News Breaking News Latest News Punjab

ਸਿਆਸੀ ਪਾਰਟੀਆਂ ਖ਼ੁਦ ਵਿਗਾੜ ਰਹੀਆਂ ਮਾਹੌਲ : ਰਾਜੇਵਾਲ

ਚੰਡੀਗੜ੍ਹ – ਸੂਬੇ ਵਿਚ ਕਿਸਾਨਾਂ ਅਤੇ ਰਾਜਸੀ ਆਗੂਆਂ ਵਿਚਕਾਰ ਤਣਾਅ ਵਾਲਾ ਮਾਹੌਲ ਬਣ ਗਿਆ ਹੈ। ਭਾਜਪਾ ਸਮੇਤ ਹੁਣ ਸਾਰੀਆਂ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਕਿਸਾਨਾਂ ਦਾ ਰੋਹ ਦੇਖਣ ਨੂੰ ਮਿਲ ਰਿਹਾ ਹੈ। ਅਕਾਲੀ ਦਲ ਨੇ ਲਗਾਤਾਰ ਵਿਰੋਧ ਨੂੰ ਦੇਖਦੇ ਹੋਏ ਸ਼ੁਰੂ ਕੀਤੀ ‘ਗੱਲ ਪੰਜਾਬ ਦੀ’ ਮੁਹਿੰਮ ਛੇ ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ। ਸੁਖਬੀਰ ਨੇ ਨਾ ਸਿਰਫ਼ 100 ਹਲਕੇ 100 ਦਿਨਾਂ ਦੀ ਮੁਹਿੰਮ ਟਾਲ ਦਿੱਤੀ ਹੈ ਬਲਕਿ ਕਿਸਾਨਾਂ ਨੂੰ ਗੱਲਬਾਤ ਕਰਨ ਲਈ ਸੱਦਾ ਦਿੰਦਿਆਂ ਐਲਾਨ ਕੀਤਾ ਹੈ ਕਿ ਜਿੱਥੇ ਕਿਸਾਨ ਆਗੂ ਕਹਿਣਗੇ, ਉਹ ਜਵਾਬ ਦੇਣਗੇ। ਇਸ ਦੇ ਬਾਵਜੂਦ ਕਿਸਾਨਾਂ ਦਾ ਗੁੱਸਾ ਸ਼ਾਂਤ ਨਹੀੰ ਹੋ ਰਿਹਾ।

ਉਧਰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਵਿਚ ਨਿਰੰਤਰ ਹੋ ਰਹੀਆਂ ਹਿੰਸਕ ਝੜਪਾਂ ਲਈ ਰਾਜਸੀ ਪਾਰਟੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਾਜਸੀ ਪਾਰਟੀਆਂ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਲਈ ਪਿੰਡਾਂ ਵਿਚ ਜਾ ਰਹੀਆਂ ਹਨ ਅਤੇ ਸਿਆਸੀ ਪਾਰਟੀਆਂ ਦੇ ਆਗੂ, ਵਰਕਰ ਕਿਸਾਨੀ ਮੁੱਦਾ ਚੁੱਕ ਕੇ ਇਕ-ਦੂਜੇ ਦਾ ਵਿਰੋਧ ਕਰਦੇ ਹਨ ਤੇ ਬਦਨਾਮ ਕਿਸਾਨਾਂ ਨੂੰ ਕਰਦੇ ਹਨ। ਯਾਦ ਰਹੇ ਕਿ ਪਿਛਲੇ ਦਿਨੀਂ ਮੋਗਾ ਵਿਖੇ ਅਕਾਲੀ ਦਲ ਦੀ ਰੈਲੀ ਦੌਰਾਨ ਸੁਖਬੀਰ ਬਾਦਲ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਮਾਰਨ ਤੇ ਲਾਠੀਚਾਰਜ ਕਰਨ ਨਾਲ ਕਾਫ਼ੀ ਤਣਾਅ ਪੈਦਾ ਹੋ ਗਿਆ ਸੀ। ਸੁਖਬੀਰ ਬਾਦਲ ਨੇ ਪਾਰਟੀ ਦੀ ‘ਗੱਲ ਪੰਜਾਬ ਦੀ’ ਮੁਹਿੰਮ ਛੇ ਦਿਨਾਂ ਲਈ ਮੁਲਤਵੀ ਕਰਦਿਆਂ ਕਿਸਾਨਾਂ ਨੂੰ ਹਰ ਗੱਲ ਦਾ ਜਵਾਬ ਦੇਣ ਦੀ ਗੱਲ ਕਹੀ ਹੈ।

ਰਾਜੇਵਾਲ ਦਾ ਕਹਿਣਾ ਹੈ ਕਿ ਚੋਣਾਂ ਅਜੇ ਬਹੁਤ ਦੂਰ ਹਨ ਪਰ ਸਿਆਸੀ ਪਾਰਟੀਆਂ ਨੇ ਆਪਣੀ ਰਾਜਸੀ ਜ਼ਮੀਨ ਤਲਾਸ਼ਣ ਲਈ ਪਿੰਡਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਹੈ ਅਤੇ ਮਾਹੌਲ ਨੂੰ ਖਰਾਬ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਿੰਸਕ ਘਟਨਾਵਾਂ ਪਿੱਛੇ ਰਾਜਸੀ ਪਾਰਟੀਆਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅਕਾਲੀ ਦਲ ਦਾ ਪ੍ਰੋਗਰਾਮ ਹੁੰਦਾ, ਉਥੇ ਕਾਂਗਰਸ ਤੇ ‘ਆਪ’ ਵਰਕਰ ਨਿੱਜੀ ਲਾਭ ਲੈਣ ਲਈ ਕਿਸਾਨੀ ਦਾ ਝੰਡਾ ਚੁੱਕ ਲੈਂਦੇ ਹਨ। ਇਸੇ ਤਰ੍ਹਾਂ ਜਿੱਥੇ ਕਾਂਗਰਸ ਜਾਂ ‘ਆਪ’ ਆਗੂ ਪੁੱਜਦੇ ਹਨ, ਉਥੇ ਅਕਾਲੀ ਦਲ ਦੇ ਵਰਕਰ ਕਿਸਾਨੀ ਝੰਡਾ ਚੁੱਕ ਕੇ ਵਿਰੋਧ ਕਰਦੇ ਹਨ ਜਿਸ ਕਰਕੇ ਪਿੰਡਾਂ ਵਿਚ ਟਕਰਾਅ ਪੈਦਾ ਹੋ ਰਿਹਾ ਹੈ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਚੋਣਾਂ ਵਿਚ ਲੰਬਾ ਸਮਾਂ ਪਿਆ ਹੈ, ਇਸ ਲਈ ਉਹ ਚੋਣ ਪ੍ਰਚਾਰ ਕਰਨ ਦੀ ਥਾਂ ਕਿਸਾਨਾਂ ਦੇ ਮੁੱਦੇ ਨੂੰ ਕੇਂਦਰ ਸਰਕਾਰ ਤਕ ਲਿਜਾਣ ਤਾਂ ਜੋ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਜਾ ਸਕੇ। ਰਾਜੇਵਾਲ ਦਾ ਕਹਿਣਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਭਾਜਪਾ ਆਗੂਆਂ ਦਾ ਘਿਰਾਓ ਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਪੁੱਛਣ ਦਾ ਸੱਦਾ ਦਿੱਤਾ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਮੁਜ਼ੱਫਰਨਗਰ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੂਰ ਹਨ, ਉਨ੍ਹਾਂ ਦੀ ਪਹਿਲੀ ਲੜਾਈ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਨੂੰ ਜ਼ੋਰ-ਸ਼ੋਰ ਨਾਲ ਲੜਨਾ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਖਰਚ ਕੇ ਚੋਣਾਂ ਜਿੱਤਣ ਵਾਲੇ ਆਗੂਆਂ ਦੀ ਥਾਂ ਲੋਕ ਮਸਲਿਆਂ ਨੂੰ ਹੱਲ ਕਰਨ ਵਾਲੇ ਵਿਅਕਤੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।

Related posts

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin