ਕੋਲਕਾਤਾ – ਬੰਗਾਲ ’ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਿੰਸਾ ਦੇ ਮਾਮਲੇ ’ਚ ਸੀਬੀਆਈ ਨੇ ਕੂਚਬਿਹਾਰ ਜ਼ਿਲ੍ਹੇ ਦੇ ਤੂਫ਼ਾਨਗੰਜ ’ਚ ਤ੍ਰਿਣਮੂਲ ਵਰਕਰ ਸ਼ਾਹੀਨੂਰ ਰਹਿਮਾਨ ਦੀ ਹੱਤਿਆ ਦੇ ਮਾਮਲੇ ਵਿਚ ਸ਼ਨਿਚਰਵਾਰ ਨੂੰ ਹੋਰ ਚਾਰ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਲੋਕਾਂ ਦੇ ਭਾਜਪਾ ਨਾਲ ਸਬੰਧ ਹੋਣ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਸਾਰਿਆਂ ਨੂੰ ਤੂਫ਼ਾਨਗੰਜ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਜੱਜ ਨੇ ਉਨ੍ਹਾਂ ਨੂੰ 14 ਦਿਨਾਂ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ।
ਚੋਣਾਂ ਤੋਂ ਪਹਿਲਾਂ ਹੀ ਸੂਬੇ ’ਚ ਹਿੰਸਾ ਸ਼ੁਰੂ ਹੋ ਗਈ ਸੀ। ਚੋਣ ਨਤੀਜਿਆਂ ਤੋਂ ਬਾਅਦ 4 ਮਈ ਨੂੰ ਤੂਫ਼ਾਨਗੰਜ ਦੇ ਕਿਲ੍ਹਾਖਾਨਾ ਇਲਾਕੇ ਵਿਚ ਖੇਤ ਤੋਂ ਸ਼ਾਹੀਨੂਰ ਰਹਿਮਾਨ ਨਾਂ ਦੇ ਇਕ ਤ੍ਰਿਣਮੂਲ ਵਰਕਰ ਦੀ ਲਾਸ਼ ਬਰਾਮਦ ਹੋਈ ਸੀ। ਉਸ ਮਾਮਲੇ ਵਿਚ ਤ੍ਰਿਣਮੂਲ ਨੇ ਦੋਸ਼ ਲਾਇਆ ਸੀ ਕਿ ਭਾਜਪਾ ਸਮਰਥਕ ਬਦਮਾਸ਼ਾਂ ਨੇ ਹੱਤਿਆ ਨੂੰ ਅੰਜਾਮ ਦਿੱਤਾ ਹੈ। ਸੀਬੀਆਈ ਦੀ ਟੀਮ ਕੁਝ ਦਿਨ ਪਹਿਲਾਂ ਹਾਈ ਕੋਰਟ ਦੇ ਆਦੇਸ਼ ’ਤੇ ਚੋਣਾਂ ਤੋਂ ਬਾਅਦ ਹਿੰਸਾ ਮਾਮਲੇ ਦੀ ਜਾਂਚ ਲਈ ਤੂਫ਼ਾਨਗੰਜ ਪੁੱਜੀ ਸੀ, ਸਥਾਨਕ ਲੋਕਾਂ ਤੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਸੀ। ਘਟਨਾ ਦੇ ਹਰੇਕ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਸੀ। ਇਸ ਤੋਂ ਬਾਅਦ ਸੀਬੀਆਈ ਨੇ ਘਟਨਾ ’ਚ ਸ਼ਾਮਲ ਹੋਣ ਦੇ ਸ਼ੱਕ ਵਿਚ ਸ਼ਨਿਚਰਵਾਰ ਨੂੰ ਚਾਰ ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ। ਭਾਜਪਾ ਨੇਤਾ ਚਿਰੰਜੀਤ ਦਾਸ ਨੇ ਕਿਹਾ ਕਿ ਸੀਬੀਆਈ ਇਸ ਘਟਨਾ ਦੀ ਨਿਰਪੱਖ ਜਾਂਚ ਕਰ ਰਹੀ ਹੈ। ਅਸਲੀ ਗੁਨਾਹਗਾਰ ਆਉਣ ਵਾਲੇ ਦਿਨਾਂ ਵਿਚ ਫੜੇ ਜਾਣਗੇ। ਘਟਨਾ ਦੀ ਅਸਲੀਅਤ ਸਾਹਮਣੇ ਆਵੇਗੀ। ਭਾਜਪਾ ਸਮਰਥਕਾਂ ਨੂੰ ਫਸਾਇਆ ਗਿਆ ਹੈ। ਦੱਸਣਯੋਗ ਹੈ ਕਿ ਚੋਣਾਂ ਤੋਂ ਬਾਅਦ ਹਿੰਸਾ ਵਿਚ ਹੁਣ ਤਕ 9 ਲੋਕਾਂ ਦੀ ਗਿ੍ਰਫ਼ਤਾਰੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਭਾਜਪਾ ਵਰਕਰ ਤੇ ਨੇਤਾਵਾਂ ਦੀ ਹੱਤਿਆ ’ਚ ਨਦੀਆ, ਉੱਤਰ 24 ਪਰਗਨਾ ਅਤੇ ਹਾਵੜਾ ਜ਼ਿਲ੍ਹੇ ਤੋਂ ਪੰਜ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।