ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਹਰੀਸ਼ ਰਾਵਤ ਨਾਲ ਹੋਈ ਮੀਟਿੰਗ ਬਾਰੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕਿਹਾ ਕਿ ਮੀਟਿੰਗ ਦੌਰਾਨ ਨਾ ਤਾਂ ਕੈਬਨਿਟ ਵਿਚ ਫ਼ੇਰਬਦਲ ਦਾ ਮੁੱਦਾ ਚੁੱਕਿਆ ਅਤੇ ਨਾ ਹੀ ਵਿਚਾਰਿਆ ਗਿਆ।ਟਵਿੱਟਰ ਰਾਹੀਂ ਇਸ ਮੁੱਦੇ ’ਤੇ ਗੱਲ ਕਰਦਿਆਂ ਠੁਕਰਾਲ ਨੇ ਇਕ ਅੰਗਰੇਜ਼ੀ ਅਖ਼ਬਾਰ ਵੱਲੋਂ ਇਸ ਸੰਬੰਧੀ ਕੀਤੀ ਗਈ ਖ਼ਬਰ ਨੂੰ ‘ਟੈਗ’ ਕਰਦਿਆਂ ਲਿਖ਼ਿਆ, ‘ਗ਼ਲਤ ਸਟੋਰੀ: ਕੈਬਨਿਟ ਵਿੱਚ ਫ਼ੇਰਬਦਲ ਦਾ ਮੁੱਦਾ ਨਾ ਤਾਂ ਇਸ ਮੀਟਿੰਗ ਵਿੱਚ ਚੁੱਕਿਆ ਗਿਆ ਅਤੇ ਨਾ ਹੀ ਵਿਚਾਰਿਆ ਗਿਆ। ਫ਼ਿਰ ਕਿਸੇ ਮੰਤਰੀ ਨੂੰ ਕੱਢਣ ਜਾਂ ਫ਼ਿਰ ਰੱਖਣ ਦੀ ਸੁਆਲ ਕਿੱਥੋਂ ਆਇਆ? ’ ਉਨ੍ਹਾਂ ਨੇ ਮੀਡੀਆ ਨੂੰ ਕਿਆਸ ਅਰਾਈਆਂ ਵਿਚ ਨਾ ਪੈਣ ਦੀ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਅਤੇ ਰਾਵਤ ਦੀ ਮੀਟਿੰਗ ਦੌਰਾਨ ਉਹੀ 5 ਮੁੱਦੇ ਵਿਚਾਰੇ ਗਏ ਸਨ ਜਿਹੜੇ ਪੰਜਾਬ ਕਾਂਗਰਸ ਵੱਲੋਂ ਚੁੱਕੇ ਗਏ ਸਨ ਤੇ ਮੁੱਖ ਮੰਤਰੀ ਨੇ ਹਰੀਸ਼ ਰਾਵਤ ਨੂੰ ਆਪਣੀ ਸਰਕਾਰ ਵੱਲੋਂ ਉਕਤ 5 ਨੁਕਤਿਆਂ ਸਬੰਧੀ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਹੈ। ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨਾਲ ਵਿਚਾਰੇ ਗਏ ਮੁੱਦਿਆਂ ‘ਤੇ ਮੈਂ ਕਹਿ ਸਕਦਾ ਹਾਂ ਕਿ ਪੰਜਾਬ ਸਰਕਾਰ ਨੇ ਬਹੁਤ ਹੀ ਚੰਗਾ ਕੰਮ ਕੀਤਾ ਹੈ। ਉਨ੍ਹਾਂ ਬਿਜਲੀ ਸਮਝੌਤੇ ਬਾਰੇ ਕਿਹਾ ਕਿ ਅਕਾਲੀ ਦਲ ਨੇ ਅਜਿਹਾ ਸਮਝੌਤਾ ਕੀਤਾ ਜੋ ਜੇ ਖਤਮ ਹੁੰਦੇ ਹਨ ਤਾਂ ਬਹੁਤ ਸਮੱਸਿਆ ਪੈਦਾ ਹੋ ਜਾਵੇਗੀ। ਪਾਵਰ ਸਪਲਾਈ ਕਾਫੀ ਘੱਟ ਜਾਵੇਗੀ। ਉਨ੍ਹਾਂ ਜ਼ਿਕਰ ਕਰਦਿਆਂ ਕਿਹਾ ਕਿ ਇਹਨਾਂ ਵਿੱਚੋਂ ਬਰਗਾੜੀ ਵੀ ਇੱਕ ਸੀ ਜਿਸ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਇਸ ਤੇ ਸੰਭਵ ਕੰਮ ਕੀਤਾ ਗਿਆ ਹੈ ਅਤੇ ਦੂਜਾ ਮਸਲਾ ਖੇਤੀ ਕਾਨੂੰਨ ਦਾ ਹੈ, ਜਿਸ ‘ਤੇ ਸੀ ਐਮ ਨੇ ਕਿਹਾ ਕਿ ਉਹ ਇਸ ਮਸਲੇ ‘ਤੇ ਪਹਿਲਾਂ ਹੀ ਕੰਮ ਕਰ ਰਹੇ ਹਨ। ਪੰਜਾਬ ਨੇ ਖੇਤੀ ਕਾਨੂੰਨੀ ਨੂੰ ਰੱਦ ਕੀਤਾ ਜਦੋਂ ਕਿ ਕਈ ਹੋਰ ਸੂਬਿਆਂ ਨੇ ਵੀ ਪੰਜਾਬ ਨੂੰ ਫੋਲੋ ਕੀਤਾ।