ਕਾਬੁਲ – ਅਫ਼ਗਾਨਿਸਤਾਨ ’ਚ ਨਵੀਂ ਸਰਕਾਰ ਨੂੰ ਲੈ ਕੇ ਤਸਵੀਰ ਹੁਣ ਸਾਫ਼ ਹੋਣ ਲੱਗੀ ਹੈ। ਅਫ਼ਗਾਨਿਸਤਾਨ ’ਚ ਬਣਨ ਵਾਲੀ ਨਵੀਂ ਸਰਕਾਰ ਦੇ ਮੁਖੀ ਤਾਲਿਬਾਨ ਦੇ ਸਰਬਉੱਚ ਆਗੂ ਮੁੱਲਾ ਹਿਬਾਤੁੱਲ੍ਹਾ ਅਖੁੰਦਜ਼ਾਦਾ ਹੋਣਗੇ। ਨਵੀਂ ਸਰਕਾਰ ’ਚ ਇਕ ਪ੍ਰਧਾਨ ਮੰਤਰੀ ਵੀ ਹੋਵੇਗਾ। ਟੋਲੋ ਨਿਊਜ਼ ਮੁਤਾਬਕ ਤਾਲਿਬਾਨ ਦੇ ਸੱਭਿਆਚਾਰਕ ਕਮਿਸ਼ਨ ਦੇ ਮੈਂਬਰ ਅਨਾਮੁੱਲਾ ਸਮਾਂਗਾਨੀ ਨੇ ਦੱਸਿਆ ਕਿ ਤਾਲਿਬਾਨ ਆਗੂ ਮੁੱਲਾ ਹਿਬਾਤੁਲ੍ਹਾ ਅਖੁੰਦਜ਼ਾਦਾ ਹੀ ਨਵੀਂ ਸਰਕਾਰ ਦੇ ਮੁਖੀ ਹੋਣਗੇ। ਇਸ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਅਸੀਂ ਜਿਸ ਨਵੀਂ ਇਸਲਾਮਿਕ ਸਰਕਾਰ ਦਾ ਐਲਾਨ ਕਰਾਂਗੇ ਉਹ ਲੋਕਾਂ ਲਈ ਆਦਰਸ਼ ਹੋਵੇਗੀ। ਖ਼ਬਰ ਏਜੰਸੀ ਸਪੁਤਨਿਕ ਦੀ ਰਿਪੋਰਟ ਮੁਤਾਬਕ ਤਾਲਿਬਾਨ ਤਿੰਨ ਸਤੰਬਰ ਯਾਨੀ ਸ਼ੁੱਕਰਵਾਰ ਨੂੰ ਨਵੀਂ ਸਰਕਾਰ ਦੇ ਐਲਾਨ ਦਾ ਗਠਨ ਕਰੇਗਾ। ਤਾਲਿਬਾਨ ਨੇ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਵਿਚਾਰ-ਚਰਚਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਹਾਲਾਂਕਿ ਅਜੇ ਰਾਸ਼ਟਰੀ ਝੰਡੇ ਤੇ ਰਾਸ਼ਟਰ ਗਾਣ ਬਾਰੇ ਕੋਈ ਚਰਚਾ ਨਹੀਂ ਹੋਈ। ਉਧਰ ਅਖੁੰਦਜ਼ਾਦਾ ਨੇ ਹਾਲ ਹੀ ਵਿਚ ਕੰਧਾਰ ’ਚ ਤਾਲਿਬਾਨ ਦੇ ਆਹਲਾ ਆਗੂਆਂ ਨਾਲ ਮੀਟਿੰਗ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ’ਚ ਵੀ ਈਰਾਨ ਵਾਂਗ ਸ਼ਾਸਨ ਦੀ ਵਿਵਸਥਾ ਹੋਵੇਗੀ। ਈਰਾਨ ਵਿਚ ਭਾਵੇਂ ਹੀ ਰਾਸ਼ਟਰਪਤੀ ਹੁੰਦਾ ਹੈ ਪਰ ਸਰਕਾਰ ਦਾ ਅਸਲ ਮੁਖੀ ਸਰਬਉੱਚ ਆਗੂ ਹੀ ਹੁੰਦਾ ਹੈ। ਮੌਜੂਦਾ ਸਮੇਂ ’ਚ ਈਰਾਨ ਦੇ ਸਰਬਉੱਚ ਆਗੂ ਆਇਤੁੱਲ੍ਹਾ ਖੁਮੈਨੀ ਹਨ। ਖੁਮੈਨੀ ਵਾਂਗ ਹੀ ਤਾਲਿਬਾਨ ’ਚ ਅਖੁੰਦਜ਼ਾਦਾ ਨੂੰ ਰਹਿਬਰ ਕਹਿ ਕੇ ਸੱਦਿਆ ਜਾਂਦਾ ਹੈ ਜਿਸ ਦਾ ਮਤਲਬ ਹੁੰਦਾ ਹੈ ਆਗੂ ਜਾਂ ਨੇਤਾ। ਨਵੀਂ ਸਰਕਾਰ ’ਚ ਪ੍ਰਧਾਨ ਮੰਤਰੀ ਦੇ ਨਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਪਰ ਤਾਲਿਬਾਨ ਦੇ ਸਹਿ-ਸੰਸਥਾਪਕ ਮੁੱਲਾ ਅਬਦੁੱਲੀ ਗਨੀ ਬਰਾਦਰ ਨੂੰ ਇਸ ਅਹੁਦੇ ’ਤੇ ਬਿਠਾਇਆ ਜਾ ਸਕਦਾ ਹੈ। ਬਰਾਦਰ ਹੀ ਤਾਲਿਬਾਨ ਵੱਲੋਂ ਅਮਰੀਕਾ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਬਾਅਦ ਹੀ ਅਮਰੀਕੀ ਫ਼ੌਜੀ ਅਫ਼ਗਾਨਿਸਤਾਨ ਤੋਂ ਬਾਹਰ ਗਏ ਹਨ।