Breaking News Latest News News Sport

ਜਸਪ੍ਰੀਤ ਬੁਮਰਾਹ ਪੁੱਜੇ ਟੈਸਟ ਰੈਂਕਿੰਗ ‘ਚ ਨੌਵੇਂ ਸਥਾਨ ‘ਤੇ

ਦੁਬਈ – ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਓਵਲ ‘ਚ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਵਿਚ ਆਪਣੇ ਮੈਚ ਜਿੱਤਣ ਵਾਲੇ ਸਪੈੱਲ ਤੋਂ ਬਾਅਦ ਇਕ ਸਥਾਨ ਦੇ ਫ਼ਾਇਦੇ ਨਾਲ ਗੇਂਦਬਾਜ਼ਾਂ ਦੀ ਆਈਸੀਸੀ ਟੈਸਟ ਰੈਂਕਿੰਗ ਵਿਚ ਨੌਵੇਂ ਸਥਾਨ ‘ਤੇ ਪੁੱਜ ਗਏ। ਬੁਮਰਾਹ ਨੇ ਆਪਣੇ ਰਿਵਰਸ ਸਵਿੰਗ ਦੇ ਸ਼ਾਨਦਾਰ ਸਪੈੱਲ ਨਾਲ ਓਲੀ ਪੋਪ ਤੇ ਜਾਨੀ ਬੇਰਸਟੋ ਨੂੰ ਬੋਲਡ ਕਰ ਕੇ ਮੈਚ ਭਾਰਤ ਦੇ ਪੱਖ ਵਿਚ ਕਰ ਦਿੱਤਾ ਸੀ ਜਿਸ ਨਾਲ ਟੀਮ ਨੂੰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਵਿਚ 2-1 ਨਾਲ ਬੜ੍ਹਤ ਬਣਾਉਣ ਵਿਚ ਮਦਦ ਮਿਲੀ। ਸੀਰੀਜ਼ ਦਾ ਆਖ਼ਰੀ ਮੈਚ ਸ਼ੁੱਕਰਵਾਰ ਤੋਂ ਮਾਨਚੈਸਟਰ ਵਿਚ ਸ਼ੁਰੂ ਹੋਵੇਗਾ। ਬੱਲੇਬਾਜ਼ਾਂ ਵਿਚ ਸ਼ਾਰਦੁਲ ਠਾਕੁਰ ਦੋ ਅਰਧ ਸੈਂਕੜਿਆਂ ਦੀ ਸਹਾਇਤਾ ਨਾਲ 59 ਸਥਾਨ ਦੀ ਛਾਲ ਨਾਲ 79ਵੇਂ ਸਥਾਨ ‘ਤੇ ਪੁੱਜ ਗਏ। ਸ਼ਾਰਦੁਲ ਮੈਚ ਵਿਚ ਚਾਰ ਵਿਕਟਾਂ ਦੀ ਬਦੌਲਤ ਗੇਂਦਬਾਜ਼ਾਂ ਦੀ ਸੂਚੀ ਵਿਚ ਵੀ ਸੱਤ ਸਥਾਨ ਦੇ ਫ਼ਾਇਦੇ ਨਾਲ 49ਵੇਂ ਸਥਾਨ ‘ਤੇ ਪੁੱਜਣ ਵਿਚ ਕਾਮਯਾਬ ਰਹੇ। ਆਸਟ੍ਰੇਲਿਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਚੋਟੀ ‘ਤੇ ਹਨ। ਭਾਰਤੀ ਸਪਿੰਨਰ ਰਵੀਚੰਦਰਨ ਅਸ਼ਵਿਨ ਦੂਜੇ ਸਥਾਨ ‘ਤੇ ਕਾਇਮ ਹਨ ਜਦਕਿ ਉਹ ਇੰਗਲੈਂਡ ਖ਼ਿਲਾਫ਼ ਅਜੇ ਤਕ ਚਾਰ ਟੈਸਟ ਮੈਚਾਂ ਦਾ ਹਿੱਸਾ ਨਹੀਂ ਬਣੇ ਹਨ। ਬੱਲੇਬਾਜ਼ਾਂ ਦੀ ਰੈਂਕਿੰਗ ਦੇ ਟਾਪ-10 ‘ਚ ਕੋਈ ਤਬਦੀਲੀ ਨਹੀਂ ਹੋਈ ਹੈ ਜਿਸ ਵਿਚ ਇੰਗਲੈਂਡ ਦੇ ਕਪਤਾਨ ਜੋ ਰੂਟ ਪਹਿਲੇ ਸਥਾਨ ‘ਤੇ ਕਾਇਮ ਹਨ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਕ੍ਰਮਵਾਰ ਪੰਜਵੇਂ ਤੇ ਛੇਵੇਂ ਸਥਾਨ ‘ਤੇ ਹਨ। ਸਲਾਮੀ ਬੱਲੇਬਾਜ਼ ਰੋਹਿਤ ਨੇ ਦੂਜੀ ਪਾਰੀ ਵਿਚ 127 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ ਜਿਸ ਨਾਲ ਹੁਣ ਉਨ੍ਹਾਂ ਦੇ ਤੇ ਕੋਹਲੀ ਵਿਚਾਲੇ ਰੇਟਿੰਗ ਅੰਕਾਂ ਦਾ ਫ਼ਰਕ ਸੱਤ ਤੋਂ ਵਧ ਕੇ 30 ਹੋ ਗਿਆ ਹੈ। ਅਸ਼ਵਿਨ ਆਲਰਾਊਂਡਰਾਂ ਦੀ ਸੂਚੀ ਵਿਚ ਇਕ ਸਥਾਨ ਦੇ ਨੁਕਸਾਨ ਨਾਲ ਪੰਜਵੇਂ ਸਥਾਨ ‘ਤੇ ਖਿਸਕ ਗਏ ਹਨ ਜਦਕਿ ਰਵਿੰਦਰ ਜਡੇਜਾ ਤੀਜੇ ਸਥਾਨ ‘ਤੇ ਕਾਇਮ ਹਨ। ਵੈਸਟਇੰਡੀਜ਼ ਦੇ ਜੇਸਨ ਹੋਲਡਰ ਹਰਫ਼ਨਮੌਲਾ ਸੂਚੀ ਵਿਚ ਸਿਖਰ ‘ਤੇ ਹਨ।

Related posts

ਖੇਲੋ ਇੰਡੀਆ ਸਰਦ ਰੁੱਤ ਖੇਡਾਂ 2025 ਦਾ ਦੂਜਾ ਪੜਾਅ !

admin

ਭਾਰਤ ਵਲੋਂ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ‘ICC ਚੈਂਪੀਅਨਜ਼ ਟਰਾਫੀ 2025’ ‘ਤੇ ਕਬਜ਼ਾ !

admin

ਇੰਡੀਆ-ਨਿਊਜ਼ੀਲੈਂਡ ਚੈਂਪੀਅਨਜ਼ ਟਰਾਫੀ ਫਾਈਨਲ 2025: ਨਿਊਜ਼ੀਲੈਂਡ ਵਲੋਂਂ ਭਾਰਤ ਨੂੰ 252 ਦੌੜਾਂ ਦਾ ਟੀਚਾ !

admin