ਨਵੀਂ ਦਿੱਲੀ – ਕੋਵਿਨ ਪਲੇਟਫਾਰਮ ‘ਚ ਇਕ ਨਵੀਂ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਦੇ ਜ਼ਰੀਏ ਇਹ ਪਤਾ ਲੱਗ ਸਕੇਗਾ ਕਿ ਕਿਸੇ ਨੇ ਕੋਰੋਨਾ ਰੋਕੂ ਵੈਕਸੀਨ ਲਗਵਾਈ ਹੈ ਜਾਂ ਨਹੀਂ। ਇਹ ਸਹੂਲਤ ‘ਨੋ ਯੂਅਰ ਵੈਕਸੀਨੇਸ਼ਨ ਸਟੇਟਸ’ ਯਾਨੀ ਕੇਵਾਈਸੀ-ਵੀਐੱਸ ਦੇ ਨਾਂ ਨਾਲ ਸ਼ੁਰੂ ਕੀਤੀ ਗਈ ਹੈ।
ਕੇਂਦਰੀ ਸਿਹਤ ਮੰਤਰੀ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਬਿਆਨ ‘ਚ ਕਿਹਾ ਗਿਆ ਹੈ ਕਿ ਕੋਵਿਨ ਪਲੇਟਫਾਰਮ ‘ਤੇ ਪਹਿਲਾਂ ਤੋਂ ਹੀ ਹਰ ਵਿਅਕਤੀ ਨੂੰ ਕੋਰੋਨਾ ਟੀਕਾਕਰਨ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਇਸ ਸਰਟੀਫਿਕੇਟ ਨੂੰ ਸਾਫਟ ਕਾਪੀ ਦੇ ਰੂਪ ‘ਚ ਡਿਜੀਟਲ ਯੰਤਰਾਂ (ਮੋਬਾਈਲ, ਟੈਬਲਟ, ਲੈਪਟਾਪ ਆਦਿ) ਅਤੇ ਡਿਜੀ ਲਾਕਰ ‘ਚ ਸਾਂਭ ਕੇ ਰੱਖਿਆ ਜਾ ਸਕਦਾ ਹੈ, ਜਿੱਥੋਂ ਲੋੜ ਪੈਣ ‘ਤੇ ਇਸ ਨੂੰ ਸਾਂਝਾ ਵੀ ਕੀਤਾ ਜਾ ਸਕਦਾ ਹੈ।
ਬਿਆਨ ‘ਚ ਕਿਹਾ ਗਿਆ ਹੈ ਕਿ ਮਾਲ, ਦਫਤਰਾਂ ਕੰਪਲੈਕਸਾਂ ਤੇ ਜਨਤਕ ਪ੍ਰਰੋਗਰਾਮ ਜਿੱਥੇ ਵੀ ਜ਼ਰੂਰਤ ਹੋਵੇ ਉੱਥੇ ਐਂਟੀ ਪੁਆਇੰਟ ‘ਤੇ ਇਸ ਨੂੰ ਡਿਜ਼ੀਟਲ ਜਾਂ ਫਿਜ਼ੀਕਲ ਫਾਰਮ ‘ਚ ਦਿਖਾਇਆ ਜਾ ਸਕਦਾ ਹੈ।
ਮੰਤਰਾਲੇ ਨੇ ਕਿਹਾ ਕਿ ਕੁਝ ਮਾਮਲਿਆਂ ‘ਚ ਟੀਕਾਕਰਨ ਸਰਟੀਫਿਕੇਟ ਨੂੰ ਦਿਖਾਉਣ ਦੀ ਜ਼ਰੂਰਤ ਨਹੀਂ ਹੋ ਸਕਦੀ ਤੇ ਸਿਰਫ ਇਹ ਜਾਣਕਾਰੀ ਮੰਗੀ ਜਾ ਸਕਦੀ ਹੈ ਕਿ ਸਬੰਧਤ ਵਿਅਕਤੀ ਨੇ ਟੀਕਾ ਲਗਵਾਇਆ ਹੈ ਜਾਂ ਨਹੀਂ। ਇਸ ਤੋਂ ਇਲਾਵਾ ਕੰਪਨੀਆਂ ‘ਚ ਕੰਮ ਕਰਨ ਵਾਲੇ, ਰੇਲ ਯਾਤਰੀਆਂ ਜਾਂ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰਵਾਉਂਦੇ ਸਮੇਂ ਟੀਕਾਕਰਨ ਦੀ ਸਥਿਤੀ ਬਾਰੇ ਜਾਣਕਾਰੀ ਮੰਗੇ ਜਾਣ ‘ਤੇ ਇਸ ਸਹੂਲਤ ਦਾ ਲਾਭ ਮਿਲੇਗਾ।
ਕਿਵੇਂ ਕਰੀਏ ਵਰਤੋਂ : ਇਸ ਏਪੀਆਈ ਦੀ ਵਰਤੋਂ ਕਰਨ ਲਈ ਵਿਅਕਤੀ ਨੂੰ ਇਸ ‘ਤੇ ਆਪਣਾ ਮੋਬਾਈਲ ਨੰਬਰ ਅਪਲੋਡ ਕਰਨਾ ਪਵੇਗਾ। ਇਸ ਤੋਂ ਬਾਅਦ ਇਕ ਓਟੀਪੀ ਆਵੇਗਾ। ਓਟੀਪੀ ਪਾਉਣ ਤੋਂ ਬਾਅਦ ਕੋਵਿਨ ਤੋਂ ਮੈਸੇਜ ਆਵੇਗਾ ਕਿ ਉਕਤ ਵਿਅਕਤੀ ਨੇ ਟੀਕਾ ਲਗਵਾਇਆ ਹੈ ਜਾਂ ਨਹੀਂ। ਤਿੰਨ ਤਰ੍ਹਾਂ ਦੇ ਮੈਸੇਜ ਆਉਣਗੇ :-
1. ਵਿਅਕਤੀ ਦਾ ਟੀਕਾਕਰਨ ਨਹੀਂ ਹੋਇਆ
2. ਵਿਅਕਤੀ ਦਾ ਆਂਸ਼ਿਕ ਟੀਕਾਕਰਨ ਹੋਇਆ ਹੈ
3. ਵਿਅਕਤੀ ਦਾ ਪੂਰਨ ਟੀਕਾਕਰਨ ਹੋਇਆ ਹੈ।
ਇਹ ਮੈਸੇਜ ਪੂਰੀ ਤਰ੍ਹਾਂ ਮੰਨਣਯੋਗ ਹੋਵੇਗਾ ਤੇ ਇਸੇ ਨੂੰ ਜਿੱਥੇ ਵੀ ਜ਼ਰੂਰੀ ਹੋਵੇ ਉੱਥੇ ਦਿਖਾ ਸਕਦਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਜਾਣਕਾਰੀ ਸਬੰਧਤ ਦੀ ਮਨਜ਼ੂਰੀ ਨਾਲ ਹੀ ਸਾਂਝੀ ਕੀਤੀ ਜਾਵੇਗੀ ਤੇ ਇਸ ‘ਚ ਵਿਅਕਤੀ ਦੀ ਨਿੱਜਤਾ ਦਾ ਪੂਰਾ ਖ਼ਿਆਲ ਰੱਖਿਆ ਗਿਆ ਹੈ।