ਨਵੀਂ ਦਿੱਲੀ – ਅੰਤਰਰਾਸ਼ਟਰੀ ਬ੍ਰਾਂਡ ਗੁੱਚੀ ਦਾ ਲੋਗੋ ਨਾਜਾਇਜ਼ ਤਰੀਕੇ ਨਾਲ ਉਪਯੋਗ ਕਰਨ ’ਤੇ ਅਦਾਲਤ ਨੇ ਇਕ ਕੰਪਨੀ ’ਤੇ ਦੋ ਲੱਖ ਰੁਪਏ ਦਾ ਮੁਆਵਜ਼ਾ ਅਤੇ 1.66 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸੈਸ਼ਨ ਜੱਜ ਭਰਤ ਪਾਰਾਸ਼ਰ ਨੇ ਲੋਗੋ ਦਾ ਗਲ਼ਤ ਤਰੀਕੇ ਨਾਲ ਇਸਤੇਮਾਲ ਕਰਨ ’ਤੇ ਵੀ ਰੋਕ ਲਗਾਈ ਹੈ। ਇੰਤੀਆਜ਼ ਸ਼ੇਖ ਦੀ ਮਲਕੀਅਤ ਵਾਲੀ ਸਥਾਨਕ ਕੰਪਨੀ ਸ਼ਿਪਰਾ ਓਵਰਸੀਜ਼ ਦੁਆਰਾ ਗੁੱਚੀ ਦਾ ਲੋਗੋ ਇਸਤੇਮਾਲ ਕਰਨ ਖ਼ਿਲਾਫ਼ ਇਟਲੀ ਦੇ ਫਲੋਰੇਂਸ ਸਥਿਤ ਫੈਸ਼ਨ ਹਾਊਸ ਨੇ ਕਾਪੀਰਾਈਟ ਦੇ ਉਲੰਘਣ ਦਾ ਦੋਸ਼ ਲਗਾਇਆ ਸੀ।
ਅਦਾਲਤ ਨੇ ਸੁਣਵਾਈ ਤੋਂ ਬਾਅਦ ਕਿਹਾ ਕਿ ਗੁੱਚੀ ਦੇ ਦਾਅਵੇ ’ਤੇ ਵਿਸ਼ਵਾਸ ਨਾ ਕਰਨ ਦਾ ਕੋਈ ਕਾਰਨ ਨਹੀਂ ਹੈ। ਜੱਜ ਨੇ ਨਿਰਦੇਸ਼ ਦਿੱਤਾ ਕਿ ਦਿੱਲੀ ਸਥਿਤ ਨਿਰਮਾਤਾ ਦੇ ਕੰਪਲੈਕਸ ਤੋਂ ਬਰਾਮਦ ਸਾਮਾਨ ਨੂੰ ਨਸ਼ਟ ਕਰ ਦਿੱਤਾ ਜਾਵੇ। ਫੈਸ਼ਨ ਹਾਊਸ ਦਾ ਦੋਸ਼ ਸੀ ਕਿ ਸਾਲ 2019 ’ਚ ਉਸਦੇ ਖੇਤਰ ਪ੍ਰਤੀਨਿਧੀਆਂ ਨੇ ਪਾਇਆ ਸੀ ਕਿ ਸ਼ੇਖ ਦੀ ਕੰਪਨੀ ਮੋਜੇ ਅਤੇ ਪੈਕੇਜਿੰਗ ਸਮੱਗਰੀ ਸਮੇਤ ਹੋਰ ਸਾਮਾਨ ’ਤੇ ਉਨ੍ਹਾਂ ਦੇ ਲੋਗੋ ਦਾ ਇਸਤੇਮਾਲ ਕਰਕੇ ਵੱਡੀ ਮਾਤਰਾ ’ਚ ਨਕਲੀ ਉਤਪਾਦਾਂ ਦਾ ਨਿਰਮਾਣ ਅਤੇ ਭੰਡਾਰਣ ਕਰ ਰਹੀ ਹੈ।