ਮੋਹਾਲੀ – ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਕਮਲਦੀਪ ਸੈਣੀ ਰਾਸ਼ਟਰੀ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਫੈੱਡਰੇਸ਼ਨ ਮੁੰਬਈ ਦੇ ਉਪ-ਚੇਅਰਮੈਨ ਚੁਣੇ ਗਏ ਹਨ। ਨੈਸ਼ਨਲ ਫੈੱਡਰੇਸ਼ਨ ਦਾ ਸਾਲਾਨਾ ਆਮ ਇਜਲਾਸ ਮੁੰਬਈ ਵਿਚ ਇਸ ਅਹੁਦੇ ਬਾਰੇ ਅਧਿਕਾਰਤ ਤੌਰ ‘ਤੇ ਐਲਾਨ ਹੋਇਆ। ਇਸ ਵਿਚ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਕਮਲਦੀਪ ਸਿੰਘ ਨੂੰ ਫੈੱਡਰੇਸ਼ਨ ਦਾ ਉਪ-ਚੇਅਰਮੈਨ ਚੁਣ ਲਿਆ। ਕਿਹਾ ਜਾ ਰਿਹਾ ਹੈ ਕਿ ਸੈਣੀ ਦੇ ਫੈੱਡਰੇਸ਼ਨ ‘ਚ ਸ਼ਾਮਲ ਹੋਣ ਨਾਲ ਸਹਿਕਾਰੀ ਖੇਤਰ ਦੇ ਉਨ੍ਹਾਂ ਦੇ ਤਜਰਬੇ ਨਾਲ ਇਹ ਸੰਸਥਾ ਨਵੀਂਆਂ ਉਚਾਈਆਂ ਤਕ ਪੁੱਜੇਗੀ। ਇਸ ਦੌਰਾਨ ਸੈਣੀ ਨੇ ਕਿਹਾ ਕਿ ਅਹੁਦੇ ਦੀ ਮਾਣ ਮਰਿਆਦਾ ਵਾਸਤੇ ਉਹ ਦਿਨ ਰਾਤ ਕੰਮ ਕਰਨਗੇ ਤੇ ਇਸ ਸਨਮਾਨ ਦੇ ਬਦਲੇ ਸੰਸਥਾ ਨੂੰ ਨਵੀਂਆਂ ਬੁਲੰਦੀਆਂ ਤਕ ਲਿਜਾਣ ਲਈ ਪੂਰੀ ਸ਼ਿੱਦਤ ਨਾਲ ਨਿਭਾਇਆ ਜਾਵੇਗਾ। ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਉਨਾਂ੍ਹ ਦੱਸਿਆ ਕਿ ਰਾਸ਼ਟਰੀ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਫੈੱਡਰੇਸ਼ਨ ਰਾਸ਼ਟਰੀ ਪੱਧਰ ‘ਤੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕਾਂ ਦੀ ਇਕ ਸੰਸਥਾ ਹੈ। ਫੈੱਡਰੇਸ਼ਨ 1960 ‘ਚ ਸਥਾਪਤ ਹੋਈ ਅਤੇ ਇਕ ਬਹੁ-ਰਾਜ ਸਹਿਕਾਰੀ ਸਭਾ ਦੇ ਰੂਪ ‘ਚ ਕੰਮ ਕਰਦੀ ਹੈ ਅਤੇ ਦੇਸ਼ ਭਰ ‘ਚ ਇਸ ਦੇ 16 ਰਾਜਾਂ ‘ਚ ਮੈਂਬਰ ਬੈਂਕ ਹਨ। ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ, ਵਿਦੇਸ਼ੀ ਸਹਿਕਾਰੀ ਸੰਸਥਾਵਾਂ ਦੇ ਨਾਲ ਨਿਯਮਤ ਅਨੇਕਾਂ ਵਿਚਾਰ-ਵਟਾਂਦਰੇ ਕਰਦੀ ਰਹਿੰਦੀ ਹੈ ਅਤੇ ਪੂਰੇ ਭਾਰਤ ‘ਚ ਸਹਿਕਾਰੀ ਸੰਸਥਾਵਾਂ ਨਾਲ ਸਬੰਧਤ ਮਾਮਲੇ ਉਠਾਉਂਦੀ ਹੈ। ਮੌਜੂਦਾ ਸਮੇਂ ‘ਚ ਇਹ ਨਿਯੁਕਤੀ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਭਾਰਤ ਸਰਕਾਰ ਨੇ ਕੇਂਦਰ ਸਰਕਾਰ ‘ਚ ਸਹਿਕਾਰਤਾ ਦਾ ਇਕ ਨਵਾਂ ਵਿਭਾਗ ਬਣਾਇਆ ਹੈ ਅਤੇ ਅਮਿਤ ਸ਼ਾਹ ਹੁਣ ਇਸ ਨਵੇਂ ਬਣੇ ਵਿਭਾਗ ਦੇ ਮੰਤਰੀ ਹਨ।