ਵਾਸ਼ਿੰਗਟਨ – ਅਫ਼ਗਾਾਨਿਸਤਾਨ ’ਚ ਅਜੇ ਵੀ ਦਰਜਨਾਂ ਅਮਰੀਕੀ ਨਾਗਰਿਕਾਂ ਸਣੇ ਕਰੀਬ ਇਕ ਹਜ਼ਾਰ ਇਸ ਤਰ੍ਹਾਂ ਦੇ ਅਫਗਾਨ ਲੋਕ ਫਸੇ ਹਨ, ਜਿਨ੍ਹਾਂ ਦੇ ਕੋਲ ਅਮਰੀਕਾ ਜਾਂ ਦੂਜੇ ਦੇਸ਼ਾਂ ਦਾ ਵੀਜ਼ਾ ਹੈ। ਇਨ੍ਹਾਂ ਲੋਕਾਂ ਨੂੰ ਦੇਸ਼ ਤੋਂ ਨਿਕਲਣ ਲਈ ਤਾਲਿਬਾਨ ਤੋਂ ਮਨਜ਼ੂਰੀ ਮਿਲਣ ਦਾ ਇੰਤਜ਼ਾਰ ਹੈ। ਦੱਸ ਦਈਏ ਕਿ ਤਾਲਿਬਾਨ ਨੇ 15 ਅਗਸਤ ਨੂੰ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਅਮਰੀਕੀ ਫ਼ੌਜ ਦੀ ਅਗਵਾਈ ’ਚ ਕਾਬੁਲ ਏਅਰਪੋਰਟ ਤੋਂ ਵਿਦੇਸ਼ੀਆਂ ਤੇ ਅਫਗਾਨ ਸਹਿਯੋਗੀਆਂ ਦੀ ਨਿਕਾਸੀ ਲਈ ਵੱਡੇ ਪੈਮਾਨੇ ’ਤੇ ਅਭਿਆਨ ਚਲਾਇਆ ਗਿਆ ਸੀ। 30 ਅਗਸਤ ਨੂੰ ਅਮਰੀਕਾ ਦੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਅੰਤਰਰਾਸ਼ਟਰੀ ਉਡਾਣਾਂ ਬੰਦ ਹਨ।ਅਫ਼ਗਾਨਿਸਤਾਨ ’ਚ ਫਸੇ ਲੋਕਾਂ ਦੀ ਨਿਕਾਸੀ ਦੇ ਯਤਨਾ ’ਚ ਜੁਟੇ ਸੰਗਠਨਾਂ ਦੇ ਪ੍ਰਤੀਨਿਧੀਆਂ ਅਨੁਸਾਰ ਉਡਾਣਾਂ ਨੂੰ ਮਨਜ਼ੂਰੀ ਦੇਣ ਨੂੰ ਲੈ ਕੇ ਤੇ ਤਾਲਿਬਾਨ ਦੇ ਵਿਚਕਾਰ ਗੱਲਬਾਤ ਚੱਲ ਰਹੀ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਲੈ ਕੇ ਰਵਾਨਾ ਹੋਣ ਲਈ ਕਈ ਜਹਾਜ਼ ਇਜਾਜ਼ਤ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਦੇਸ਼ ਛੱਡਣ ਦੀ ਉਮੀਦ ’ਚ ਮਜ਼ਾਰ-ਏ-ਸ਼ਰੀਫ਼ ’ਚ ਵੱਡੀ ਗਿਣਤੀ ’ਚ ਲੋਕ ਜਮ੍ਹਾਂ ਹਨ, ਪਰ ਉਨ੍ਹਾਂ ਨੂੰ ਸ਼ਹਿਰ ਦੇ ਏਅਰਪੋਟ ’ਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾ ਰਿਹਾ।