ਕਾਠਮੰਡੂ – ਪਿਛਲੇ ਸਾਲ ਦੇ ਸਰਹੱਦ ਵਿਵਾਦ ਵਿਚਾਲੇ ਨੇਪਾਲ ਤੇ ਭਾਰਤ ਵਿਚਾਲੇ ਦੁਵੱਲੇ ਸਬੰਧ ਸ਼ਾਂਤੀਪੂਰਨ ਚੱਲ ਰਹੇ ਸਨ। ਦੋਵਾਂ ਧਿਰਾਂ ਵਿਚਾਲੇ ਉੱਚ ਪੱਧਰੀ ਬੈਠਕਾਂ ਤੇ ਸੰਪਰਕ ਵੀ ਹੋਇਆ ਪਰ ਹਾਲ ਹੀ ’ਚ ਭਾਰਤੀ ਐੱਸਐੱਸਬੀ ਦੀ ਮੌਜੂਦਗੀ ’ਚ ਇਕ ਨੇਪਾਲੀ ਨਾਗਰਿਕ ਦੇ ਮਹਾਕਾਲੀ ਨਦੀ ’ਚ ਰੁੜ੍ਹਨ ਤੋਂ ਬਾਅਦ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਵਿਅਕਤੀ ਦੇ ਇਕ ਤਾਰ ਜ਼ਰੀਏ ਨਦੀ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਇਹ ਹਾਦਸਾ ਵਾਪਰਿਆ। ਹੁਣ ਇਸ ਦੇ ਲਾਪਤਾ ਹੋਣ ਦੇ ਸਬੰਧ ’ਚ ਦੋਵਾਂ ਧਿਰਾਂ ਦੀ ਕੂਟਨੀਤਿਕ ਬੈਠਕ ਹੋਣੀ ਹੈ। ਨੇਪਾਲ ਦੇ ਜ਼ਿਲ੍ਹੇ ਦਾਰਚੁਲਾ ਦੇ ਸਥਾਨਕ ਲੋਕਾਂ ਤੇ ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਭਾਰਤੀ ਹੱਥਿਆਰਬੰਦ ਸਰਹੱਦ ਬਲ (ਐੱਸਐੱਸਬੀ) ਵੱਲੋਂ ਨਦੀ ’ਤੇ ਲਗਾਈ ਗਈ ਤਾਰ ਨੂੰ ਹਟਾਉਣ ਤੋਂ ਬਾਅਦ ਦਾਰਚੁਲਾ ਜ਼ਿਲ੍ਹੇ ਦੇ ਜੈ ਸਿੰਘ ਧਾਮੀ ਜੁਲਾਈ ਦੇ ਅੰਤ ’ਚ ਮਹਾਕਾਲੀ ਨਦੀ ’ਚ ਡਿੱਗ ਗਏ ਸਨ। ਨੇਪਾਲ ਦੇ ਤਤਕਾਲੀ ਗ੍ਰਹਿ ਮੰਤਰਾਲੇ ਨੇ ਉਦੋਂ ਇਕ ਅਗਸਤ ਨੂੰ ਸੰਯੁਕਤ ਸਕੱਤਰ ਜਨਾਰਦਨ ਗੌਤਮ ਦੀ ਅਗਵਾਈ ’ਚ ਇਕ ਪੰਜ ਮੈਂਬਰੀ ਜਾਂਚ ਦਲ ਦਾ ਗਠਨ ਕੀਤਾ। ਗੌਤਮ ਦੀ ਅਗਵਾਈ ਵਾਲੇ ਦਲ ਨੇ ਨੇਪਾਲੀ ਗ੍ਰਹਿ ਮੰਤਰੀ ਬਾਲ ਕ੍ਰਿਸ਼ਨ ਖਾਦ ਨੂੰ ਆਪਣੀ ਰਿਪੋਰਟ ਮੰਗਲਵਾਰ ਸ਼ਾਮ ਨੂੰ ਸੌਂਪ ਦਿੱਤੀ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤੀ ਸੁਰੱਖਿਆ ਬਲਾਂ ਦੀ ਮੌਜੂਦਗੀ ’ਚ ਇਹ ਹਾਦਸਾ ਹੋਇਆ ਹੈ। ਨਾਲ ਹੀ ਸਿਫਾਰਸ਼ ਕੀਤੀ ਗਈ ਹੈ ਕਿ ਨੇਪਾਲ ਸਰਕਾਰ ਨੂੰ ਘਟਨਾ ਦੇ ਸਾਜ਼ਿਸ਼ਕਰਤਾ ਖ਼ਿਲਾਫ਼ ਕੇਸ ਦਰਜ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬੀਤੀ 30 ਜੁਲਾਈ ਨੂੰ ਜੈ ਸਿੰਘ ਧਾਮੀ (33) ਦਾਰਚੁਲਾ ਦੇ ਖਾਗਦਾਂਗ ਮਾਲ ਦੇ ਬਿਆਸ ਗ੍ਰਾਮੀਣ ਖੇਤਰ ’ਚ ਮਹਾਕਾਲੀ ਨਦੀ ’ਚ ਡਿੱਗ ਗਿਆ ਸੀ। ਉਹ ਇਕ ਤਾਰ ਦੀ ਸਹਾਇਤਾ ਨਾਲ ਨਦੀ ਪਾਰ ਕਰ ਰਿਹਾ ਸੀ। ਜਦੋਂ ਉਹ ਭਾਰਤੀ ਖੇਤਰ ਵੱਲ ਪੁੱਜਣ ਹੀ ਵਾਲਾ ਸੀ, ਸਥਾਨਕ ਮੀਡੀਆ ਮੁਤਾਬਕ ਉਦੋਂ ਐੱਸਐੱਸਬੀ ਦੇ ਜਵਾਨ ਨੇ ਤਾਰ ਨੂੰ ਕੱਟ ਦਿੱਤਾ। ਧਾਮੀ ਕਾਠਮੰਡੂ ਜਾਣ ਲਈ ਨਿਕਲਿਆ ਸੀ। ਫਿਰ ਉਸ ਨੇ ਉਥੋਂ ਬਤੌਰ ਇਮੀਗ੍ਰੇਸ਼ਨ ਮੁਲਾਜ਼ਮ ਉਡਾਣ ਭਰੀ ਸੀ। ਉਸ ਦੇ ਪਿੰਡ ਦੇ ਜ਼ਿਲ੍ਹੇ ਦੇ ਦਫਤਰ ਤਕ ਸੜਕ ਨਾ ਹੋਣ ਕਾਰਨ ਪਿੰਡ ਦੇ ਲੋਕਾਂ ਨੂੰ ਅਕਸਰ ਨਦੀ ਦੇ ਰਸਤਿਓਂ ਜਾਣਾ ਪੈਂਦਾ ਹੈ। ਉਸ ਦਿਨ ਨਦੀ ’ਚ ਤੇਜ਼ ਵਹਾਅ ਕਾਰਨ ਪਾਣੀ ਉਸ ਨੂੰ ਵਹਾਅ ਲੈ ਗਿਆ।