ਵਾਸ਼ਿੰਗਟਨ – ਅਫ਼ਗਾਨਿਸਤਾਨ ਦੇ ਮਸਲੇ ‘ਤੇ ਪਾਕਿ ਪੂਰੀ ਤਰ੍ਹਾਂ ਨਾਲ ਬੇਨਕਾਬ ਹੋ ਗਿਆ ਹੈ। ਹੁਣ ਕੌਮਾਂਤਰੀ ਪੱਧਰ ‘ਤੇ ਵੀ ਉਸਦੇ ਖ਼ਿਲਾਫ਼ ਕਾਰਵਾਈ ਤੇ ਪਾਬੰਦੀ ਦੀ ਮੰਗ ਤੇਜ਼ੀ ਨਾਲ ਉੱਠ ਰਹੀ ਹੈ। ਹਾਲੀਆ ਪੰਜਸ਼ੀਰ ‘ਚ ਤਾਲਿਬਾਨ ਦੇ ਕਬਜ਼ੇ ਲਈ ਪਾਕਿਸਤਾਨ ਦੇ ਹਵਾਈ ਹਮਲਿਆਂ ਨੂੰ ਲੈ ਕੇ ਅਮਰੀਕੀ ਸੰਸਦ ਮੈਂਬਰ ਨੇ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਅਮਰੀਕੀ ਸੰਸਦ ਮੈਂਬਰ ਦੀ ਇਹ ਪ੍ਰਤੀਕ੍ਰਿਆ ਇਸ ਜਾਣਕਾਰੀ ਤੋਂ ਬਾਅਦ ਆਈ ਹੈ ਕਿ ਪਾਕਿ ਨੇ ਪੰਜਸ਼ੀਰ ‘ਚ ਤਾਲਿਬਾਨ ਦੀ ਮਦਦ ਲਈ 27 ਹੈਲੀਕਾਪਟਰ ਭੇਜੇ ਤੇ ਡਰੋਨ ਨਾਲ ਹਮਲੇ ਕੀਤੇ ਸਨ।
ਅਮਰੀਕੀ ਸੰਸਦ ਮੈਂਬਰ ਐਡਮ ਕਿਸਿੰਜਰ ਨੇ ਕਿਹਾ ਕਿ ਤਾਲਿਬਾਨੀ ਅੱਤਵਾਦੀਆਂ ਨੂੰ ਪਾਕਿਸਤਾਨ ਲੰਬੇ ਸਮੇਂ ਤੋਂ ਮਦਦ ਕਰ ਰਿਹਾ ਹੈ। ਇਸ ਦੇ ਸਬੂਤ ਹੁਣ ਸਿੱਧੇ ਤੌਰ ‘ਤੇ ਵੀ ਮਿਲਣ ਲੱਗੇ ਹਨ।
ਸੰਸਦ ਮੈਂਬਰ ਨੇ ਕਿਹਾ ਕਿ ਇਹ ਜਾਣਕਾਰੀ ਪੁਸ਼ਟ ਕਰਨ ਤੋਂ ਬਾਅਦ ਅਮਰੀਕਾ ਪਾਕਿਸਤਾਨ ਦੀ ਹਰ ਤਰ੍ਹਾਂ ਨਾਲ ਮਦਦ ‘ਤੇ ਰੋਕ ਲਗਾਏ। ਇਹੀ ਨਹੀਂ ਉਸ ‘ਤੇ ਪਾਬੰਦੀਆਂ ਵੀ ਲਗਾਈਆਂ ਜਾਣ। ਸੰਸਦ ਮੈਂਬਰ ਕਿਸਿੰਜਰ ਨੇ ਇਹ ਗੱਲ ਫਾਕਸ ਨਿਊਜ਼ ‘ਤੇ ਅਮਰੀਕੀ ਸੈਂਟਰਲ ਕਮਾਂਡ ਦੇ ਸੂਤਰਾਂ ਤੋਂ ਪ੍ਰਕਾਸ਼ਿਤ ਇਕ ਖ਼ਬਰ ਤੋਂ ਬਾਅਦ ਕਹੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਪੰਜਸ਼ੀਰ ‘ਚ ਸਪੈਸ਼ਲ ਫੋਰਸ ਨਾਲ ਭਰੇ 27 ਹੈਲੀਕਾਪਟਰ ਤੇ ਡਰੋਨ ਹਮਲੇ ਕਰ ਕੇ ਤਾਲਿਬਾਨ ਦੀ ਪੂਰੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸਾਲਾਂ ਦਾ ਝੂਠ ਹੁਣ ਸਾਹਮਣੇ ਆ ਗਿਆ ਹੈ। ਉਸ ਨੇ ਤਾਲਿਬਾਨ ਨੂੰ ਬਣਾਇਆ ਹੀ ਨਹੀਂ, ਉਸਦੀ ਪੂਰੀ ਤਰ੍ਹਾਂ ਸੁਰੱਖਿਆ ਵੀ ਕੀਤੀ ਹੈ।