾਈ ਲਗਪਗ ਰੁਕ ਗਈ ਹੈ ਜਿਸ ਕਰਕੇ ਪਲਾਂਟਾਂ ’ਤੇ ਪਿਆ ਸਟਾਕ ਆਮ ਦਿਨਾਂ ਨਾਲੋਂ ਘਟ ਗਿਆ ਹੈ। ਇਸ ਦਾ ਸਿੱਧਾ ਅਸਰ ਓਪਨ ਐਕਸਚੇਂਜ ਤੋਂ ਮਿਲਣ ਵਾਲੀ ਬਿਜਲੀ ’ਤੇ ਵੀ ਪੈਣ ਲੱਗਿਆ ਹੈ। 3 ਤੋਂ 4 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦਣ ਦੇ ਦਾਅਵੇ ਕਰਨ ਵਾਲੇ ਪੀਐੱਸਪੀਸੀਐੱਲ ਨੂੰ 20 ਰੁਪਏ ਪ੍ਰਤੀ ਯੂਨਿਟ ਤਕ ਦੀ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ।
ਜਾਣਕਾਰੀ ਅਨੁਸਾਰ ਛੱਤੀਸਗੜ੍ਹ ਤੇ ਝਾਰਖੰਡ ਆਦਿ ਇਲਾਕਿਆਂ ਵਿਚ ਲਗਾਤਾਰ ਪੈ ਰਹੀ ਮੀਂਹ ਕਾਰਨ ਕੋਲੇ ਦੀਆਂ ਖਾਨਾਂ ’ਚ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਜਿਸ ਨਾਲ ਹੋਰਨਾਂ ਰਾਜਾਂ ਨੂੰ ਕੋਲੇ ਦੀ ਪੂਰੀ ਸਪਲਾਈ ਨਹੀਂ ਹੋ ਸਕੀ ਹੈ। ਪੰਜਾਬ ਵਿਚ ਸਥਿਤ ਪਲਾਂਟਾਂ ਵਿਚ ਜਿਥੇ 28 ਤੋਂ 30 ਦਿਨ ਤਕ ਦਾ ਕੋਲਾ ਸਟਾਕ ੳਪੁਲੱਬਧ ਰਹਿੰਦਾ ਹੈ, ਉਥੇ ਕੋਲੇ ਦਾ ਸਟਾਕ ਸੱਤ ਤੋਂ 16 ਦਿਨ ਤਕ ਦਾ ਰਹਿ ਗਿਆ ਹੈ। ਗੋਇੰਦਵਾਲ ਪਲਾਂਟ ’ਚ ਸੱਤ ਦਿਨ, ਲਹਿਰਾ ਮੁਹੱਬਤ ਵਿਖੇ 12 ਦਿਨ, ਰਾਜਪੁਰਾ ਵਿਖੇ 13 ਦਿਨ, ਰੋਪੜ 15 ਤੇ ਤਲਵੰਡੀ ਸਾਬੋ ਪਲਾਂਟ ’ਚ 16 ਦਿਨ ਦਾ ਕੋਲਾ ਬਾਕੀ ਰਹਿ ਗਿਆ ਹੈ। ਇਨ੍ਹਾਂ ਵਿਚੋਂ ਗੋਇੰਦਵਾਲ ਪਲਾਂਟ ਵਿਚ ਕੋਲੇ ਦੀ ਸਥਿਤੀ ਚਿੰਤਾਜਨਕ ਹੈ।